ਆਓ ਚੋਰੋ

 

ਆਓ ਚੋਰੋ

ਮੇਰੇ ਘਰ ਨੂੰ ਭੰਨੋਂ

ਸੱਬਲਾਂ ਨਾਲ ਸੰਨ੍ਹ ਲਾਓ

ਰਾਤ ਬਰਾਤੇ ਆਉਣ ਦੀ ਲੋੜ ਨਹੀਂ ਹੈ

ਮੈ ਹਰ ਵੇਲੇ ਸੁੱਤਾ ਹੁੰਦਾਂ

ਲੁੱਟ ਲਵੋ ਘਰ ਮੇਰਾ

ਕਰੋ ਮਲੰਗ ਮੈਨੂੰ ਵੀ

ਘਰ ਨੇ ਮੈਨੂੰ ਲੂਲਾ ਲੰਗੜਾ ਕੀਤਾ

ਨ੍ਹੇਰੇ ਦੇ ਵਿਚ ਨ੍ਹੇਰਾ

ਅੱਖਾਂ ਚਾਨਣ ਨਹੀ ਜਰਦੀਆਂ

ਕੰਧਾਂ ਪੱਕੀਆਂ ਲੋਹੇ ਵਰਗੀਆਂ

ਨਾ ਚਾਨਣ ਨਾ ਹਵਾ ਦਾ ਬੁੱਲਾ ਲੰਘਦਾ

ਹਰ ਜਨਮ ਵਿਚ ਕੰਧਾਂ ਹੋਰ ਪੱਕੀਆਂ ਹੋਵਣ

 

ਮੈਨੂੰ ਤੁਹਾਡੀ ਪੈੜਚਾਲ ਸੁਣਦੀ ਹੈ

ਇਕ ਦੂਜੇ ਨਾਲ ਕੰਨਾਂ ਦੇ ਵਿਚ ਕਰੋ ਸਲਾਹਾਂ

ਕਿਹੜੀ ਕੰਧ ਚੋਂ ਪਾੜ ਲਾਵਣਾ ਸੌਖਾ

ਫਿਕਰ ਕਰੋ ਨਾ

ਪਹਿਲੀ ਸੱਬਲ ਗੁਰੂ ਨੂੰ

ਚੇਤੇ ਕਰ ਕੇ ਮਾਰੋ

ਮੈਂ ਤਾਂ ਘੂਕ ਸੁੱਤਾ ਪਿਆ ਹਾਂ

ਚੋਰ ਚੋਰਦਾ ਰੌਲਾ ਕਿਸੇ ਨਹੀਂ ਪਾਉਣਾ

 

 

ਆਓ ਚੋਰੋ” 'ਤੇ 4 ਵਿਚਾਰ

  1. ਜਨਮਾਂ ਜਨਮਾਂਤਰਾਂ ਤੋਂ ਪੱਕੀਆਂ ਕੰਧਾਂ ਵਾਲ਼ੇ ਹਨੇਰੇ ਘਰ ਦੀ ਹੁਮਸ ਵਿਚ ਆਈ ਅਟੁੱਟ ਨੀਂਦ ਤੋਂ ਕਿਸੇ ਹੀਲੇ ਵੀ ਛੁਟਕਾਰਾ ਮਿਲੇ ਵਾਲ਼ੀ ਗੱਲ ਤਾਂ ਸਮਝ ਆਉਂਦੀ ਹੈ ਪਰ ਇਹ ਕਾਰਜ ਚੋਰਾਂ ਹੱਥੋਂ ਗੁਰੂ ਦਾ ਨਾਂ ਲੈਕੇ ਕਰਵਾਉਣਾ ਥੋੜਾ ਓਪਰਾ ਲਗਦਾ ਹੈ। ਕੀ ਜੋ ਕੁਝ ਵੀ ਬਚਿਆ ਹੈ ਉਹ ਵੀ ਗੁਆ ਦੇਣਾ ਚਾਹੁੰਦੇ ਹੋ ਜਾਂ ਹੋਰ ਕੋਈ ਹੀਲਾ ਵੀ ਹੈ?

Leave a reply to Sathi ਜਵਾਬ ਰੱਦ ਕਰੋ