punjabi

ਅਜ ਆਖਾਂ ਵਾਰਸ ਸ਼ਾਹ ਨੂੰ

ਅਜ ਆਖਾਂ ਵਾਰਿਸ ਸ਼ਾਹ ਨੂੰ’ ਕਵਿਤਾ ਅੰਮ੍ਰਿਤਾ ਪ੍ਰੀਤਮ ਨੇ ਸੱਠ ਵਰ੍ਹੇ ਪਹਿਲਾਂ ਲਿਖੀ ਸੀ। ਅਜੇ ਤਕ ਸਾਂਝੇ ਪੰਜਾਬ ਦੇ ਅਨੇਕ ਲੋਕਾਂ ਨੂੰ ਇਹ ਚੇਤੇ ਹੈ। ਕਿਸੇ ਨੂੰ ਥੋਹੜੀ, ਕਿਸੇ ਨੂੰ ਬਹੁਤੀ; ਕਿਸੇ ਨੂੰ ਸਾਰੀ ਵੀ ਹੋਊ। ਇਹ ਪੰਜਾਬ ਦੀ ਸਿਮਰਤੀ ਦਾ ਅੰਗ ਬਣ ਗਈ ਹੈ। ਕਿਸੇ ਵਿਰਲੀ ਕਵਿਤਾ ਨੂੰ ਹੀ ਇਹੋ-ਜਿਹਾ ਨਸੀਬ ਮਿਲ਼ਦਾ ਹੈ।

ਸਾਨੂੰ ਪੂਰਾ ਪਤਾ ਨਹੀ ਕੋਈ ਸੰਸਕ੍ਰਿਤੀ ਕੀ ਯਾਦ ਰਖਦੀ ਹੈ ਤੇ ਕੀ ਭੁੱਲਦੀ ਹੈ। ਲਗਦਾ ਹੈ ਇਹ ਯਾਦ ਰੱਖਣ ਵਾਲੀ ਚੀਜ਼ ਹੀ ਯਾਦ ਰਖਦੀ ਹੈ। ਪੰਜਾਬ ਹਾਅ ਦਾ ਨਾਅਰਾ ਮਾਰਨ ਵਾਲ਼ੇ ਨੂੰ ਨਹੀਂ ਭੁੱਲਦਾ। ਸੰਤਾਲੀ ਦੇ ਪਾਗਲਪੁਣੇ ਦੇ ਦੌਰ ਵਿਚ ਵੀ ਲੋਕਾਂ ਨੇ ਮਲੇਰ ਕੋਟਲੇ ਦੇ ਨਵਾਬ ਨੂੰ ਯਾਦ ਰੱਖਿਆ ਸੀ। ਉਹਨੇ ਢਾਈ ਸੌ ਸਾਲ ਪਹਿਲਾਂ ਸਰਹੰਦ ਦੀ ਦੀਵਾਰ ਵਿਚ ਚਿਣੇ ਜਾ ਰਹੇ ਬੱਚਿਆਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ ਸੀ।

ਅੰਮ੍ਰਿਤਾ ਦੀ ਇਹ ਕਵਿਤਾ ਵੀ ਹਾਅ ਦਾ ਨਾਅਰਾ ਹੈ। ਪੰਜਾਬ ਦੀਆਂ ਰੋਂਦੀਆਂ ਧੀਆਂ ਦੇ ਹੱਕ ਵਿਚ। ਅੰਮ੍ਰਿਤਾ ਉਦੋਂ ਬੋਲੀ ਸੀ, ਜਦੋਂ ਉਸਦੇ ਸਮਕਾਲੀ ਗੁੰਗੇ ਹੋ ਗਏ ਸਨ। ਬਸ ਬੋਲਣ ਵਿਚ ਹੀ ਉਹਦੀ ਵਡਿਆਈ ਸੀ। ਕੇਹੋ ਜਿਹਾ ਬੋਲੀ ਸੀ ਇਸ ਵਿਚ ਨਹੀਂ। ਗੁੰਗਪੁਣੇ ਨੂੰ ਤੋੜਨ ਲਈ ਊਲਜਲੂਲ ਵੀ ਉਪਨਿਸ਼ਦ ਹੁੰਦਾ ਹੈ। ਇਸ ਕਵਿਤਾ ਦਾ ਏਹੀ ਮੁੱਲ ਹੈ। ਇਹਨੇ ਜੀਭ-ਸੂਤਵੇਂ ਸਦਮੇ ਵਿਚ ਵੀ ਪੰਜਾਬੀ ਕਵਿਤਾ ਨੂੰ ਗੁੰਗੀ ਨਹੀਂ ਹੋਣ ਦਿੱਤਾ ਸੀ।

ਪੰਜਾਬੀ ਕਵਿਤਾ ਸਗੋਂ ਹੁਣ ਗੁੰਗੀ ਹੋ ਰਹੀ ਹੈ। ਇਹ ਆਪਣੇ ਵੇਲ਼ੇ  ਦੀ ਗਵਾਹੀ ਦੇਣੋਂ ਹਟ ਗਈ ਹੈ। ਇਹ ਕੰਮ ਇਤਿਹਾਸ ਲਈ ਛਡ ਦਿੱਤਾ ਗਿਆ ਹੈ। ਕੋਈ ਵੇਲ਼ਾ ਸੀ ਰਾਮਾਇਣ ਅਤੇ ਮਹਾਭਾਰਤ ਵਾਂਙ ਕਵਿਤਾ ਸੰਸਕ੍ਰਿਤੀ ਨੂੰ ਸਿਰਜਣ ਦਾ ਤੇ ਤੋਰਨ ਦਾ ਕੰਮ ਕਰਦੀ ਸੀ। ਹੁਣ ਨਹੀਂ। ਹੁਣ ਇਹਦੀ ਚਿੰਤਾ ਸਾਂਸਕ੍ਰਿਤਕ ਨਹੀਂ ਰਹੀ। ਸੰਵੇਦਨਾ ਦੀ ਥਾਂ ਸ਼ਿਲਪ ਨੇ ਲੈ ਲਈ ਹੈ। ਮੌਨ, ਨਿਸ਼ਬਦ, ਸਮਾਧੀ ਵਰਗੀ ਗੱਲ ਕਰਨ ਦਾ ਫ਼ੈਸ਼ਨ ਤੁਰ ਪਿਆ ਹੈ। ਸ਼ਾਇਦ ਸਾਡੀ ਸੰਸਕ੍ਰਿਤੀ ਏਸੇ ਕਰਕੇ ਹਿੰਸਕ ਅਤੇ ਆਤਮਘਾਤੀ ਹੋ ਰਹੀ ਹੈ। ਸਰਸਵਤੀ ਸੁਕਦੀ ਹੈ, ਤਾਂ ਧਰਤੀ ਬੰਜਰ ਹੋ ਜਾਂਦੀ ਹੈ।

ਕਵਿਤਾ ਦੀ ਸਾਂਸਕ੍ਰਿਤਕ ਭੂਮਿਕਾ ਨੂੰ ਮੁੜ ਵਿਚਾਰਨ ਦੀ ਲੋੜ ਹੈ। ਇਹ ਲੋੜ ਸੰਸਕ੍ਰਿਤੀ ਦੇ ਹਰ ਸੰਕਟ ਵੇਲ਼ੇ ਤਿੱਖੀ ਹੋ ਜਾਦੀ ਹੈ। ਜਦੋਂ ਤਕ ਧਰਤੀ ਤੇ ਸੁੱਖ-ਸਾਂਦ ਰਹਿੰਦੀ ਹੈ ਵਿਸ਼ਣੂੰ ਸੁੱਤਾ ਰਹਿੰਦਾ ਹੈ।

ਪਾਪਾਂ ਦਾ ਭਾਰ ਵਧਣ ਤੇ ਧਰਤੀ ਵਿਸ਼ਣੂੰ ਨੂੰ ਧਿਆਉਂਦੀ ਹੈ। ਸੰਤਾਲੀ ਦੀ ਬਿਪਤਾ ਵੇਲੇ ਅੰਮ੍ਰਿਤਾ ਵਾਰਿਸ ਨੂੰ। ਵਾਰਿਸ ਬਰ੍ਹਮਾ ਦਾ ਵਧੇਰੇ ਸਕਾ ਹੈ। ਦੋਵੇਂ ਸਿਰਜਕ ਹਨ, ਦੋਹਾਂ ਦੀ ਸਿਰਜਣਾ ਉਨ੍ਹਾਂ ਤੋਂ ਸੁਤੰਤਰ ਹੈ ਤੇ ਦੋਹਾਂ ਦਾ ਸਿਰਜਣਾ ਤੋਂ ਬਾਹਰ ਕੋਈ ਮੁੱਲ ਨਹੀਂ।

ਸਿਰਜਣਾ ਤੋਂ ਬਾਹਰ ਮੁੱਲ ਵਿਸ਼ਣੂੰ ਦਾ ਹੈ। ਉਹ ਵਿਸ਼ਵ ਦਾ ਪਾਲਕ ਅਤੇ ਦੁੱਖ ਹਰਤਾ ਹੈ। ਵਿਸ਼ਵ ਤੇ ਵਿਸ਼ਣੂੰ ਸ਼ਬਦਾਂ ਦੀ ਇੱਕੋ ਅੰਗਲ਼ੀ-ਸੰਗਲ਼ੀ ਹੈ। ਲੱਖਾਂ ਧੀਆਂ ਦਾ ਰੋਣਾ ਉਹੀ ਸੁਣਦਾ ਹੈ। ਉਹ ‘ਮਹਾਂ ਹਿਰਦਾ’ ਹੈ, ਜਿਸ ਵਿਚ ਸਰਵ ਹੋਂਦ ਧੜਕਦੀ ਹੈ। ਏਸੇ ਧੜਕਣ ਦੀ ਆਦਿ ਕਵੀ (ਬ੍ਰਹਮਾ) ਕਵਿਤਾ (ਸਿਸ਼ਟੀ) ਸਾਜਦਾ ਹੈ। ਸੰਸਕ੍ਰਿਤੀ ਨੂੰ ਜਿਉਂਦਾ ਰੱਖਣ ਵਾਲ਼ੀ ਕਵਿਤਾ ਵਿਚ ਇਹੀ ਧੜਕਣ ਹੁੰਦੀ ਹੈ। ਏਸੇ ਸਦਕਾ ਰਾਮਾਇਣ, ਮਹਾਭਾਰਤ, ਧਮਪਦ ਤੇ ਆਦਿ ਗੰ੍ਰਥ ਦੀ ਬਾਣੀ ਜਿਉਂਦੀ ਹੈ ਤੇ ਸੰਸਕ੍ਰਿਤੀ ਨੂੰ ਜਿਉਂਦਾ ਰੱਖਦੀ ਹੈ।

ਜਿਉਣ ਜੋਗੀ ਕਵਿਤਾ ਦਾ ਕਵੀ ਸੰਵੇਦਨਾ ਗ੍ਰਹਣ ਕਰਨ ਵੇਲ਼ੇ ਵਿਸ਼ਣੂੰ ਤੇ ਸਿਰਜਣਾ ਵੇਲੇ ਬ੍ਰਹਮਾ ਹੁੰਦਾ ਹੈ। ਮਹਾ ਹਿਰਦੇ ਵਿੱਚੋਂ ਨਿਕਲ਼ੀ ਕਵਿਤਾ ਸਾਮਾਜਿਕ ਜਾਂ ਅਣਸਾਮਾਜਿਕ, ਅਗ੍ਰਗਾਮੀ ਜਾਂ ਪ੍ਰਤਿਗਾਮੀ, ਆਧੁਨਿਕ ਜਾ ਉਤਰ-ਆਧੁਨਿਕ ਨਹੀਂ ਹੁੰਦੀ। ਉਹ ਕੇਵਲ ਕਵਿਤਾ ਹੁੰਦੀ ਹੈ। ਹੋਣ-ਥੀਣ ਦੀ ਕਵਿਤਾ। ਉਹ ਕਿਤਾਬਿ-ਇਸ਼ਕ ਦੇ ਅਗਲੇ ਵਰਕੇ ਤੋਂ ਸ਼ੁਰੂ ਨਹੀਂ ਹੁੰਦੀ; ਪ੍ਰਥਮ ਅੱਖਰ – ਓਨਮ ਅੱਖਰ – ਤੋਂ ਸ਼ੁਰੁ ਹੁੰਦੀ ਹੈ ਤੇ ਹਰ ਅੱਖਰ ਵਿਚ ਹੁੰਦੀ ਹੈ।

ਅੰਮ੍ਰਿਤਾ ਨੇ ‘ਅੱਜ ਆਖਾਂ ਵਾਰਿਸ ਸ਼ਾਹ ਨੂੰ’ 1948 ਵਿਚ ਰੇਲ ਗੱਡੀ ਵਿਚ ਸਫ਼ਰ ਕਰਦਿਆਂ ਲਿਖੀ ਸੀ। ਉਦੋਂ ਇਹ 28 ਵਰ੍ਹੇ ਦੀ ਸੀ, ਕੁੱਖ ਵਿਚ ਬੱਚਾ ਸੀ ਤੇ ਸ਼ਾਇਦ ਦੇਹਰਾਦੂਨ ਤੋਂ ਦਿੱਲੀ ਨੂੰ ਜਾ ਰਹੀ ਸੀ। ਕਵਿਤਾ ਰੱਦੀ ਕਾਗ਼ਜ਼ ਦੀ ਪਰਚੀ ‘ਤੇ ਲਿਖੀ ਸੀ। ਇਹ ਗੱਲਾਂ ਉਹਦੀ ਕਵਿਤਾ ਵਿਚ ਨਹੀਂ ਆਈਆਂ। ਨਿਗੂਣੀਆਂ ਲਗਦੀਆਂ ਹੋਣਗੀਆਂ। ਵੇਖਣਾ ਹੁੰਦਾ, ਤਾਂ ਦੇਹਰਾਦੂਨੋਂ ਦਿੱਲੀ ਜਾਣ ਵਾਲ਼ੀ ਗੱਡੀ ਸੰਤਾਲ਼ੀ ਦੀ ਉਹੀ ਗੱਡੀ ਦਿਸਣੀ ਸੀ, ਜਿਸ ਵਿਚ ਚੜ੍ਹਨ ਵਾਲੀ ਸਵਾਰੀ ਉਤਰਨ ਵੇਲੇ ਲੋਥ ਬਣ ਜਾਂਦੀ ਸੀ। ਇਹ ਦ੍ਰਿਸ਼ ਸੰਤਾਲ਼ੀ ਦੀ ਸਿਮਰਤੀ ਵਿਚ ਸੇਲੇ ਵਾਂਙ ਖੁੱਭਿਆ ਹੋਇਆ ਹੈ; ਪਰ ਸੰਤਾਲ਼ੀ ਦੀ ਤ੍ਰਾਸਦੀ ਦਾ ਰੂਪਕ ਨਹੀਂ ਬਣ ਸਕਿਆ। ਅੰਮ੍ਰਿਤਾ ਦੀ ਕਵਿਤਾ ਵਿਚ ਤਾਂ ਇਹ ਬਣਨਾ ਹੀ ਨਹੀਂ ਸੀ। ਉਹ ਕਬਰ ‘ਤੇ ਖੜ੍ਹੀ ਹੈ। ਪਰ ਬਾਕੀ ਪੰਜਾਬੀ ਕਵਿਤਾ ਨੇ ਵੀ ਇਹਨੂੰ ਨਹੀਂ ਵਰਤਿਆ। ਸਾਡੇ ਵੇਖਣ ਵਿਚ ਕਸਰ ਹੈ। ਅਸੀਂ ‘ਹੈ’ ਨੂੰ ‘ਹੋ ਰਹੇ’ ਵਿਚ ਹੀ ਵੇਖਦੇ ਹਾਂ। ਉਹ ਵੀ ਵਾਰਦਾਤ ਵਿਚ ਵਰਤਾਰੇ ਵਿਚ ਨਹੀਂ। ਘਟਨਾ ਤੋਂ ਘਟਨਾ ਤਕ ਛੜੱਪਾ ਮਾਰਦੇ ਹਾਂ। ਪਰ ਗੱਡੀ ਓਥੇ ਵੀ ਚਲਦੀ ਹੈ, ਜਿੱਥੇ ਟੇਸ਼ਣ ਨਹੀਂ ਹੁੰਦਾ। ਸਗੋਂ ਟੇਸ਼ਣ ‘ਤੇ ਤਾਂ ਖੜ੍ਹ ਜਾਂਦੀ ਹੈ। ਇਹਨੂੰ ਰੂਪਕ ਬਣਾਉਣਾ ਜੋਖੋਂ ਦਾ ਕੰਮ ਹੈ।

ਘਟਨਾ ਰਾਹੀਂ ਬਹੁਤ ਘੱਟ ਦਿਸਦਾ ਹੈ। ਬਸ ਓਨਾ ਕੁ ਜਿੰਨਾ ਘਟਦਾ ਹੈ। ਤੇ ਅਣਘਟ ਦੇ ਮੁਕਾਬਲੇ ਵਿਚ ਘਟਦਾ ਬਹੁਤ ਘੱਟ ਹੈ। ਕਵਿਤਾ ਦਾ ਪਹਿਲਾ ਕੰਮ ਘਟਨਾ ਰਾਹੀਂ ਅਣਘਟ ਨੂੰ ਪ੍ਰਕਾਸ਼ਣਾ ਹੈ।

‘ਅੱਜ ਆਖਾਂ ਵਾਰਿਸ ਸ਼ਾਹ ਨੂੰ’ ਇਹ ਕੰਮ ਨਹੀਂ ਕਰਦੀ। ਇਹ ਸੰਤਾਲੀ ਦੇ ਅਣਘਟ ਤਕ ਨਹੀਂ ਪਹੁੰਚਦੀ। ਮੁੱਖ ਕਾਰਣ ਹੈ ਕਿ ਇਹਦੇ ਵਿਚ ਸੰਤਾਲ਼ੀ ਵੀ ਸੰਤਾਲ਼ੀ ਵੇਲੇ ਨਹੀਂ, ਵਾਰਿਸ ਦੇ ਪੰਜਾਬ ਵਿਚ ਵਾਪਰਦਾ ਹੈ। ਲਾਸ਼ਾਂ ‘ਬੇਲੇ’ ਵਿਚ ਵਿਛੀਆਂ ਹੋਈਆਂ ਹਨ; ਲੁੱਡਣ ਸਣੇ ਸੇਜ ਦੇ ਬੇੜੀਆਂ ਰੋੜ੍ਹਦਾ ਹੈ; ਬਾਂਸ ਦੀ ਵੰਝਲੀ ਨਾਗ ਬਣ ਗਈ ਹੈ ਤੇ ਰਾਂਝੇ ਦੇ ਵੀਰ ਇਹਦੇ ਵਿਚ ਫੂਕ ਮਾਰਨਾ ਭੁੱਲ ਗਏ ਹਨ; ਪ੍ਰੀਤ ਦੀਆਂ ਸ਼ਾਹਜ਼ਾਦੀਆਂ ਮਜ਼ਾਰਾਂ ਵਿਚ ਰੋ ਰਹੀਆਂ ਹਨ। ਇਹ ਵੇਰਵੇ ਸੰਤਾਲੀ ਦੇ ਪੰਜਾਬ ਦੇ ਨਹੀਂ। ਉਸ ਪੰਜਾਬ ਦੇ ਹਨ ਜੋ ਬੀਤ ਗਿਆ ਹੈ, ਜਿਹਨੂੰ ਪੱਚੀ ਵਰ੍ਹੇ ਪਹਿਲਾਂ ਪੂਰਨ ਸਿੰਘ ਨੇ ਵਾਜਾਂ ਮਾਰੀਆਂ ਸਨ। ਕਵਿਤਾ ਵਿਚ ਥਾਂ-ਥਾਂ ‘ਅੱਜ’ ਸ਼ਬਦ ਵਰਤਿਆ ਗਿਆ ਹੈ। ਪਰ ‘ਅੱਜ ਲੱਖਾਂ ਧੀਆਂ ਰੋਂਦੀਆਂ’ ਪੰਕਤੀ ਵਾਲਾ ਅੱਜ ਹੀ ਅੱਜ ਦਾ ਹੈ। ਬਾਕੀ ਸਾਰੇ ਅੱਜ ਦੋ ਢਾਈ ਸੌ ਸਾਲ ਪੁਰਾਣੇ ਹਨ।

ਮੈਨੂੰ ਲਗਦਾ ਹੈ ਇਹ ਕਵਿਤਾ ਪਹਿਲੀਆਂ ਚਾਰ ਕੁ ਪੰਕਤੀਆਂ ਕਰਕੇ ਹੀ ਪੰਜਾਬ ਦੀ ਸਿਮਰਤੀ ਵਿਚ ਟਿਕੀ ਹੋਈ ਹੈ। ਇਨ੍ਹਾਂ ਨੂੰ ਪੜ੍ਹਨ ਸਾਰ ਲੋਕੀਂ ਅਪਣੇ ਹੱਡਾਂ ਵਿਚਦੀ ਲੰਘੇ ਸੰਤਾਲ਼ੀ ਵਿਚ ਪਹੁੰਚ ਜਾਂਦੇ ਹਨ, ਜਿਹੜਾ ਕਵਿਤਾ ਵਿਚਲੇ ਰੋਮਾਂਚਿਕ ਵੇਰਵਿਆਂ ਨਾਲ਼ਂੋ ਕਿਤੇ ਵੱਧ ਭਿਅੰਕਰ ਹੈ। ਜੇ ਇਹ ਸਿਮਰਤੀ ਹੀ ਸੁਲਘਾਉਂਦੀ ਹੈ, ਤਾਂ ਇਹਦਾ ਆਪਣਾ ਕੋਈ ਅਰਥ ਜਾਂ ਮਹੱਤਵ ਨਹੀਂ, ਸੈਨਤ ਕਰਨ ਵਾਲੀ ਉਂਗਲ ਵਾਂਙ। ਇਹ ਕੰਮ ਤਾਂ ਫ਼ਿਲਮ ਅਤੇ ਫ਼ੋਟੋਗਰਾਫ਼ੀ ਇਹਤੋਂ ਚੰਗੇਰਾ ਕਰ ਸਕਦੀਆਂ ਹਨ। ਤੇ ਸ਼ਾਇਦ ਦਵਾਈਆਂ ਇਹਨਾਂ ਤੋ ਵੀ ਵੱਧ। ਕਵਿਤਾ ਦਾ ਸਿਮਰਤੀ ਨਾਲ ਸਿਰਜਣਾ ਦਾ ਸੰਬੰਧ ਹੈ। ਇਤਿਹਾਸ ਜਾਂ ਸਾਂਸਕ੍ਰਿਤਕ ਸਿਮਰਤੀ ਵਿਚ ਘਟੀ ਘਟਨਾ ਲੋਕ ਸਿਮਰਤੀ ਵਿਚ ਬਾਰ ਬਾਰ ਘਟਦੀ ਹੈ ਤੇ ਸਹੰਸਰ ਰੂਪਾਂ ਵਿਚ ਘਟਦੀ ਹੈ। ਕਵਿਤਾ ਇਨ੍ਹਾਂ ਟੁਕੜਿਆਂ ਨੂੰ ਸਾਂਝੀ ਸਿਮਰਤੀ ਵਿਚ ਜੋੜਦੀ ਰਹਿੰਦੀ ਹੈ। ਇਉਂ ਇਤਿਹਾਸ ਵਿਚ ਵਾਪਰੀ ਘਟਨਾ ਇਤਿਹਾਸ ਦੀ ਲਛਮਣ ਰੇਖਾ ਤੋਂ ਮੁਕਤ ਹੋ ਜਾਂਦੀ ਹੈ। ਕੁਰੂਖੇਤਰ ਵਿਚ ਘਟੀ ਘਟਨਾ ਕਈ ਸਦੀਆਂ ਤਕ ਘਟਦੀ-ਘਟਦੀ ਮਹਾਂਭਾਰਤ ਬਣੀ ਸੀ। ਮੂਲ ਰੂਪ ਵਿਚ ਇਹ ਘਟਨਾ ਸੰਤਾਲ਼ੀ ਦੀ ਘਟਨਾ ਤੋਂ ਕਿਤੇ ਛੋਟੀ ਹੋਵੇਗੀ। ਪਰ ਇਹਦੇ ਸਿਰਜਣਹਾਰਾਂ ਦੀ ਦ੍ਰਿਸ਼ਟੀ ਵੱਡੀ ਸੀ। ਉਹ ਲੋਕ ਸਿਮਰਤੀ ਤੇ ਵਧੇਰੇ ਟਿਕੀ ਹੋਈ ਸੀ ਅਤੇ ਮੂਲ ਘਟਨਾ ਤੇ ਘਟ। ਰਾਮਾਇਣ ਦੀਆਂ ਮਿਲ਼ਦੀਆਂ ਸੈਂਕੜੇ ਵੰਨਗੀਆਂ ਵੀ ਏਸੇ ਪਾਸੇ ਸੈਨਤ ਕਰਦੀਆਂ ਹਨ।

ਅੰਮ੍ਰਿਤਾ ਦੀ ਸਮੱਸਿਆ ਸੀ ਕਿ ‘ਅੱਜ ਆਖਾਂ ਵਾਰਿਸ ਸ਼ਾਹ ਨੂੰ’ ਲਿਖਣ ਵੇਲੇ ਉਹਦੇ ਸਾਹਵੇਂ ਸੰਤਾਲ਼ੀ ਦੀ ਘਟਨਾ ਦਾ ਕੋਈ ਸਾਹਿਤਕ ਮਾਡਲ ਨਹੀਂ ਸੀ। ਉਹ ਆਪ ਇਹਨੂੰ ਸਿਰਜਣ ਦੇ ਸਮਰੱਥ ਨਹੀਂ ਸੀ। ਸੰਤਾਲੀ ਦੀ ਘਟਨਾ ਵੀ ਪੰਜਾਬ ਦੇ ਇਤਿਹਾਸ ਦੀ ਕਿਸੇ ਹੋਰ ਘਟਨਾ ਵਰਗੀ ਨਹੀਂ ਸੀ। ਸਦੀਆਂ ਤੋਂ ਜੈਕਾਰੇ ਲਾਉਣ ਵਾਲਾ ਪੰਜਾਬ ਨਮੋਸ਼ੀ ਵਿਚ ਗ਼ਰਕ ਗਿਆ ਸੀ। ਸਾਡੇ ਕੋਲ਼ ਨਮੋਸ਼ੀ ਦਾ ਮੁਹਾਵਰਾ ਨਹੀਂ ਸੀ। ਹੁਣ ਵੀ ਨਹੀਂ ਹੈ। ਇਸ ਕਰਕੇ ਸਾਡੇ ਸਾਹਿਤ ਨੇ ਸੰਤਾਲੀ ਨੂੰ ਕਟਾਵੱਢੀ, ਬਲਾਤਕਾਰ, ਉਧਾਲੇ ਅਤੇ ਦੰਗੇ ਫ਼ਸਾਦਾਂ ਦੇ ਰੂਪ ਵਿਚ ਹੀ ਵੇਖਿਆ ਹੈ, ਨਮੋਸ਼ੀ ਦੀ ਚੁੱਪ ਵਿਚ ਨਹੀਂ। ਖ਼ਾਮੋਸ਼ ਪਾਣੀ ਵਰਗੀ ਫ਼ਿਲਮ ਦਾ ਅੰਤ ਵੀ ਆਤਮਘਾਤ ਤੇ ਦੰਗੇ-ਫ਼ਸਾਦਾਂ ਵਿਚ ਹੁੰਦਾ ਹੈ। ਇਸ ਚੁੱਪ ਨੂੰ ਪੰਜਾਬੀ ਦੇ ਲੋਕਗੀਤ ਵੀ ਜ਼ਬਾਨ ਨਹੀਂ ਦੇ ਸਕੇ। ਅੰਮ੍ਰਿਤਾ ਪ੍ਰੀਤਮ ਏਹੋ ਜਿਹਾ ਮੁਹਾਵਰਾ ਨਹੀਂ ਘੜ ਸਕਦੀ ਸੀ। ਅਜੇ ਤਕ ਪੰਜਾਬੀ ਸਾਹਿਤ ਵਿਚ ਨਹੀਂ ਘੜਿਆ ਜਾ ਸਕਿਆ।

ਅੰਮ੍ਰਿਤਾ ਪ੍ਰੀਤਮ ਵਾਰਿਸ ਦੇ ਮੁਹਾਵਰੇ ਨੂੰ ਅਪਣਾਉਂਦੀ ਹੈ। ਧਾਰਨਾ ਇਹ ਹੈ ਕਿ ਹੀਰ ਦਾ ਤੇ ਸੰਤਾਲ਼ੀ ਦੀਆਂ ਲੱਖਾਂ ਧੀਆਂ ਦਾ ਦੁੱਖ ਇੱਕੋ ਹੈ। ਇਹ ਧਾਰਨਾ ਸਹੀ ਨਹੀਂ ਹੈ। ਹਰ ਬੰਦੇ ਦਾ ਦੁੱਖ-ਸੁੱਖ ਅਪਣਾ ਹੁੰਦਾ ਹੈ। ਦੁੱਖ ਨੂੰ ਇਕ ਤੇ ਲੱਖ ਵਿਚ ਵੰਡਣਾ ਤੇ ਛੋਟਾ ਵੱਡਾ ਕਰਨਾ ਵੀ ਕੂੜੀ ਗੱਲ ਹੈ। ਅਜੇ ਤਕ ਦੁੱਖ ਦਾ ਕੋਈ ਅਲਜਬਰਾ ਤਿਆਰ ਨਹੀਂ ਕਰ ਸਕਿਆ। ਨਾਲ਼ੇ ਵਾਰਿਸ ਦੀ ਹੀਰ ਦਾ ਦੁੱਖ ਵੀ ਇਕ ਧੀ ਦਾ ਦੁੱਖ ਨਹੀਂ। ਉਸ ਵੇਲੇ ਦੀਆਂ ਓਸ ਪੰਜਾਬ ਦੀਆਂ ਸਾਰੀਆਂ ਧੀਆਂ ਦਾ ਦੁੱਖ ਹੈ। ਕਵਿਤਾ ਤੇ ਕਲਾ ਵਿਚ ਲੱਖ ਦਾ ਦੁੱਖ ਇਕ ਰਾਹੀਂ ਹੀ ਦੱਸਿਆ ਜਾਂਦਾ ਹੈ। ਲੱਖ ਤਾਂ ਸੰਖਿਆ ਹੁੰਦੀ ਹੈ। ਸੰਖਿਆ ਦਾ ਚਿਹਰਾ ਨਹੀਂ ਹੁੰਦਾ। ਸੰਖਿਆ ਦੁਖੀ ਨਹੀਂ ਹੁੰਦੀ। 1949। ਇਸ ਕਿਤਾਬ ਵਿਚ ਇਹ ਕਵਿਤਾ ਪਹਿਲੀ ਵਾਰ ਛਪੀ ਸੀ ਵਾਰਿਸ ਦਾ ਮੁਹਾਵਰਾ ਪਿਆਰ ਦੀ ਕਵਿਤਾ ਦਾ ਮੁਹਾਵਰਾ ਹੈ। ਪਰ ਸੰਤਾਲ਼ੀ ਦੀ ਤ੍ਰਾਸਦੀ ਟੁੱਟੇ ਪਿਆਰ ਦੀ ਤ੍ਰਾਸਦੀ ਨਹੀਂ। ਪਿਆਰ ਦੇ ਮੁਹਾਵਰੇ ਵਿਚ ਢਲ ਕੇ ਇਸਦਾ ਸੰਤਾਪ ਉਪਹਾਸ (farce) ਬਣ ਗਿਆ ਹੈ।

ਮਾੜੀ ਕਵਿਤਾ ਦੁੱਖ ਨੂੰ ਵਧੇਰੇ ਦੁੱਖਦਾਈ ਕਰਦੀ ਹੈ। ਜ਼ਖ਼ਮ ਨੂੰ ਉਚੇੜ ਕੇ ਲੂਣ ਛਿੜਕਦੀ ਹੈ। ਜਰਮਨ ਚਿੰਤਕ ਅਡੋਰਨੋ ਨੇ ਕਿਹਾ ਸੀ, ਆਸਵਿਤਸ (ਪੋਲੈਂਡ ਦੇ ਨਾਤਸੀ ਕੈਂਪ) ਪਿੱਛੋਂ ਕਵਿਤਾ ਲਿਖਣੀ ਵਹਿਸ਼ੀਪੁਣਾ ਹੈ। ਇਹ ਨਾਤਸੀ ਕੈਂਪਾਂ ਨੂੰ ਦੁਬਾਰਾ ਉਸਾਰਨ ਵਾਲ਼ੀ ਕਿਰਿਆ ਹੈ। ਭਾਵੇਂ ਪਿੱਛੋਂ ਉਹਨੇ ਇਹ ਟਿੱਪਣੀ ਸੋਧ ਦਿੱਤੀ ਸੀ ਤੇ ਦੁੱਖ ਨੂੰ ਨਿਪਟਣ ਵਿਚ ਕਵਿਤਾ ਦੀ ਭੂਮਿਕਾ ਸਵੀਕਾਰ ਕਰ ਲਈ ਸੀ, ਪਰ ਇਹਦਾ ਡੰਗ ਖੁੰਢਾ ਨਹੀਂ ਹੋਇਆ।

ਦੁੱਖ ਨੂੰ ਦੇਖਣਾ ਦੁਖੀ ਹੋਣਾ ਹੈ। ਕਈ ਵਾਰ ਦੁੱਖ, ਦੇਖਣ ਵਾਲ਼ੇ ਨੂੰ ਅੰਨ੍ਹਾ ਕਰ ਦਿੰਦਾ ਹੈ। ਅਰਜਨ ਵਰਗੇ ਸੂਰਬੀਰ ਨੇ ਵੀ ਭੈਅ ਵਿਚ ਅੱਖਾਂ ਮੀਚ ਲਈਆਂ ਸਨ। ਕਵੀ ਦਾ ਧਰਮ ਇਹਨੂੰ ਨੰਗੀ ਅੱਖ ਨਾਲ਼ ਵੇਖਣਾ ਹੈ। ਬਹੁਤੇ ਕਵੀ ਅੱਖਾਂ ਉਤੇ ਰੋਮਾਂਸ ਦੀ ਹਰੀ ਪੱਟੀ ਬੰਨ੍ਹ ਲੈਂਦੇ ਹਨ।

ਦੋ ਵਿਸ਼ਵ ਯੁੱਧਾਂ ਅਤੇ ਨਾਤਸੀ ਕੈਂਪਾਂ ਦੀ ਅੱਗ ਵਿਚੋਂ ਲੰਘ ਕੇ ਯੂਰਪੀ ਕਵਿਤਾ ਦੀ ਰਹਿੰਦੀ-ਖੂੰਹਦੀ ਹਰੀ ਪੱਟੀ ਸੜ ਗਈ ਸੀ। ਸੰਤਾਲ਼ੀ ਪਿੱਛੋਂ ਪੰਜਾਬੀ ਕਵਿਤਾ ਦੀ ਨਹੀਂ। ਮੈਨੂੰ ਲਗਦਾ ਹੈ, ਹਰੀ ਪੱਟੀ ਸਾਡੀਆਂ ਅੱਖਾਂ ਉੱਤੇ ਨਹੀਂ ਲੱਗੀ ਹੋਈ; ਪੁਤਲੀਆਂ ਵਿਚ ਵੜੀ ਹੋਈ ਹੈ। ਇਹ ਸਾਡੇ ਵੇਖਣ ਦਾ ਤਰੀਕਾ ਹੈ। ਇਉਂ ਵੇਖਿਆਂ ਅੱਗ ਨਾਲ਼ ਝੁਲਸੀ ਦੁਨੀਆ ਵੀ ਹਰੀ-ਹਰੀ ਦਿਸਦੀ ਹੈ। ਤੇ ਅੰਨ੍ਹੇ ਹੋਣ ਦਾ ਖ਼ਤਰਾ ਨਹੀਂ ਰਹਿੰਦਾ।

ਵਾਰਿਸ ਨੇ ਪਿਆਰ ਨੂੰ ਰੋਮਾਂਸ ਦੀ ਅੱਖ ਨਾਲ਼ ਨਹੀਂ ਵੇਖਿਆ। ਅਸੀਂ ਮਾਰਕਸਵਾਦ ਨੂੰ ਵੀ ਇਹਦੇ ਨਾਲ਼ ਵੇਖਦੇ ਰਹੇ ਹਾਂ। ਰੋਮਾਂਸਵਾਦ ਸਾਡਾ ਜੱਦੀ ਰੋਗ ਨਹੀਂ। ਇਹਦੀ ਲਾਗ ਕਿਤੇ ਭਾਈ ਵੀਰ ਸਿੰਘ ਪਿੱਛੋਂ ਹੀ ਲੱਗੀ ਜਾਪਦੀ ਹੈ।

 

ਸਾਹ ਲੈ ਮੌਤੇ ਕਾਹਲੀਏ

ਨੱਬੇ ਵਰ੍ਹੇ ਦੀ ਉਮਰ ਵਿਚ ਵੀ ਮਾਸੀ ਨਿਧ ਕੌਰ (ਮੇਰੀ ਪਤਨੀ ਸੁਰਿੰਦਰ ਦੀ ਮਾਂ) ਨੂੰ ਸਾਵੇ ਪੱਤਰ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਯਾਦ ਹਨ। ਪਿਛਲੇ ਹਫ਼ਤੇ ਇਹ ਬੈਠੀ-ਬੈਠੀ ਗੁਣਗੁਣਾਉਣ ਲਗ ਪਈ: ਸਾਹ ਲੈ ਮੌਤੇ ਕਾਹਲ਼ੀਏ ਮੈਂ ਅਜੇ ਨਾ ਵਿਹਲੀ ਤੇ ਰੁਕ-ਰੁਕ ਕੇ ਪੂਰੀ ਕਵਿਤਾ ਬੋਲ ਦਿੱਤੀ। ਅੰਤ ‘ਤੇ ਕਹਿੰਦੀ, “ਲੈ, ਹੁਣ ਮੈਂ ਵਿਹਲੀ ਆਂ।”

ਇਹੀ ਕਵਿਤਾ ਅਠਤਾਲ਼ੀ ਵਰ੍ਹੇ ਪਹਿਲਾਂ ਮੈਂ ਪਟਿਆਲ਼ੇ ਮਹਿੰਦਰਾ ਕਾਲਜ ਵਿਚ ਸੁਣੀ ਸੀ। ਸੁਣਾਉਣ ਵਾਲ਼ੀ ਪਹਿਲੇ ਸਾਲ ਦੀ ਵਿਦਿਆਰਥਣ ਸੀ, 17-18 ਵਰ੍ਹੇ ਦੀ। ਨਵੀਂ-ਨਵੀਂ ਪਿੰਡੋਂ ਆਈ ਸੀ। ਸੰਙਦੀ ਸੀ। ਕਿਸੇ ਓਪਰੇ ਨਾਲ਼ ਕਦੇ ਬੋਲੀ ਨਹੀਂ ਹੋਣੀ। ਪਿੰਡਾਂ ਦੇ ਲੋਕ ਓਪਰੇ ਨਾਲ਼ ਨਹੀਂ ਬੋਲਦੇ। ਜਦੋਂ ਬੋਲਦੇ ਹਨ, ਪਹਿਲੀਆਂ ਇਕ-ਦੋ ਗੱਲਾਂ ਵਿਚ ਹੀ ਕੋਈ ਸਕੀਰੀ ਕੱਢ ਲੈਂਦੇ ਹਨ ਤੇ ਉਹਨੂੰ ਅਪਣਾ ਬਣਾ ਲੈਂਦੇ ਹਨ।

ਏਥੇ ਉਸ ਦੇ ਸਾਹਮਣੇ ਸੈਂਕੜੇ ਓਪਰੇ ਬੈਠੇ ਸਨ ਤੇ ਸਾਰੇ ਉਸ ਵਲ ਝਾਕ ਰਹੇ ਸਨ। ਉਤੋਂ ਉਹਨੂੰ ਮਾਈਕ ਤੇ ਬੋਲਣਾ ਪੈਣਾ ਸੀ; ਉਹ ਵੀ ਸ਼ਾਇਦ ਪਹਿਲੀ ਵਾਰ। ਪੇਂਡੂ ਲੋਕ ਮਾਈਕ ‘ਤੇ ਬੋਲਣ ਵਾਲ਼ੇ ‘ਤੇ ਪੂਰਾ ਧਿਜਦੇ ਨਹੀਂ। ਅੱਖ ਵਿਚ ਅੱਖ ਪਾ ਕੇ ਕੀਤੀ ਗੱਲ ‘ਤੇ ਹੀ ਯਕੀਨ ਕਰਦੇ ਹਨ। ਚੀਜ਼ਾਂ ਦੀ ਮੁਨਾਦੀ, “ਕੰਪਨੀ ਦੀ ਮਸ਼ਹੂਰੀ” ਜਾਂ ਚੋਣਾਂ ਦਾ ਪ੍ਰਚਾਰ ਕਰਨ ਵਾਲ਼ੇ ਲਾਊਡਸਪੀਕਰ ਅਜੇ ਵੀ ਗ੍ਰਾਮੀਣ ਬੋਲ-ਬਾਣੀ ਦਾ ਅੰਗ ਨਹੀਂ ਬਣ ਸਕੇ। ਇਸ ਕਰਕੇ ਪੇਂਡੂ ਬੰਦਾ, ਜਦੋਂ ਮਾਈਕ ‘ਤੇ ਬੋਲਦਾ ਹੈ, ਖ਼ਾਸ ਕਰਕੇ ਪਹਿਲੀ ਵਾਰ, ਤਾਂ ਝੂਠਾ ਜਿਹਾ ਲਗਦਾ ਹੈ। ਮਾਈਕ ਸਾਹਵੇਂ ਖੜੀ੍ਹ ਕੁੜੀ ਅੰਦਰ ਇਹ ਉਥੱਲ-ਪੁਥੱਲ ਹੋ ਰਹੀ ਸੀ। ਆਵਾਜ਼ ਉਹਦੀ ਅਜੇ ਵੀ ਪਿੰਡ ਵਿਚ ਖੜ੍ਹੀ ਸੀ; ਮਾਈਕ ਤੋਂ ਕੋਹਾਂ ਦੂਰ। ਕਿਵੇਂ ਨਾ ਕਿਵੇਂ ਉਹਨੇ ਅਪਣੇ ਸੰਘ ਵਿਚ ਫਸੀ ਆਵਾਜ਼ ਬੁੱਲ੍ਹਾਂ ਤਕ ਧੂਹ ਲਿਆਂਦੀ ਤੇ ਕਵਿਤਾ ਬੋਲਣ ਲਗ ਪਈ।

ਉਹਨੇ ਦੋ ਪੰਕਤੀਆਂ ਹੀ ਬੋਲੀਆਂ ਸੀ ਕਿ ਕੁਝ ਮੁੰਡੇ ਉਹਦੇ ਨਾਲ਼ ਬੋਲਣ ਲੱਗ ਪਏ। ਤੇ ਜਦੋਂ ਉਹ ਸਾਹ ਲੈ ਮੌਤੇ ਕਾਹਲ਼ੀਏ ਮੈ ਅਜੇ ਨਾ ਵੇਹਲੀ ਵਾਲ਼ੀ ਪੰਕਤੀ ਕਹਿਣ ਲੱਗੀ, ਉਹਦੀ ਆਵਾਜ਼ ਨਾਲ਼ ਅਨੇਕਾਂ ਹੋਰ ਆਵਾਜ਼ਾਂ ਰਲ਼ ਗਈਆਂ। ਤੇ ਉਹਦੇ ਸਾਹਮਣੇ ਬੈਠੇ ਮੁੰਡੇ ਜਿਹੜੇ ਪਹਿਲਾਂ ਓਪਰੇ ਲਗਦੇ ਸਨ, ਹੁਣ ਓਨੇ ਓਪਰੇ ਨਾ ਰਹੇ। ਉਨ੍ਹਾਂ ਨਾਲ਼ ਕਵਿਤਾ ਦੀ ਸਕੀਰੀ ਨਿਕਲ਼ ਆਈ ਸੀ। ਕਵਿਤਾ ਦਾ ਇਹ ਸਕੀਰੀ ਗੁਣ, ਭਾਰਤੀ ਕਾਵਿ ਸ਼ਾਸਤਰ ਵਿਚ ਅੰਕੇ ਕਵਿਤਾ ਦੇ ਬਾਕੀ ਤਿੰਨ ਗੁਣਾਂ- ਮਾਧੁਰਯ, ਓਜ ਅਤੇ ਪ੍ਰਸਾਦਿ- ਵਿਚ ਜੋੜ ਲੈਣਾ ਚਾਹੀਦਾ ਹੈ। ਦਿਨੋਂ ਦਿਨ ਓਪਰੇ ਅਤੇ ਵੰਡੇ ਜਾ ਰਹੇ ਮਨੁੱਖ ਲਈ ਇਹਦੀ ਵਧੇਰੇ ਲੋੜ ਹੈ। ਜੁੜੇ ਰਹਿਣ ਲਈ ਕਵਿਤਾ ਤੇ ਪਿੰਡ ਦੋਹਵਾਂ ਦੀ ਲੋੜ ਹੈ।

1992 ਦੇ ਦਸੰਬਰ ਮਹੀਨੇ ਵਿਚ ਮੈ ਲਹੌਰ ਦੇ ਅਨਾਰਕਲੀ ਬਾਜ਼ਾਰ ਵਿਚ ਘੁੰਮ ਰਿਹਾ ਸੀ, ਇਕੱਲਾ ਸੀ ਤੇ ਪਹਿਲੀ ਵਾਰ ਆਇਆ ਸੀ। ਅਚਾਨਕ ਪਿੱਛੋਂ ਆ ਕੇ ਕਿਸੇ ਸੱਜਣ ਨੇ ਮੇਰੀ ਬਾਂਹ ਫੜ ਲਈ ਤੇ ਅੰਮ੍ਰਿਤਾ ਪ੍ਰੀਤਮ ਦੀ “ਅੱਜ ਆਖਾਂ ਵਾਰਿਸ ਸ਼ਾਹ ਨੂੰ” ਕਵਿਤਾ ਦੀਆਂ ਟੁੱਟੀਆਂ-ਫੁੱਟੀਆਂ ਸਤਰਾਂ ਸੁਣਾਉਣ ਲਗ ਪਿਆ। ਤੇ ਮੇਰੇ ਹੱਥ ਚੁੰਮ ਕੇ ਬਿਨਾ ਕੁਝ ਹੋਰ ਬੋਲੇ ਚਲਾ ਗਿਆ। ਬੰਦਾ ਜਦੋਂ ਓਪਰਾ ਹੋਣ ਲਗਦਾ ਹੈ; ਕਵਿਤਾ ਉਹਦੀ ਬਾਂਹ ਫੜ ਲੈਂਦੀ ਹੈ।

ਕੋਈ-ਕੋਈ ਕਵਿਤਾ ਹੁੰਦੀ ਹੈ ਜਿਹੜੀ ਅੱਖ ਕੰਨ ਟੱਪ ਕੇ ਸਾਡੇ ਲਹੂ ਵਿਚ ਵਗਣ ਲਗ ਪੈਂਦੀ ਹੈ। ਅਸੀਂ ਉਹਨੂੰ ਜਿਉਣ ਲਗ ਪੈਂਦੇ ਹਾਂ ਤੇ ਕਦੇ-ਕਦੇ ਪੜ੍ਹਨ-ਸੁਣਨ ਦੀ ਥਾਂ ਉਸ ਨਾਲ਼ ਖੇਡਣ ਲਗ ਜਾਂਦੇ ਹਾਂ। ਉਸ ਦਿਨ ਮਹਿੰਦਰਾ ਕਾਲਜ ਵਿਚ ਇਉਂ ਹੀ ਹੋਇਆ। ਜਿਹੜੀ ਕਵਿਤਾ ਕੁੜੀ ਸੁਣਾ ਰਹੀ ਸੀ; ਬਹੁਤੇ ਮੁੰਡਿਆਂ ਨੂੰ ਪਹਿਲਾਂ ਹੀ ਯਾਦ ਸੀ। ਇਹਦੀਆਂ ਅਠਾਰਾਂ ਹੀ ਪੰਕਤੀਆਂ ਸਨ। ਉਹ ਕਵਿਤਾ ਘਟ ਸੁਣ ਰਹੇ ਸਨ; ਉਚਾਰਿਕਾ ਦੇ ਚਿਹਰੇ ਵੱਲ ਵਧੇਰੇ ਵੇਖ ਰਹੇ ਸਨ ਤੇ ਉਡੀਕ ਰਹੇ ਸਨ ਕਿ ਅੰਤਲੀ ਤੁਕ ਕਹਿਣ ਵੇਲੇ ਇਹਦਾ ਕੀ ਰੰਗ ਹੁੰਦਾ ਹੈ। ਸ਼ਾਇਦ ਉਹ ਵੀ ਉਨ੍ਹਾਂ ਦੀ ਸ਼ਰਾਰਤ ਭਾਂਪ ਗਈ ਸੀ। ਜਿਵੇਂ-ਜਿਵੇਂ ਉਹ ਅੰਤਲੀ ਪੰਕਤੀ ਵਲ ਵਧ ਰਹੀ ਸੀ ਹਿੱਕ ਦੀ ਧੜਕਣ ਉੱਚੀ ਹੁੰਦੀ ਜਾ ਰਹੀ ਸੀ। ਕਵਿਤਾ ਦਾ ਤਾਲ ਸ਼ਬਦਾਂ ਦੀ ਥਾਂ ਸਾਹ ਬਣ ਗਿਆ ਸੀ:
ਹੰਝੂ ਮੇਰੇ ਰਾਖਵੇਂ ਅਣਵੰਡੀਆਂ ਆਹੀਂ
ਸਹਿਕਣ ਮੇਰੇ ਦੀਵਿਆਂ ਤਾਈਂ ਖ਼ਨਗਾਹੀਂ
ਅੱਖਾਂ ਅਜੇ ਨਾ ਮੇਰੀਆਂ ਲੱਗੀਆਂ ਨੇ ਰਾਹੀਂ
ਤੇ ਅਗਲੀ ਪੰਕਤੀ, ਜਿਹਨੂੰ ਮੁੰਡੇ ਸਾਹ ਰੋਕ ਕੇ ਉਡੀਕ ਰਹੇ ਸਨ, ਕੁੜੀ ਦੇ ਕੰਠ ਵਿਚ ਉਲ਼ਝ ਗਈ। ਪਰ ਕਵਿਤਾ ਕਿਸੇ ਇਕ ਕੰਠ ਦੀ ਥੁੜੋਂ ਮੁਥਾਜ ਹੁੰਦੀ ਹੈ। ਮੁੰਡਿਆਂ ਨੇ ਆਪ ਉਹ ਪੰਕਤੀ ਬੋਲ ਦਿੱਤੀ: ਅਜੇ ਨਾ ਆਪਣੇ ਹਾਣ ਦਾ ਮੈ ਚੁਣਿਆ ਬੇਲੀ ਤੇ ਤਾੜੀਆਂ ਨਾਲ਼ ਵਿਹੜਾ ਗੂੰਜ ਉਠਿਆ। ਸੰਗ ਨਾਲ਼ ਕੁੜੀ ਦਾ ਚਿਹਰਾ ਸੂਹਾ ਹੋ ਗਿਆ।

ਜੇ ਉਸ ਦਿਨ ਮੋਹਨ ਸਿੰਘ ਸਰੋਤਿਆਂ ਵਿਚ ਬੈਠਾ ਹੁੰਦਾ, ਅਪਣੀ ਕਵਿਤਾ ਦਾ ਸੂਹਾ ਰੰਗ ਵੇਖਕੇ ਹੈਰਾਨ ਹੋ ਜਾਂਦਾ। ਸਾਵੇ ਪੱਤਰ ਵਿੱਚੋਂ ਇਹਦਾ ਕਿਆਸ ਨਹੀਂ ਲਗ ਸਕਦਾ। ਦੀਵਾ ਜਗਣ ‘ਤੇ ਹੀ ਦੀਵੇ ਦਾ ਜਲੌਅ ਦਿਸਦਾ ਹੈ। ਪਰ ਦੀਵਾ ਕਿਸਦਾ ਹੈ: ਬਣਾਉਣ ਵਾਲ਼ੇ ਦਾ, ਜਗਾਉਣ ਵਾਲ਼ੇ ਦਾ, ਪ੍ਰਕਾਸ਼। ਵਿਚ ਬੈਠਣ ਵਾਲੇ ਦਾ ਜਾਂ ਸਭ ਦਾ ਸਾਂਝਾ? ਸੂਹਾ ਰੰਗ ਸਾਵੇ ਪੱਤਰ ਵਾਲ਼ੀ ਕਵਿਤਾ ਦਾ ਸੀ ਜਾਂ ਕੁੜੀ ਦੇ ਚਿਹਰੇ ਦਾ? ਕਵਿਤਾ ਸੁਣਨ ਵੇਲੇ ਉਹ ਸ਼ਾਇਦ ਇਜੇਹੇ ਪ੍ਰਸ਼ਨਾਂ ਦੀ ਗੂੰਜ ਵੀ ਸੁਣਦਾ। ਜਿਉਂਦੀ ਕਵਿਤਾ ਸੁਣਨ ਵੇਲੇ ਅਸੀ ਸ਼ਬਦਾਂ ਤੋਂ ਬਿਨਾ ਹੋਰ ਵੀ ਬੜਾ ਕੁਝ ਸੁਣਦੇ ਹਾਂ। ਕੀ ਪਤਾ ਉਹ ਇਹ ਵੀ ਮਹਿਸੂਸ ਕਰਦਾ ਕਿ ਸੁਣਾਉਣ ਵਾਲ਼ੀ ਤੇ ਸੁਣਨ ਵਾਲ਼ੇ ਸਾਰਿਆਂ ਵਿਚ ਉਹ ਭੋਰਾ-ਭੋਰਾ ਵੰਡਿਆ ਹੋਇਆ ਸੀ। ਜਾਂ ਉਹ ਆਪ ਹੀ ਬੋਲ ਰਿਹਾ ਸੀ, ਆਪ ਹੀ ਸੁਣ ਰਿਹਾ ਸੀ। ਕਹਤਾ ਬਕਤਾ ਸੁਨਤਾ ਸੋਊ। ਜਿਉਂਦੀ ਕਵਿਤਾ ਅਨੇਕਾਂ ਵਾਰ ਲਿਖੀ ਜਾਂਦੀ ਹੈ। ਅਨੇਕਾਂ ਕਵੀਆਂ ਦੁਆਰਾ ਲਿਖੀ ਜਾਂਦੀ ਹੈ। ਆਦਿ ਕਵੀ ਤਾਂ ਖ਼ਾਕਾ ਹੀ ਤਿਆਰ ਕਰਦਾ ਹੈ। ਹਵਾ ਤੇ ਧੁਪ ਵਾਂਙੂੰ ਇਹ ਉਸੇ ਦੀ ਹੁੰਦੀ ਹੈ, ਜਿਹੜਾ ਇਹਨੂੰ ਅਪਣੀ ਬਣਾ ਲਵੇ।

ਤੇ ਜੇ ਪਿਛਲੇ ਹਫ਼ਤੇ ਮੋਹਨ ਸਿੰਘ ਇਹੀ ਕਵਿਤਾ ਮਾਸੀ ਕੋਲ਼ੋਂ ਸੁਣ ਲੈਂਦਾ, ਤਾਂ ਗੌਰਵ ਨਾਲ਼ ਭਰ ਜਾਂਦਾ। ਪਹਿਲੀ ਸੰਙ ਨਾਲ਼ ਰੰਗੇ ਚਿਹਰੇ ਤੋਂ ਝੁਰੜੀਆਂ ਨਾਲ਼ ਅੰਗੇ ਚਿਹਰੇ ਤਕ ਉਹਦੀ ਕਵਿਤਾ ਲੋਅ ਦਿੰਦੀ ਰਹੀ ਹੈ। ਪੰਨੇ ਤੋਂ ਉਠ ਕੇ ਲੋਕਾਂ ਦੀ ਸਿਮਰਤੀ ਵਿਚ ਵਸੀ ਹੋਈ ਹੈ। ਤੇ ਸਿਮਰਤੀ ਹੀ ਕਵਿਤਾ ਦਾ ਅਸਲੀ ਘਰ ਹੈ।
ਸਾਡੀਆਂ ਬਹੁਤੀਆਂ ਕਵਿਤਾਵਾਂ ਤਾਂ ਪੰਨੇ ਤੋਂ ਬਾਹਰ ਆਉਣ ਜੋਗੀਆਂ ਹੀ ਨਹੀਂ। ਉਨ੍ਹਾਂ ਵਿਚ ਚੀਜ਼ਾਂ ਦੇ ਸਾਹਮਣੇ ਹੋਣ ਦਾ ਹੀਆ ਨਹੀਂ। ਪੰਨੇ ‘ਤੇ ਜੰਮਦੀਆਂ ਪੰਨੇ ‘ਤੇ ਵਿਹਾਅ ਜਾਂਦੀਆਂ ਹਨ। ਜਿਵੇਂ ਜੀਵਨ ਜਿਉਣ ਤੋਂ ਬਿਨਾ ਹੀ ਬੀਤ ਜਾਵੇ। ਵੇਲਜ਼ ਦਾ ਕਵੀ ਡਿਲਨ ਟ੍ਹੌਮਸ ਕਹਿੰਦਾ ਹੈ ਕਿ ਪੰਨੇ ‘ਤੇ ਲਿਖੀ ਕਵਿਤਾ ਅੱਧੀ ਹੁੰਦੀ ਹੈ। ਅੱਧੀ ਵੀ ਮੁੱਲ ਵਾਲ਼ੀ ਹੁੰਦੀ ਹੈ; ਕਮਰੇ ਵਿਚ ਬੰਦ ਆਸਮਾਨ ਵਾਂਙ। ਪਰ ਉਸ ਵਿਚ ਤਾਰੇ ਨਹੀਂ ਹੁੰਦੇ; ਨਾ ਹੀ ਉਸ ਵਿਚ ਕਾਲ਼ੀਬੋਲ਼ੀ ਨ੍ਹੇਰੀ ਵਗਦੀ ਹੈ ਤੇ ਝੱਖੜਝਾਂਜੀ ਮੇਘਲਾ ਵਰ੍ਹਦਾ ਹੈ।

ਪੰਨੇ ਤੋ ਬਾਹਰ ਨਿਕਲ਼ਦੀ ਹੈ, ਤਾਂ ਕਵਿਤਾ ਜੀਣ ਥੀਣ ਦੇ ਤਾਲ ਨਾਲ਼ ਜੁੜ ਜਾਂਦੀ ਹੈ। ਪੰਨੇ ਉਤੇ ਉਹ ਆਰੰਭ ਹੁੰਦੀ ਹੈ ਤੇ ਪੂਰੀ ਹੋ ਜਾਂਦੀ ਹੈ। ਬਾਹਰ, ਜਿਉਣ ਵਾਂਙ ਅਧੂਰੀ ਰਹਿੰਦੀ ਹੈ। ਜੇ ਇਕ ਥਾਂ ਤੇ ਅੰਤ ਹੁੰਦੀ ਹ;ੈ ਅਗਲੇ ‘ਤੇ ਫਿਰ ਆਰੰਭ ਹੋ ਜਾਂਦੀ ਹੈ। ਅੰਤ ਨਾ ਅੰਤ ਦੀ ਖੇਡ ਹੈ ਇਹ। ਇਕ ਦੀਵੇ ਵਿਚ ਵੱਡੀ ਹੁੰਦੀ ਹੈ, ਦੂਜੇ ਵਿਚ ਜਗ ਪੈਂਦੀ ਹੈ। ਪੰਨੇ ਉੱਤੇ, ਇਹ ਜਿਵੇਂ ਲਿਖੀ ਹੈ; ਤਿਵੇਂ ਰਹਿੰਦੀ ਹੈ। ਲਿਖੇ ਲੇਖ ਨਾ ਮਿਟਦੇ ਹਨ, ਨਾ ਬਦਲਦੇ ਹਨ। ਬਾਹਰ, ਇਹ ਅਪਣੇ ਲੇਖਾਂ ਤੇ ਲਿਖਾਰੀ ਤੋਂ ਮੁਕਤ ਹੋ ਜਾਂਦੀ ਹੈ; ਭਾਵੇਂ ਉਨ੍ਹਾਂ ਨਾਲ਼ ਜੁੜੀ ਰਹਿੰਦੀ ਹੈ।

ਮੌਤ ਨੂੰ ਕਵਿਤਾ ਦਾ ਸੁਹਜ ਪੰਨੇ ਤੋਂ ਬਾਹਰ ਹੈ। ਮਹਿੰਦਰਾ ਕਾਲਜ ਦੇ ਮੰਚ ਉਤੇ ਇਹ ਆਰੰਭ ਲਿਖੇ ਸ਼ਬਦ ਨਾਲ਼ ਹੁੰਦੀ ਹੈ, ਪਰ ਅੰਤ ਚਿਹਰੇ ਦੀ ਸੂਹੀ ਸੰਙ ‘ਤੇ। ਭਾਵੇਂ ਇਹ ਅੰਤ ਸੱਚਮੁੱਚ ਦਾ ਅੰਤ ਨਹੀਂ ਹੈ। ਕਿਉਂਕਿ ਅੰਤਲੀ ਪੰਕਿਤੀ ਅਣਕਹੀ ਰਹਿ ਗਈ ਹੈ, ਜਿਹਨੂੰ 50 ਵਰ੍ਹਿਆਂ ਪਿੱਛੋ, ਪਿਛਲੇ ਹਫ਼ਤੇ ਮਾਸੀ ਕਹਿੰਦੀ ਹੈ। ਪੰਨੇ ਦੀ ਕਵਿਤਾ ਪੂਰੀ ਹੋ ਜਾਂਦੀ ਹੈ, ਪਰ ਉਹ ਇਕ ਪੰਕਤੀ ਅਪਣੇ ਕੋਲ਼ੋਂ ਜੋੜ ਦਿੰਦੀ ਹੈ, “ਲੈ ਹੁਣ ਮੈ ਵਿਹਲੀ ਆਂ”। ਤੇ ਅੱਗੇ ਤੁਰਨ ਲਈ ਕਵਿਤਾ ਦੇ ਪੈਰ ਲਾ ਦਿੰਦੀ ਹੈ। ਇਹ ਸਹਿਜ ਸੁਭਾਅ ਹੁੰਦਾ ਹੈ। ਕਵਿਤਾ ਜਿਉਣ ਨਾਲ਼ ਇਸ ਤਰ੍ਹਾਂ ਸਿਉਂਤੀ ਹੋਈ ਹੈ ਕਿ ਵਿਚਾਲੇ ਸਿਉਣ ਨਹੀਂ ਦਿਸਦੀ।

ਜਿਉਣ ਨਾਲ਼ ਸਿਉਂਤੀ ਹੋਣਾ ਇਸ ਕਵਿਤਾ ਦੀ ਵਡਿਆਈ ਹੈ। ਕੁਝ ਸੁਹਜ ਸ਼ਾਸਤਰੀ ਕਹਿੰਦੇ ਹਨ, ਕਲਾ ਤੇ ਜ਼ਿੰਦਗੀ ਸਮਾਨਾਂਤਰ ਰੇਖਾਵਾਂ ਹਨ ਤੇ ਸਦਾ ਇਕ ਦੂਸਰੀ ਤੋਂ ਅਡ ਰਹਿੰਦੀਆਂ ਹਨ। ਉਹ ਸਹੀ ਹੋਣਗੇ। ਪਰ ਮੈਨੂੰ ਇਹ ਰੂਪਕ ਸਹੀ ਨਹੀਂ ਲਗਦਾ। ਇਹ ਰੇਖਾ ਸ਼ਾਸਤਰ ਤੋਂ ਉਧਾਰਾ ਲਿਆ ਗਿਆ ਹੈ। ਮਾਂਗਵੇਂ ਕਪੜੇ ਕਦੇ-ਕਦਾਈਂ ਹੀ ਮੇਚ ਆਉਂਦੇ ਹਨ। ਅਸੀਂ ਉਸ ਬ੍ਰਹਿਮੰਡ ਵਿਚ ਨਹੀਂ ਰਹਿੰਦੇ, ਜਿਸ ਵਿਚ ਸਮਾਨਾਂਤਰ ਰੇਖਾਵਾਂ ਇਕ ਦੂਜੀ ਨਾਲ਼ ਕਦੇ ਨਹੀਂ ਮਿਲਦੀਆਂ। ਉਹ ਰੇਖਾ ਸ਼ਾਸਤਰ ਦਾ ਬ੍ਰਹਿਮੰਡ ਹੈ। ਜਿਥੇ ਅਸੀਂ ਰਹਿੰਦੇ ਹਾਂ ਉਥੇ ਜ਼ਿੰਦਗੀ ਰੇਖਕੀ ਨਹੀਂ ਹੈ ਤੇ ਨਾ ਕਲਾ। ਦੋਵੇਂ ਇਕ ਦੂਜੇ ਨਾਲ਼ ਮਿਲ਼ਦੀਆਂ ਵਿੱਛੜਦੀਆਂ ਤੇ ਖਹਿ ਕੇ ਲੰਘਦੀਆਂ ਹਨ। ਜਿਥੇ ਮਿਲ਼ਦੀਆਂ ਹਨ, ਉਥੇ ਤੀਰਥ ਬਣ ਜਾਂਦਾ ਹੈ। ਗੰਗਾ ਤੇ ਜਮੁਨਾ ਜਦੋਂ ਮਿਲਦੀਆਂ ਹਨ; ਦੋਵੇਂ ਪੂਜਣਜੋਗ ਬਣ ਜਾਂਦੀਆਂ ਹਨ। ਮੋਹਨ ਸਿੰਘ ਦੀ ਮੌਤ ਨੂੰ ਕਵਿਤਾ ਦੀ, ਜ਼ਿੰਦਗੀ ਨਾਲ਼ ਕੁਝ ਇਹੋ-ਜਿਹੀ ਹੀ ਸਕੀਰੀ ਹੈ। ਗੰਗਾ ਜਮੁਨਾ ਵਾਂਙ ਦੋਵੇ ਇਕ ਦੂਜੀ ਵਿਚ ਵਗਦੀਆਂ ਹਨ, ਪਰ ਸਰਸਵਤੀ ਵਾਂਙ ਅਪਣੀ ਹੋਂਦ ਸਾਂਭੀ ਰਖਦੀਆਂ ਹਨ।

ਸੰਭਵ ਹੈ ਇਹ ਸੰਗਮ ਇਕ ਦੂਜੀ ਦੀ ਹੋਂਦ ਦੀ ਲੋੜ ਹੋਵੇ। ਕਲਾ ਦੀ ਪੌਣ ਪਾਣੀ ਜਿੰਨੀ ਲੋੜ ਹੋਵੇ। ਸੰਸਕ੍ਰਿਤੀ, ਜੈਵਕਤਾ (ਬਾਇਓਲੌਜੀ) ਦਾ ਅੰਗ ਬਣ ਗਈ ਹੋਵੇ। ਮੌਤ ਨੂੰ ਪੜ੍ਹਦਿਆਂ-ਸੁਣਦਿਆਂ ਅਸੀਂ ਇਜੇਹੇ ਪ੍ਰਸ਼ਨਾਂ ਦੇ ਸਾਹਮਣੇ ਹੁੰਦੇ ਹਾਂ।

ਨੱਬੇਵੇਂ ਵਰ੍ਹੇ ਤਕ ਆਉਂਦੀ-ਆਉਂਦੀ ਮਾਸੀ ਬਹੁਤ ਕੁਝ ਭੁੱਲ ਗਈ ਹੈ। ਪਰ ਉਹਨੂੰ ਜਪੁਜੀ, ਕੀਰਤਨ ਸੋਹਿਲਾ, ਰਹਿਰਾਸ ਦੀਆਂ ਬਾਣੀਆਂ ਯਾਦ ਹਨ। ਕਬੀਰ, ਫ਼ਰੀਦ, ਨੌਵੇਂ ਮਹੱਲੇ ਦੇ ਸਲੋਕ ਯਾਦ ਹਨ। ਭਾਈ ਗੁਰਦਾਸ ਦੀਆਂ ਵਾਰਾਂ ਯਾਦ ਹਨ। ਤੇ ਮੌਤ ਨੂੰ ਕਵਿਤਾ ਵੀ ਉਹਦੇ ਚੇਤੇ ਵਿਚ ਟਿਕੀ ਹੋਈ ਹੈ। ਕਹਿੰਦੀ ਹੈ, “ਬਾਣੀ ਮੈਨੂੰ ਸ਼ਾਂਤੀ ਦਿੰਦੀ ਹੈ ਤੇ ਜਿਉਂਦਾ ਰੱਖਦੀ ਹੈ। ਸ਼।ੁਕਰ ਐ, ਮੈਨੂੰ ਬਾਣੀ ਯਾਦ ਐ।” ਲਗਦਾ ਹੈ, ਸਾਡਾ ਜਿਉਂਦੇ ਰਹਿਣਾ ਸਾਡੀ ਸਿਮਰਤੀ ਤੇ ਵਿਸਿਮਰਤੀ ਨਾਲ਼ ਜੁੜਿਆ ਹੋਇਆ ਹੈ। ਯਾਦ ਕਰਨ ਨਾਲ਼ ਅਸੀਂ ਜਿਉਂਦੇ ਹਾਂ, ਭੁੱਲਣ ਨਾਲ਼ ਮਰ ਜਾਂਦੇ ਹਾਂ। ਆਖਾ ਜੀਵਾ ਵਿਸਰੈ ਮਰਿ ਜਾਉ, ਨਾਨਕ ਜੀ ਬਚਨ ਕਰਦੇ ਹਨ।

ਇਹ ਬਚਨ ਆਤਮਾ ਦੇ ਜਿਉਣ ਮਰਨ ਦਾ ਰੂਪਕ ਹੈ ਜਾਂ ਸਰੀਰ ਦੇ ਜਿਉਣ ਮਰਨ ਦਾ ਸੂਚਕ। ਇਹ ਇਸ ਗੱਲ ‘ਤੇ ਨਿਰਭਰ ਹੈ ਕਿ ਅਸੀਂ ‘ਹੋ ਰਹੇ’ ਨੂੰ ਕਿਵੇਂ ਵੇਖਦੇ ਹਾਂ: ਘਟਨਾ ਦੇ ਰੂਪ ਵਿਚ ਜਾਂ ਪ੍ਰਵਾਹ ਵਿਚ। ਜੇ ਸਭ ਕੁਝ ਘਟਨਾਵਾਂ ਵਿਚ ਘਟ ਰਿਹਾ ਹੈ, ਤਾਂ ਮਿਰਤੂ ਵੀ ਘਟਨਾ ਹੈ। ਅੰਤਮ ਘਟਨਾ। ਇੱਕੋ ਵਾਰ ਘਟਦੀ ਹੈ। ਰਸਤਾ ਕਬਰ ਵਿਚ ਡਿਗਦਾ ਹੈ, ਤਾਂ ਉਸ ਤੋਂ ਅੱਗੇ ਨਹੀਂ ਜਾਂਦਾ। ਪਰ ਜੇ ਸ੍ਰਿਸ਼ਟੀ ਪ੍ਰਵਾਹ ਹੈ, ਤਾਂ ਸਾਡੀ ਮਿਰਤੂ ਵੀ ਪ੍ਰਵਾਹ ਹੈ। ਇਹ ਅੰਤਿਮ ਘਟਨਾ ਨਹੀਂ। ਇਹ ਸਾਡੇ ਨਾਲ਼-ਨਾਲ਼ ਤੁਰਦੀ ਹੈ। ਸਰੀਰ ਤੇ ਆਤਮਾ ਦੀ ਮਿਰਤੂ ਇੱਕੋ ਹੈ। ਨਾਨਕ ਬਚਨ ਕੇਵਲ ਰੂਪਕ ਨਹੀਂ ਹੈ।

ਬਾਣੀ ਕਹਿੰਦੀ ਹੈ – ਜੀਆਂ ਅੰਦਰ ਜਿਉਣ ਦੀ ਜੁਗਤ ਧਰੀ ਹੋਈ ਹੈ। ਲਗਦਾ ਹੈ, ਜਿਹੜੀ ਚੀਜ਼ ਜਿਉਣ ਲਈ ਜ਼ਰੂਰੀ ਨਹੀਂ ਉਹ ਸਿਮਰਤੀ ਵਿਚੋਂ ਕਿਰ ਜਾਂਦੀ ਹੈ। ਜਿੰਨੀ ਕੁ ਸਿਮਰਤੀ ਕਿਰਦੀ ਹੈ, ਉਨਾਂ ਕੁ ਅਸੀਂ ਮਰ ਜਾਂਦੇ ਹਾਂ। ਏਸ ਉਮਰ ਵਿਚ ਮਾਸੀ ਦੀ ਸਿਮਰਤੀ ਵਿੱਚੋਂ ਬਹੁਤ ਕੁਝ ਕਿਰ ਗਿਆ ਹੈ। ਉਹੀ ਰਹਿ ਗਿਆ ਹੋਣਾ ਹੈ, ਜਿਸ ਬਿਨਾਂ ਸਰਦਾ ਨਹੀਂ। ਜੇ ਮੌਤ ਨੂੰ ਕਵਿਤਾ ਬਚ ਗਈ ਹੈ, ਤਾਂ ਮਾਸੀ ਦਾ ਉਸ ਬਿਨਾਂ ਵੀ ਸਰਦਾ ਨਹੀਂ ਹੋਣਾ।

ਜਿਸ ਸਿਮਰਤੀ ਵਿਚ ਗੁਰਬਾਣੀ ਅਤੇ ਭਾਈ ਗੁਰਦਾਸ ਦੀ ਕਵਿਤਾ ਟਿਕੀ ਹੋਵੇ, ਉਥੇ ਵਾਸਾ ਮਿਲਣਾ ਹੀ ਇਸ ਕਵਿਤਾ ਦੀ ਵਡਿਆਈ ਹੈ। ਮੈਨੂੰ ਲਗਦਾ ਹੈ ਕਵਿਤਾ ਦਾ ਜਿਉਣ ਦੀ ਲੋੜ ਬਣਨਾ, ਇਹਦਾ ਕਾਵਿ ਧਰਮ ਹੈ; ਭਾਵੇ ਇਕ ਜਣੇ ਲਈ ਹੀ ਬਣੇ। ਮੈਨੂੰ ਮੌਤ ਨੂੰ ਕਵਿਤਾ ਏਸੇ ਲਈ ਮੁਲਵਾਨ ਲਗਦੀ ਹੈ।

ਇਹ ਕਵਿਤਾ ਮਿਰਤੂ ਨੂੰ ਸਵੀਕਾਰ ਹੀ ਨਹੀਂ ਕਰਦੀ, ਮਿਰਤੂ ਨੂੰ ਜਿਉਣ ਦਾ ਅੰਗ ਸਮਝਦੀ ਹੈ। ਸਵੀਕਾਰ ਬਾਹਰਲੇ ਨੂੰ ਜਾਂ ਦੂਜੇ ਨੂੰ ਕੀਤਾ ਜਾਂਦਾ ਹੈ ਅਪਣੇ ਅੰਗ ਨੂੰ ਨਹੀਂ। ਪਰ ਅਸੀਂ ਮੌਤ ਨੂੰ ਦੂਈ ਜਾਂ ਦੂਜੇ ਦੇ ਰੂਪ ਵਿਚ ਵੇਖਦੇ ਹਾਂ। ਦੂਜਾ ਭੈਅ ਹੈ। ਫ਼ਲਸਫ਼ੀ ਸਾਰਤਰ ‘ਦੂਜੇ ਨੂੰ ਦੋਜ਼ਖ਼’ ਠਹe ੋਟਹeਰ ਸਿ ਹeਲਲ ਕਹਿੰਦਾ ਹੈ। ਦੋਜ਼ਖ਼ ਵੀ ਭੈਅ ਹੈ। ਮਨੋਵਿਗਿਆਨੀਆਂ ਦਾ ਅਨੁਮਾਨ ਹੈ, ਬੰਦਾ ਦਸ ਵਿੱਚੋਂ ਨੌਂ ਖੰਡ ਭੈਅ ਵਿਚ ਰਹਿੰਦਾ ਹੈ। ਬਾਬਾ ਨਾਨਕ ਇਸ ਤੋ ਵੀ ਅੱਗੇ ਜਾਂਦੇ ਹਨ: ਜੀਵ ਭੈਅ ਵਿਚ ਜੰਮਦਾ ਹੈ, ਭੈਅ ਵਿਚ ਮਰਦਾ ਹੈ, ਭੈਅ ਵਿਚ ਉਹ ਹੱਸਦਾ ਹੈ, ਭੈਅ ਵਿਚ ਰੋਂਦਾ ਹੈ। ਭੈਅ ਸਾਨੂੰ ਭੈਭੀਤ ਕਰਦਾ ਹੈ। ਇਹਦੇ ਸਾਹਵੇਂ ਅਰਜਨ ਵੀ ਨਿਹੱਥਾ ਹੋ ਜਾਂਦਾ ਹੈ।

ਮੌਤ ਨੂੰ ਕਵਿਤਾ ਵਿਚ ਮਿਰਤੂ ਭਿਅੰਕਰ ਨਹੀਂ ਦਿਸਦੀ। ਉਹਦੇ ਗਲ਼ ਵਿਚ ਖੋਪਰੀਆਂ ਦੀ ਮਾਲ਼ਾ ਨਹੀਂ, ਜਬ੍ਹਾੜਿਆਂ ਵਿੱਚੋਂ ਲਹੂ ਨਹੀਂ ਚਿਉਂਦਾ। ਮਿਰਤੂ ਸਾਧਾਰਣ ਵਰਤਾਰਾ ਹੈ; ‘ਜੌਂ ਚਰਵਾਈ ਲੈਣ’ ਤੋਂ ਵੀ ਸਾਧਾਰਣ, ‘ਭਾਬੀ ਨੂੰ ਝਾਤ’ ਬੁਲਾਉਣ ਤੋਂ ਵੀ ਸਾਧਾਰਣ। ਇਹ ਰਿਹਾੜ ਕਰਦੇ ਬੱਚੇ ਵਰਗੀ ਹੈ, ਜਿਹੜਾ ਝਿੜਕ ਖਾ ਕੇ ਪਾਸੇ ਬੈਠ ਜਾਂਦਾ ਹੈ ਤੇ ਥੁਹੜੇ ਚਿਰ ਪਿੱਛੋਂ ਅੱਖਾਂ ਮਲ਼ਦਾ ਫੇਰ ਕੋਲ਼ ਆ ਜਾਂਦਾ ਹੈ।

ਮਿਰਤੂ ਦਾ ਇਹ ਚਿਹਰਾ ਘਰੇਲੂ ਹੈ। ਤੇ ਕੇਵਲ ਏਸੇ ਕਵਿਤਾ ਵਿਚ ਮਿਲ਼ਦਾ ਹੈ। ਨਾ ਅੱਗੇ ਨਾ ਪਿੱਛੇ। ਮੋਹਨ ਸਿੰਘ ਦੀ ਬਾਕੀ ਰਚਨਾ ਵਿਚ ਵੀ ਨਹੀਂ। ਪੰਜਾਬੀ ਦੀ ਸਮੁੱਚੀ ਨਵੀਂ ਕਵਿਤਾ ਇਹ ਤੋਂ ਕੋਰੀ ਹੈ। ਇਹ ਸਬੱਬ ਦੀ ਕਵਿਤਾ ਹੈ। ਪਰ ਹਰ ਸਬੱਬ ਬਿਲਕੁਲ ਬੇਸਬੱਬ ਨਹੀਂ ਹੁੰਦਾ। ਬਸ ਉਹ ਸਾਡੇ ਤਰਕ ਦੇ ਘੇਰੇ ਵਿਚ ਨਹੀਂ ਆਉਂਦਾ। ਰੁੱਖ ਦੀ ਜੜ੍ਹ ਸਾਨੂੰ ਦਿਸਦੀ ਨਹੀਂ।

ਮੌਤ ਨੂੰ ਕਵਿਤਾ ਦੀ ਜੜ੍ਹ ਪੰਜਾਬੀ ਦੀ ਕਾਵਿ ਪਰੰਪਰਾ ਵਿਚ ਨਹੀਂ, ਲੋਕਧਾਰਾ ਵਿਚ ਲੱਗੀ ਹੋਈ ਹੈ। ਇਹਦੀ ਸੁਰ ਲੋਕਗੀਤ ਵਾਲ਼ੀ ਅਤੇ ਆਵਾਜ਼ ਇਸਤਰੀ ਦੀ ਹੈ। ਪੰਜਾਬ ਦੀ ਇਸਤਰੀ ਲੋਕ ਗੀਤਾਂ ਵਿਚ ਹੀ ਖੁੱਲ੍ਹ ਕੇ ਬੋਲਦੀ ਹੈ। ਪੰਜਾਬੀ ਦੇ ਪੁਰਖ ਪ੍ਰਧਾਨ ਪ੍ਰਵਚਨ ਵਿਚ ਇਹਦੀ ਆਵਾਜ਼ ਗ਼ਾਇਬ ਹੈ। ਉਹ ਕੰਮ ਸਾਰਨ ਲਈ ਬੋਲਦੀ ਹੈ ਜਾਂ ਅਣਸਰਦੇ ਨੂੰ ਬੋਲਦੀ ਹੈ: ਜੇ ਤੂੰ ਸਿਰ ਚੜ੍ਹਿਆ ਅਣਸਰਦੇ ਨੂੰ ਬੋਲੀ। ਪਰ ਇਹਦਾ ਵੀ ਉਹਨੂੰ ਮੁੱਲ ਤਾਰਨਾ ਪੈਂਦਾ ਹੈ: ਕਰਦੂੰ ਗਜ ਵਰਗੀ ਜੇ ਫੇਰ ਬਰਾਬਰ ਬੋਲੀ।

ਮੌਤ ਨੂੰ ਕਵਿਤਾ ਵਿਚ ਇਸਤਰੀ ਆਪਣੇ ਵਾਂਙੂੰ (ਨਾਰੀ ਵਾਂਙੂੰ) ਬੋਲਦੀ ਹੈ; ਮਰਦ ਵਾਂਙੂੰ ਨਹੀਂ, ਨਾ ਉਹਦੇ ਬਰਾਬਰ, ਨਾ ਰੋਸ ਵਿਚ, ਨਾ ਅਣਸਰਦੇ ਨੂੰ। ਏਹੋ ਜਿਹੀ ਖਰੀ ਆਵਾਜ਼ ਪੰਜਾਬ ਦੀ ਨਾਰੀ ਕਵਿਤਾ ਵਿਚ ਵੀ ਨਹੀਂ ਸੁਣਦੀ। ਬਹੁਤੀ ਕਵਿਤਾ ਵਿਚ ਰੋਹ, ਵਿਦਰੋਹ ਤੇ ਚਿੰਤਾ ਤਾਂ ਨਾਰੀ ਦੀ ਹੈ; ਪਰ ਆਵਾਜ਼ ਮਰਦਾਵੀਂ। ਅਪਣਾ ਦੁੱਖ-ਸੁੱਖ ਕਹਿਣ ਲਈ ਉਸ ਕੋਲ਼ ਅਪਣੀ ਭਾਸ਼ਾ ਨਹੀਂ। ਮਰਦ ਦੀ ਭਾਸ਼ਾ ਵਿਚ ਉਹ ਹਾਸੋਹੀਣਾ ਬਣ ਜਾਂਦਾ ਹੈ। ਜਿਵੇਂ ਰਾਣੀ ਜਿੰਦਾਂ ਨੂੰ ‘ਪੰਜਾਬ ਦਾ ਇੱਕੋ ਮਰਦ’ ਕਹਿਣ ਨਾਲ਼।

ਮਿਰਤੂ ਨਾਲ਼ ਸੰਵਾਦ ਇਸ ਕਵਿਤਾ ਦਾ ਹੋਰ ਗੁਣ ਹੈ। ਸਾਡੇ ਪ੍ਰਵਚਨ ਵਿਚ ਸੰਵਾਦ ਘੱਟ ਹੈ, ਵਿਵਾਦ ਵੱਧ। ਪਰ ਵਿਵਾਦ ਸਾਡਾ ਵਿਰਸਾ ਨਹੀਂ, ਇਤਿਹਾਸ ਦਾ ਦਿੱਤਾ ਸਰਾਪ ਹੈ। ਸਾਨੂੰ ਏਨਾ ਚਿਰ ਸ਼ਸਤਰ ਚੁੱਕਣੇ ਪਏ ਕਿ ਅਸੀਂ ਭੁੱਲ ਗਏ ਰੱਖਣੇ ਕਿਵੇਂ ਹਨ? ਸਾਡੇ ਹੱਥ ਹੀ ਸ਼ਸਤਰ ਬਣ ਗਏ ਹਨ। ਸ਼ਸਤਰ ਹੀ ਗੁਰੂ ਪੀਰ। ਤੇ ਯੁਧ ਸਾਡਾ ਧਰਮ।

ਸ਼ਸਤਰ ਵੈਰੀ ‘ਤੇ ਹੀ ਨਹੀਂ ਉਸ ਭਾਸ਼ਾ ‘ਤੇ ਵੀ ਵਾਰ ਕਰਦੇ ਹਨ, ਜਿਹੜੀ ਸ਼ਸਤਰ ਮਹਿਮਾ ਨਹੀਂ ਕਰਦੀ। ਵੇਖੋ ਸਾਡੀ ਮੁਖ ਕਿਰਿਆ ‘ਕਰਨਾ’ ਕਿਵੇਂ ‘ਮਾਰਨਾ’ ਬਣ ਗਈ ਹੈ: ਅਸੀਂ ਗੱਲਾਂ ਮਾਰਦੇ ਹਾ, ਝੂਠ ਮਾਰਦੇ ਹਾਂ, ਮੌਜ ਮਾਰਦੇ ਹਾਂ। ਸੈਂਕੜੇ ਚੀਜ਼ਾਂ ਹਨ; ਜਿਹੜੀਆਂ ਅਸੀ ਹੁਣ ਕਰਦੇ ਨਹੀਂ, ਮਾਰਦੇ ਹਾਂ। ਵਿਆਕਰਣ ਦੀ ਕਿਰਿਆ ਜਿਉਣ ਦੀ ਕਿਰਿਆ ਤੋਂ ਵੱਖਰੀ ਨਹੀਂ ਹੁੰਦੀ। ਲਗਦਾ ਹੈ, ਸਾਡੇ ਹਰ ਕਰਨ ਵਿਚ ਮਰਨ ਰਲ਼ ਜਾਂਦਾ ਹੈ। ਹੱਥ ਹਥਿਆਰ ਬਣਦੇ ਹਨ, ਤਾਂ ਹਰ ਛੁਹ ਵਲੂੰਧਰੀ ਜਾਂਦੀ ਹੈ।

ਸ਼ਸਤਰਬੱਧ ਭਾਸ਼ਾ ਵਿਚ ਸੰਵਾਦ ਨਹੀ ਹੋ ਸਕਦਾ। ਪੰਜਾਬੀ ਬੰਦਾ ਵੈਰੀ ਨਾਲ਼ ਗੱਲ ਨਹੀਂ ਕਰਦਾ। ਮਰਦਾ ਹੈ ਜਾਂ ਮਾਰਦਾ ਹੈ। ਇਸ ਲਈ ਉਹ ਮਿਰਤੂ ਨਾਲ਼ ਗੱਲ ਨਹੀਂ ਕਰ ਸਕਦਾ।

ਮੌਤ ਨੂੰ ਕਵਿਤਾ ਵਿਚ ਇਹ ਗੱਲਬਾਤ ਇਸਤਰੀ ਕਰਦੀ ਹੈ। ਸਾਵਿਤਰੀ-ਸੱਤਿਆਵਾਨ ਮਿੱਥ ਵਿਚ ਵੀ ਇਸਤਰੀ ਹੀ ਇਹ ਭੂਮਿਕਾ ਨਿਭਾਉਂਦੀ ਹੈ। ਅਸਲ ਵਿਚ ਮਿਰਤੂ ਨਾਲ਼ ਵਾਰਤਾਲਾਪ ਇਸਤਰੀ ਵੀ ਨਹੀਂ ਕਰਦੀ, ਇਸਤਰੀ ਦੇ ਰੂਪ ਵਿਚ ਜਨਨੀ ਕਰਦੀ ਹੈ। ਉਹੀ ਇਹਦੀ ਭਾਸ਼ਾ ਜਾਣਦੀ ਹੈ। ਇਹ ਭਾਸ਼ਾ ਉਹ ਜਣੇਪੇ ਦੀ ਪੀੜ ਵਿੱਚੋਂ ਸਿਖਦੀ ਹੈ।

ਤਰਕ ਵਿਤਰਕ ਤੇ ਹਾਰ ਜਿੱਤ ਦੀ ਭਾਸ਼ਾ ਵਿਚ ਇਹ ਵਾਰਤਾਲਾਪ ਅਸੰਭਵ ਹੈ। ਸਵੀਡਨ ਦੇ ਫ਼ਿਲਮ ਨਿਰਦੇਸ਼ਕ ਇੰਗਮਾਰ ਬਰਗਮਾੱਨ ਦੀ ਫ਼ਿਲਮ ਸੈਵਨਥ ਸੀਲ ਵਿਚ ਮਨੁੱਖ ਮਿਰਤੂ ਨਾਲ਼ ਸ਼ਤਰੰਜ ਦੀ ਬਾਜ਼ੀ ਲਾਉਂਦਾ ਹੈ। ਸ਼ਤਰੰਜ ਦੀ ਭਾਸ਼ਾ ਹਾਰ ਜਿੱਤ ਦੀ ਭਾਸ਼ਾ ਹੈ, ਯੁੱਧ ਦੀ ਭਾਸ਼ਾ ਹੈ। ਇਸ ਕਰਕੇ ਵਾਰਤਾਲਾਪ ਦੀ ਖੇਡ ਸਿਰੇ ਨਹੀਂ ਚੜ੍ਹਦੀ।

ਸਾਵਿੱਤਰੀ – ਯਮਰਾਜ ਵਾਰਤਲਾਪ ਮਿਰਤੂ ਦੀ ਪਰਿਭਾਸ਼ਾ ਬਾਰੇ ਹੈ। ਸੱਤਿਆਵਾਨ ਦਾ ਸਜਿੰਦ ਹੋਣਾ ਇਸਦਾ ਪਰਿਣਾਮ ਹੈ। ਉਹ ਅਪਣੀ ਆਈ ਤੇ ਘਟ ਚੁੱਕਾ ਹੈ। ਸਾਵਿਤਰੀ ਇਸ ਘਟਨਾ ਨੂੰ ਅਣਘਟ ਅਤੇ ਆਈ ਨੂੰ ਅਣਆਈ ਕਰਨਾ ਚਾਹੁੰਦੀ ਹੈ।

ਬਰਗਮੱਨ ਦੀ ਫ਼ਿਲਮ ਵਿਚ ਸ਼ਤਰੰਜ ਦੀ ਖੇਡ ਮਿਰਤੂ ਦੇ ਆਉਣ ਦੀ ਘੜੀ ਨੂੰ ਖੁੰਝਾਉਣ ਵਾਸਤੇ ਖੇਡੀ ਜਾਂਦੀ ਹੈ। ਬੰਦਾ, ਹਾਰਨ ਲੱਗਾ, ਹੱਥ ਮਾਰ ਕੇ ਨਰਦਾਂ ਖਿੰਡਾ ਦਿੰਦਾ ਹੈ। ਸੋਚਦਾ ਹੈ, ਮਿਰਤੂ ਨੂੰ ਯਾਦ ਨਹੀ ਰਹਿਣਾ, ਕਿਹੜੀ ਨਰਦ ਕਿੱਥੇ ਪਈ ਸੀ। ਖੇਡ ਮੁੱਢ ਤੋਂ ਸ਼ੁਰੂ ਕਰਨੀ ਪਵੇਗੀ ਤੇ ਮਿਰਤੂ ਦਾ ਵੇਲਾ ਖੁੰਝ ਜਾਵੇਗਾ।
ਦੋਵੇਂ ਸੰਵਾਦ ਮਿਰਤੂ ਦੀ ਅਟੱਲਤਾ ਬਾਰੇ ਹਨ। ਦੋਵੇਂ ਮਿਰਤੂ ਨੂੰ ਸਮੱਸਿਆ ਸਮਝਦੇ ਹਨ ਤੇ ਇਹਨੂੰ ਹੱਲ ਕਰਨ ਦਾ ਯਤਨ ਕਰਦੇ ਹਨ।

ਮੌਤ ਨੂੰ ਕਵਿਤਾ ਵਿਚ ਮਿਰਤੂ ਸਮੱਸਿਆ ਨਹੀਂ ਹੈ। ਕਵਿਤਾ ਚੀਜ਼ਾਂ ਨੂੰ ਸਮੱਸਿਆ-ਗ੍ਰਸਤ ਦ੍ਰਿਸ਼ਟੀ ਨਾਲ਼ ਵੇਖਦੀ ਹੀ ਨਹੀਂ। ਸਮੱਸਿਆਵਾਂ ਮਨੁੱਖੀ ਲੋੜਾਂ ਤੋਂ ਉਪਜਦੀਆਂ ਹਨ। ਲੋੜ ਵਾਲ਼ੀ ਅੱਖ ਨਾਲ਼ ਰੁੱਖ ਸ਼ਾਇਦ ਲੱਕੜ ਦਿਸੇ ਤੇ ਗੁਲਾਬ ਗੁਲਕੰਦ। ਕਵਿਤਾ ਦਾ ਧਰਮ ਰੁੱਖ ਨੂੰ ਰੁੱਖ ਵੇਖਣਾ ਹੈ ਤੇ ਫੁੱਲ ਨੂੰ ਫੁੱਲ। ਰੁੱਖ ਤੇ ਫੁੱਲ ਉਨਾਂ ਚਿਰ ਹੀ ਬਚੇ ਰਹਿਣਗੇ, ਜਿੰਨਾਂ ਚਿਰ ਉਹ ਕਵਿਤਾ ਦੀ ਅੱਖ ਨਾਲ਼ ਵੇਖੇ ਜਾਣਗੇ। ਅਜ ਦੇ ਪਰਿਆਵਰਣ ਦੀ ਦੁਰਦਸ਼ਾ ਤੇ ਪਰਦੂਸ਼ਣ ਕਵਿਤਾ ਵੱਲੋਂ ਬੇਮੁਖ ਹੋਣ ਕਰਕੇ ਵੀ ਹੈ। ਇਸ ਤੋਂ ਵੀ ਪੁਸ਼ਟੀ ਹੁੰਦੀ ਹੈ ਕਿ ਕਵਿਤਾ ਸਾਡੇ ਹੋਣ ਦੀ ਜ਼ਰੂਰਤ ਹੈ।

ਮੌਤ ਨੂੰ ਕਵਿਤਾ ਕਿਸੇ ‘ਮਸਲੇ’ ਨਾਲ਼ ਮੈਲ਼ੀ ਨਹੀਂ ਹੋਈ ਹੈ। ਮਸਲੇ ਮਿਰਤੂ ਨੂੰ ਫ਼ਤਹਿ ਕਰਨ ਦੀ ਲੋੜ ਵਿੱਚੋਂ ਪੈਦਾ ਹੁੰਦੇ ਹਨ। ਉਹ ਲੋੜ ਇਸ ਕਵਿਤਾ ਵਿਚ ਹੈ ਨਹੀਂ। ਲਗਦਾ ਹੈ, ਬੰਦਾ ਮੌਤ ਨਾਲ਼ ਹਮੇਸ਼ਾਂ ਸਪੇਨੀ ਨਾਵਲਕਾਰ ਸਰਵਾਂਤੇ ਦੇ ਡਾਨ ਕਿਹੋਤੇ ਵਾਂਙ ਲੜਦਾ ਰਿਹਾ ਹੈ, ਜਿਹਨੂੰ ਸਾਹਮਣੇ ਧੂੜ ਵਿਚ ਆਉਂਦੀਆਂ ਭੇਡਾਂ ਵੈਰੀ ਦਲ ਦਿਸਦੀਆਂ ਸਨ।

ਨਾਇਕ ਬਣਨ ਲਈ ਬੰਦੇ ਨੂੰ ਕੀ-ਕੀ ਨਹੀਂ ਕਰਨਾ ਪੈਂਦਾ? ਇਸਤਰੀ ਇਸ ਆਪ-ਸਹੇੜੀ ਬਲਾ ਤੋਂ ਮੁਕਤ ਹੈ। ਉਹਨੂੰ ਚੀਜ਼ਾਂ ਨੂੰ ਧੂੜ ਵਿਚ ਵੇਖਣ ਦੀ ਲੋੜ ਨਹੀਂ।

ਮੌਤ ਨੂੰ ਕਵਿਤਾ ਵਿਚਲਾ ਨਿਰਮਲ ਤੇ ਨਿਰਮਾਣ ਬਿੰਬ ਪੰਜਾਬੀ ਦੀ ਬਾਕੀ ਕਵਿਤਾ ਵਿਚ ਦੁਰਲੱਭ ਹੈ।

ਇਸ ਕਵਿਤਾ ਵਿਚ ਮਿਰਤੂ ਨਾਲ਼ ਵਾਰਤਾਲਾਪ ਵੀ ਨਿਆਰਾ ਹੈ। ਵਾਰਤਾਲਾਪ ਕਵਿਤਾ ਤੋਂ ਪਹਿਲਾਂ ਸ਼ੁਰੂ ਹੋਇਆ ਹੁੰਦਾ ਹੈ। ਜਿਸ ਪ੍ਰਸ਼ਨ ਦੁਆਲੇ ਮੌਤ ਨੂੰ ਕਵਿਤਾ ਘੁੰਮਦੀ ਹੈ, ਉਹ ਕਵਿਤਾ ਤੋਂ ਬਾਹਰ ਹੈ। ਸ਼ਾਇਦ ਸ਼।ੂਨਯ ਹੀ ਕਵਿਤਾ ਦੀ ਧੁਰੀ ਹੈ, ਜਿਸਦੇ ਆਲ਼ੇ-ਦੁਆਲ਼ੇ ਉਹ ਰੂਪ ਸਾਜਦੀ ਹੈ। ਹੋਣ ਅਤੇ ਅਣਹੋਣ ਦਾ ਵਾਰਤਾਲਾਪ ਸਦਾ ਤੋਂ ਚਲ ਰਿਹਾ ਹੈ। ਇਹ ਕਵਿਤਾ ਚਲਦੇ ਵਾਰਤਾਲਾਪ ਵਿਚ ਪਰਵੇਸ਼ ਕਰਦੀ ਹੈ ਤੇ ਵਾਰਤਾਲਾਪ ਨੂੰ ਮਨੁੱਖੀ ਚਿਹਰਾ ਦੇ ਦਿੰਦੀ ਹੈ। ਕਵਿਤਾ ਵਿੱਚੋਂ ਆਦਿ-ਜੁਗਾਦੀ ਭਾਰੇ ਪਰਸਤਾਵ ਨਿਕਲ਼ ਜਾਂਦੇ ਹਨ। ਮਹਿੰਦੀ ਲਾਉਣ, ਘੋੜੀ ਗਾਉਣ ਤੇ ਪੀਂਘ ਝੂਟਣ ਜਿਹੇ ਨਿੱਕੇ-ਨਿੱਕੇ ਦ੍ਰਿਸ਼ ਪ੍ਰਵੇਸ਼ ਕਰ ਜਾਂਦੇ ਹਨ।

ਇਸ ਕਵਿਤਾ ਦੀ ਸਿਫ਼ਤ ਹੈ ਕਿ ਇਹ ਮਿਰਤੂ ਦੀ ਗੱਲ ਮਿਰਤੂ ਦੇ ਮੁਹਾਵਰੇ ਵਿਚ ਨਹੀਂ ਕਰਦੀ। ਪੰਜਾਬੀ ਦਾ ਇਹ ਮੁਹਾਵਰਾ ਇਹਦੇ ਰਾਸ ਵੀ ਨਹੀਂ ਆਉਣਾ ਸੀ। ਇਹ ਹਿੰਸਾ ਨਾਲ਼ ਵਿੰਨ੍ਹਿਆ ਹੋਇਆ ਹੈ। ਇਸ ਕਵਿਤਾ ਨੇ ਸਹਿਜ ਸੁਭਾਅ ਹੀ ਇਹ ਮੁਹਾਵਰਾ ਨਕਾਰ ਦਿੱਤਾ ਹੈ। ਅਸਲ ਵਿਚ ਕਵਿਤਾ ਮਿਰਤੂ ਨਾਲ਼ ਗੱਲ ਕਰਦੀ ਹੈ, ਮਿਰਤੂ ਬਾਰੇ ਨਹੀਂ। ਗੱਲ ਜਿਉਣ ਬਾਰੇ ਹੈ।

ਵਾਰਤਾਲਾਪ ਵਿਚ ਮਿਰਤੂ ਬੋਲਦੀ ਨਹੀਂ। ਬੋਲੀ ਵਿਚ ਗੱਲ ਬੱਝ ਜਾਂਦੀ ਹੈ। ਚੁੱਪ ਵਿਚ ਗੱਲ ਪਸਰੀ ਹੁੰਦੀ ਹੈ ਧੁੱਪ ਵਾਂਙ। ਉਹ ਅਕਲ ਦੀ ਪੰਡ ਵਿਚ ਬੱਝਦੀ ਨਹੀਂ। ਇਸ ਕਰਕੇ ਅਸੀਂ ਚੁੱਪ ਤੋਂ ਡਰਦੇ ਹਾਂ। ਤੇ ਚਾਹੁੰਦੇ ਹਾਂ ਕਿ ਮਿਰਤੂ ਸਾਡੇ ਵਾਙੂੰ ਸਾਡੇ ਨਾਲ਼ ਬੋਲੇ। ਸਾਡੀ ਬੋਲੀ ਵਿਚ ਬੋਲੇ।

ਪਰ ਕਵੀ ਮਿਰਤੂ ਦੇ ਮੂੰਹ ਵਿਚ ਮਨੁੱਖੀ ਜ਼ਬਾਨ ਪਾਉਣ ਦੀ ਉਕਾਈ ਨਹੀਂ ਕਰਦਾ। ਸੋ ਵਾਰਤਾਲਾਪ ਦੋਹਾਂ ਜ਼ਬਾਨਾਂ ਵਿਚ ਹੁੰਦਾ ਹੈ। ਸਾਨੂੰ ਲਗਦਾ ਹੈ, ਵਾਰਤਾਲਾਪ ਕੇਵਲ ਸਾਡੀ ਬੋਲੀ ਵਿਚ ਹੀ ਹੋ ਰਿਹਾ ਹੈ। ਬੋਲ ਕੇਵਲ ਅਸੀਂ ਰਹੇ ਹਾਂ, ਮਿਰਤੂ ਕੇਵਲ ਸੁਣ ਰਹੀ ਹੈ। ਇਹ ਸਾਡਾ ਭਰਮ ਹੈ। ਵਾਰਤਾਲਾਪ ਕੇਵਲ ਬੋਲ ਕੇ ਹੀ ਨਹੀਂ ਹੁੰਦਾ। ਅਣਬੋਲਿਆਂ ਵੀ ਬਿਰਥਾ ਜਾਣੀ ਜਾ ਸਕਦੀ ਹੈ।

ਮੌਤ ਨੂੰ ਕਵਿਤਾ ਦੇ ਹਰ ਬੰਦ ਦਾ ਅੰਤ ਮਿਰਤੂ ਨੂੰ ਆਖੇ ਨਾਲ਼ ਹੁੰਦਾ ਹੈ: ‘ਸਾਹ ਲੈ ਮੌਤੇ ਕਾਹਲ਼ੀਏ ਮੈਂ ਅਜੇ ਨਾ ਵਿਹਲੀ’। ਪਹਿਲੇ ਬੰਦ ਦੇ ਅੰਤ ਅਤੇ ਦੂਜੇ ਬੰਦ ਦੇ ਜਨਮ ਵਿਚਕਾਰ ਖੱਪਾ ਹੈ, ਸ਼ੂਨਯ ਹੈ, ਰਹਾਓ ਹੈ। ਤੇ ਇਹ ਚੁੱਪ ਹੈ। ਇਹ ਚੁੱਪ ਮਿਰਤੂ ਦਾ ਸੰਵਾਦ ਹੈ। ਇਸ ਸ਼ੂਨਯ ਵਿਚ ਪਹਿਲੇ ਬੰਦ ਦੀ ਮਿਰਤੂ ਹੈ ਤੇ ਦੂਜੇ ਦਾ ਜਨਮ ਹੈ। ਇਹ ਹੋਣ ਅਤੇ ਨਾ ਹੋਣ ਦਾ ਰਿਦਮ ਹੈ। ਅਸੀਂ ਤੁਰਦੇ ਹਾਂ, ਤਾਂ ਇਕ ਪੈਰ ਧਰਤੀ ਤੇ ਹੁੰਦਾ ਹੈ ਦੂਜਾ ਸ਼ੂਨਯ ਵਿਚ। ਇਹ ਹੋਣ ਅਤੇ ਅਣਹੋਣ ਦਾ, ਜਿਉਣ ਅਤੇ ਮਿਰਤੂ ਦਾ ਵਾਰਤਾਲਾਪ ਹੈ।

ਮੌਤ ਕਵਿਤਾ ਹੋਣ ਅਤੇ ਅਣਹੋਣ ਦੇ ਰਿਦਮ ਵਿਚ ਲਿਖੀ ਗਈ ਹੈ। ਸਾਡੇ ਜਿਉਣ ਦੀ ਕਰਮਗਤੀ ਵੀ। ਜਿਉਣਾ ਰੰਗਾਂ ਦਾ ਅਚੰਭਾ ਛੰਭ ਹੈ, ਪੂਰਨ ਸਿੰਘ ਕਿਸੇ ਕਵਿਤਾ ਵਿਚ ਕਹਿੰਦਾ ਹੈ। ਪਰ ਇਹ ਦਿਸਦਾ ਛੰਭ ਤੋਂ ਬਾਹਰ ਖੜ੍ਹ ਕੇ ਹੈ। ਉਹ ਬਾਹਰ ਬਿਲਕੁਲ ਬਾਹਰ ਨਹੀਂ, ਖੱਪੇ ਵਾਲ਼ੀ ਥਾਂ ਹੈ। ਜਿਉਣਾ ਵਿਆਹ ਵਰਗਾ ਹੈ, ਮੋਹਨ ਸਿੰਘ ਇਸ ਕਵਿਤਾ ਵਿਚ (ਰੂਪਕ ਵਜੋਂ) ਕਹਿੰਦਾ ਹੈ। ਪਰ ਇਹ ਵਿਆਹ ਤਾਂ ਹੀ ਹੈ ਕਿ ਇਸ ਵਿਚ ਮਿਰਤੂ ਵੀ ਸ਼ਾਮਲ ਹੈ। ਵਿਆਹ ਵਿਚ ਆਈਆਂ ਮੇਲਣਾਂ ਵਿਚ ਉਹ ਵੀ ਮੇਲਣ ਹੈ, ਜਿਸ ਨਾਲ਼ ਵਿਚ-ਵਿਚ ਗੱਲਬਾਤ ਕਰਨੀ ਪੈਂਦੀ ਹੈ।

ਇਹ ਕਵਿਤਾ ਦਸਦੀ ਹੈ ਕਿ ਮਿਰਤੂ ਦੀ ਅੱਖ ਨਾਲ਼ ਵੇਖਿਆਂ ਹੀ ਜਿਉਣਾ ਚੰਗਾ ਲਗਦਾ ਹੈ। ਦੁਨੀਆ ਸੁਹਣੀ ਲਗਦੀ ਹੈ। ਸੁਹਜ ਹੈ ਹੀ ਮਿਰਤੂ ਕਰਕੇ। ਫੁੱਲਾਂ ਵਿਚ ਰੰਗ ਤੇ ਸੁਗੰਧ ਮਿਰਤੂ ਦੀ ਹੈ। ਸਦਾ ਬਹਾਰ ਰੁੱਖਾਂ ਨੂੰ ਰੰਗ ਨਹੀਂ ਲਗਦੇ। ਉਹ ਇਕੋ ਰੁੱਤ ਦੇ ਸਰਾਪ ਵਿਚ ਰਹਿੰਦੇ ਹਨ।

ਮਾਸੀ ਕਹਿੰਦੀ ਹੈ: “ਹੁਣ ਮੈਂ ਵਿਹਲੀ ਆਂ, ਬਥੇਰਾ ਜਿਉਂ ਲਿਆ ਹੈ।” ਭਾਈ ਗੁਰਦਾਸ ਨੂੰ ਯਾਦ ਕਰਨ ਲਗਦੀ ਹੈ:

ਅੱਖੀਂ ਵੇਖ ਨ ਰਜੀਆ, ਬਹੁ ਰੰਗ ਤਮਾਸੇ॥
ਉਸਤਤਿ ਨਿੰਦਾ ਕੰਨਿ ਸੁਣਿ, ਰੋਣੇ ਤੇ ਹਾਸੇ॥
ਸਾਦੀ ਜੀਭ ਨ ਰਜੀਆ, ਕਰ ਭੋਗ ਬਿਲਾਸੇ॥
ਨਕ ਨ ਰਜਾ ਵਾਸੁ ਲੈ, ਦੁਰਗੰਧ ਸੁਵਾਸੇ॥
ਰਜਿ ਨ ਕੋਈ ਜੀਵਿਆ, ਕੂੜੇ ਭਰਵਾਸੇ॥

ਮੋਹਨ ਸਿੰਘ ਦੀ ਇਹ ਕਵਿਤਾ ਰੱਜਣ ਨੂੰ ਕੂੜਾ ਨਹੀਂ ਸਮਝਦੀ। ਇਹ ਕਹਿੰਦੀ ਹੈ ਜਿਉਣਾ ਏਨਾ ਰਸਵੰਤ ਹੈ ਕਿ ਇਹਦਾ ਰੱਜ ਨਹੀਂ ਆਉਂਦਾ। ਇਹੀ ਗੱਲ ਡੇਢ ਸਦੀ ਪਹਿਲਾਂ ਅਮਰੀਕਨ ਕਵੀ ਐਮਿਲੀ ਡਿਕਨਸਨ ਨੇ ਕਹੀ ਸੀ, ਜਿਉਣਾ ਹੀ ਏਨਾ ਅਚੰਭੇ ਭਰਿਆ ਹੈ ਕਿ ਹੋਰ ਕੰਮ ਲਈ ਵਿਹਲ ਹੀ ਨਹੀਂ ਦਿੰਦਾ।

ਮਾਸੀ ਵੀ ਵਿਹਲੀ ਨਹੀਂ ਹੈ। ਉਹ ਜਿਉਣ ਦਾ ਕੰਮ ਕਰੀ ਜਾ ਰਹੀ ਹੈ। ਨਾਲ਼ ਦੇ ਸੰਗੀ-ਸਾਥੀ ਤੁਰ ਗਏ ਹਨ। ਹਾਣ ਦਾ ਬੇਲੀ ਵੀ ਚਲਾ ਗਿਆ ਹੈ। ਕਦੇ-ਕਦੇ ਬਾਣੀ ਦੀ ਥਾਂ ਹੋਠਾਂ ‘ਤੇ ਰੋਸਾ ਆ ਜਾਂਦਾ ਹੈ:

ਸੰਜੋਗ ਤੋਂ ਵਿਜੋਗ ਲਿਖ ਤੇ
ਹੱਥ ਚੰਦਰੇ ਦੇ ਕਲਮ ਫੜਾਈ॥

ਕਲਮ

ਲਾਲਾ ਹੇਮਰਾਜ ਦੀ ਯਾਦ ਵਿਚ

ਪੈੱਨ ਜਾਂ ਪੈਨਸਿਲ ਖਰੀਦਣ ਵੇਲੇ ਮੈਨੂੰ ਕਈ ਵਾਰ ਲਾਲਾ ਹੇਮ ਰਾਜ ਚੇਤੇ ਆ ਜਾਂਦਾ ਹੈ। ਚੇਤਾ ਵੀ ਅਲਾਦੀਨ ਦੇ ਚਿਰਾਗ਼ ਵਰਗਾ ਹੈ, ਫਟੱਕ ਦੇਣੇ ਬੀਤੇ ਦੀ ਗੁਫਾ ਖੋਲ੍ਹ ਦਿੰਦਾ ਹੈ। ਮੈਂ 1950 ਵਿਚ ਚਲਾ ਜਾਂਦਾ ਹਾਂ। ਲਾਲਾ ਹੇਮ ਰਾਜ ਕੁਰਸੀ ਤੇ ਬੈਠਾ ਕਲਮਾਂ ਘੜ ਰਿਹਾ ਹੈ। ਪੱਗ ਕੁੱਲੇਦਾਰ, ਨੱਕ ਲੰਮਾ, ਸਰੀਰ ਇਕਹਿਰਾ। ਅੱਖਾਂ ਛੋਟੀਆਂ ਪਰ ਲਗਦੀਆਂ ਵੱਡੀਆਂ ਚਿਹਰਾ ਪਤਲਾ ਹੋਣ ਕਰ ਕੇ।

ਉਹ ਸਾਡੇ ਛੋਟੇ ਸਕੂਲ ਦਾ ਹੈੱਡ ਮਾਸਟਰ ਸੀ। ਇਹ ਸਕੂਲ ਚੌਥੀ ਜਮਾਤ ਤਕ ਸੀ। ਕਦੇ ਏਥੇ ਹਸਪਤਾਲ ਹੁੰਦਾ ਸੀ; ਪੱਕੀਆਂ ਇਟਾ ਦੇ ਦੋ ਕਮਰੇ, ਥੁਹੜੀ ਵਿੱਥ ਤੇ ਰਿਹਾਇਸ਼ੀ ਕੁਆਟਰ। ਕਈ ਮਾਵਾਂ ਅਜੇ ਵੀ ਇਹਨੂੰ ਹਸਪਤਾਲ ਕਹਿੰਦੀਆਂ ਸਨ।

ਅਸੀਂ ਬੋਰਿਆਂ ਤੇ ਬਹਿੰਦੇ ਸੀ ਤੇ ਲੱਕੜ ਦੀ ਫੱਟੀ ਉਤੇ ਕਾਨੇ ਦੀ ਕਲਮ ਨਾਲ ਲਿਖਦੇ ਸੀ। ਬਹੁਤਿਆਂ ਨੇ ਬੋਕੀ ਵਾਲਾ ਪੈੱਨ ਵੇਖਿਆ ਨਹੀਂ ਸੀ, ਕਈਆਂ ਨੇ ਨਿੱਬ ਵਾਲਾ ਡੰਕ ਤੇ ਪੈਨਸਿਲ ਵੀ ਨਹੀਂ ਵੇਖੀ ਸੀ। ਉਨ੍ਹਾ ਦਾ ਲਿਖਣ ਵਾਲਾ ਪਹਿਲਾ ਜੰਤਰ ਕਲਮ ਸੀ, ਲਾਲਾ ਹੇਮਰਾਜ ਦੀ ਘੜੀ ਹੋਈ।

ਪਰ ਮੇਰਾ ਪਹਿਲਾ ਜੰਤਰ ਕਲਮ ਨਹੀਂ ਸੀ। ਸੱਜੇ ਹੱਥ ਦੀ ਪਹਿਲੀ ਉੰਗਲ ਸੀ। ਕਾਗਦ ਧਰਤੀ ਸੀ, ਸੰਤ ਅਰਜਨ ਸਿੰਘ ਪਹਿਲਾ ਅਧਿਆਪਕ। ਗੁਰਦੁਆਰਾ ਪਹਿਲਾ ਵਿਦਿਆਲਾ। ਸਬਕ ਦਾ ਅਰੰਭ ਅੱਖਰ ਲਿਖਣ ਨਾਲ ਨਹੀਂ ਹੁੰਦਾ ਸੀ। ਗੁਰਦੁਆਰੇ ਦੇ ਭਾਂਡੇ ਮਾਂਜਣ ਨਾਲ ਹੁੰਦਾ ਸੀ। ਜਿਹੜੀ ਸੁਆਹ ਭਾਂਡੇ ਸੁੱਚੇ ਕਰਦੀ ਸੀ ਉਹੀ ਭੁੰਜੇ ਵਿਛ ਕੇ ਅਖਰਾਂ ਨੂੰ ਰੂਪ ਦਿੰਦੀ ਸੀ। ਅਸੀਂ ਅੱਖਰ ਪਾਉਂਦੇ, ਸੰਤ ਜੀ ਖੜ੍ਹੇ ਵੇਖਦੇ ਰਹਿੰਦੇ। ਕਦੇ ਕਦੇ ਤੀਰ ਦੀ ਨੋਕ ਨਾਲ ਅੱਖਰਾਂ ਦੀ ਗੁਲਾਈ ਸਹੀ ਕਰਦੇ। ਸਬਕ ਪੂਰਾ ਹੁੰਦਾ ਉਹ ਆਪਣੇ ਭੋਰੇ ਵਿਚ ਚਲੇ ਜਾਂਦੇ ਅਸੀਂ ਗੁਰਦੁਆਰੇ ਦੀ ਖੂਹੀ ਉਤੇ। ਉਹ ਮਾਲਾ ਫੇਰਦੇ ਅਸੀਂ ਹਲਟੀ ਗੇੜਦੇ। ਆਉਂਦੇ ਜਾਂਦੇ ਪਸੂਆਂ ਲਈ ਪਾਣੀ ਦੀ ਖੇਲ਼ ਭਰੀ ਰਖਦੇ। ਬਰਤਨ ਸੁੱਚੇ ਕਰਨੇ, ਪਸੂਆਂ ਨੂੰ ਪਾਣੀ ਪਿਆਉਣਾ, ਰਾਹੀਆਂ ਪਾਂਧੀਆਂ ਦੇ ਖਾਣ ਲਈ ਦੋ ਵੇਲੇ ਗਜਾ (ਮੰਗ) ਕਰਕੇ ਭੋਜਨ ਲਿਆਉਣਾ ਵਿਦਿਆ ਸਿੱਖਣ ਦੀ ਫੀਸ ਨਹੀਂ ਸੀ, ਸਿੱਖਿਆ ਦਾ ਅੰਗ ਸੀ। ਭਾਂਡੇ ਵਿਚ ਵਸਤ ਪਾਉਣ ਤੋਂ ਪਹਿਲਾਂ ਭਾਂਡੇ ਨੂੰ ਸੁੱਚਾ ਕਰਨ ਦੀ ਜੁਗਤ ਸੀ। ਵਿਦਿਆ ਨੁੰ ਸਮਾਜਕ ਅਭਿਆਸ ਨਾਲ ਜੋੜਨ ਦਾ ਜੋਗ। ਸੰਤ ਜੀ ਕਹਿੰਦੇ ਹੁੰਦੇ ਸੀ, “ਬਿਖ ਵਿਦਿਆ ਅਭਿਆਸ ਬਿਨ”। ਜਿਹੜੀ ਵਿਦਿਆ ਸਮਾਜ ਦੇ ਲੇਖੇ ਨਹੀਂ ਲਗਦੀ ਉਹ ਵਿਹੁ ਹੈ।

ਧਰਤੀ ਤੇ ਲਿਖਣ ਦੀਆਂ ਅਨੇਕ ਸੁਵਿਧਾਵਾਂ ਸਨ। ਧਰਤੀ ਭਾਲਣੀ ਨਹੀਂ ਪੈਂਦੀ। ਇਹ ਹਰ ਵੇਲੇ, ਹਰ ਥਾਂ ਹੈ। ਲਿਖਦਿਆਂ ਮੁਕਦੀ ਨਹੀਂ। ਹੋਰ ਪਰ੍ਹੇ ਹੋਰ ਹੋਰ ਹੋ ਜਾਂਦੀ ਹੈ। ਉਂਗਲ ਵਿਚਲੀ ‘ਸਿਆਹੀ’ ਸੁਕਦੀ/ ਮੁਕਦੀ ਨਹੀਂ। ਫੇਰ ਸਭ ਕੁਝ ਮੁਫਤ; ਧਰਤੀ, ਅੱਖਰ, ਉੰਗਲ, ਗੁਰਦੁਆਰਾ ਗੁਰੂ। ਵਿਦਿਆ ਓਵੇਂ ਹੀ ਮਿਲ ਰਹੀ ਸੀ ਜਿਵੇਂ ਪੌਣ ਪਾਣੀ ਤੇ ਸੂਰਜ ਦੀ ਧੁੱਪ ਮਿਲਦੀ ਹੈ।

ਧਰਤੀ ਉਤੇ ਅਖਰ ਪਾਉਣੇ ਖੇਡ ਲਗਦੀ ਸੀ। ਘੀਚ ਮਚੌਲੀਆਂ ਵਰਗੀ। ਸਿਖਣ ਦਾ ਸਹਿਮ ਨਹੀਂ ਸੀ, ਚਾਓ ਸੀ। ਧਰਤੀ ਅੱਖਰਾਂ ਨੂੰ ਵਧਣ ਫੁੱਲਣ, ਛੋਟੇ ਵਡੇ ਹੋਣ ਦੀ ਖੁੱਲ੍ਹ ਦਿੰਦੀ ਸੀ ਜਿਵੇਂ ਘਾਅ ਫੂਸ ਨੂੰ ਦਿੰਦੀ ਹੈ। ਜਦੋ ਸੰਤ ਜੀ ਵਿੰਹਦੇ ਨਹੀਂ ਸੀ, ਅਸੀਂ ਅੱਖਰਾ ਨਾਲ ਜੁਆਕਾਂ ਵਾਲੀਆਂ ਇੱਲਤਾਂ ਵੀ ਕਰ ਲੈਂਦੇ ਸੀ। ਮੂੰਹ ਮੱਥਾ ‘ਵਿਗਾੜ’ ਦਿੰਦੇ, ਸਿਹਾਰੀਆਂ ਬਿਹਾਰੀਆਂ ਛੋਟੀਆਂ ਵੱਡੀਆਂ ਕਰ ਦਿੰਦੇ।

ਪਰ ਲਿਖੀ ਹੋਈ ਧਰਤੀ ਤਹਿ ਲਗ ਕੇ ਜੇਬ ਵਿਚ ਨਹੀਂ ਪੈਂਦੀ ਸੀ, ਨਾ ਜਿਲਦ ਵਿਚ ਸਿਉਂਤੀ ਜਾਂਦੀ। ਇਹ ਅੱਖਰਾਂ ਦੇ ਅਭਿਆਸ ਲਈ ਹੀ ਸੀ, ਉਹਨਾਂ ਦੀ ਸਾਂਭ ਸੰਭਾਲ ਲਈ ਨਹੀਂ ਸੀ। ਧਰਤੀ ਚੀਜ਼ਾਂ ਨੂੰ ਫੜ ਕੇ ਨਹੀਂ ਰਖਦੀ। ਬਸ ਉਨ੍ਹਾਂ ਨੂੰ ਆਉਣ ਜਾਣ ਹੋਣ ਅਣਹੋਣ ਦਿੰਦੀ ਹੈ।

ਲਿਖਣਾ ਸਰੀਰਕ ਕਿਰਿਆ ਸੀ। ਭਾਂਡੇ ਮਾਂਜਣ ਵਰਗੀ, ਹਲਟੀ ਗੇੜਨ ਵਰਗੀ। ਵਿਦਿਆ ਢਿੱਡ ਵਿਚ ਦੀ ਹੋ ਕੇ ਸਿਰ ਨੂੰ ਜਾਂਦੀ ਸੀ। ‘ਮਹਰਾਜ ਜੀ ਸਾਡੇ ਬੱਚੇ ਦੇ ਢਿੱਡ ਵਿਚ ਵੀ ਚਾਰ ਅੱਖਰ ਪਾ ਦਿਓ’ ਮਾਂ ਬਾਪ ਆਪਣੇ ਬੱਚੇ ਨੂੰ ਪੜ੍ਹਨੇ ਪਾਉਣ ਵੇਲੇ ਸੰਤਾ ਨੂੰ ਬੇਨਤੀ ਕਰਦੇ ।

ਗੁਰਮੁਖੀ ਅੱਖਰ ਮੇਰੀ ਉਂਗਲ ਵਿਚ ਧਸ ਗਏ ਹਨ। ਸਣੇ ਧਰਤੀ ਦੀ ਜਲੂਣ ਦੇ। ਉਂਗਲ ਅਜੇ ਵੀ ਕੁਝ ਨਾ ਕੁਝ ਲਿਖਦੀ ਰਹਿੰਦੀ ਹੈ, ਧਰਤੀ ਤੇ ਨਹੀਂ, ਅੰਗੂਠੇ ਤੇ। ਅੰਗੂਠਾ ਭਾਵੇਂ ਧਰਤੀ ਜਿਡਾ ਨਹੀਂ, ਪਰ ਅਜੇ ਤਕ ਭਰਿਆ ਨਹੀਂ। ਮੇਰੀ ਬਹੁਤੀ ਜਨਮ ਸਾਖੀ ਅੰਗੂਠੇ ਦੀ ਪੁਸਤਕ ਵਿਚ ਲਿਖੀ ਹੋਈ ਹੈ। ਪਰ ਇਹਦਾ ਹਰ ਅੱਖਰ ਲਿਖਣ ਸਾਰ ਅਲੋਪ ਹੋ ਜਾਂਦਾ ਹੈ। ਜਿਵੇਂ ਲੰਘਦਾ ਹਰ ਪਲ। ਇਸਨੂੰ ਪੜ੍ਹਨ ਦਾ ਗੁਰ ਮੈਨੂੰ ਅਜੇ ਆਇਆ ਨਹੀਂ।

ਮੇਰੀ ਅੱਖਰ ਪਾਉਣ ਵਾਲੀ ਉਂਗਲ, ਪੈਨਸਿਲ ਵਿਚ ਪਹਿਲਾਂ ਬਦਲੀ, ਕਲਮ ਵਿਚ ਪਿੱਛੋਂ। ਭਾਵੇਂ ਕਲਮ ਪੈਨਸਿਲ ਤੋਂ ਹਜ਼ਾਰਾਂ ਸਾਲ ਪਹਿਲਾਂ ਆਈ, ਮੇਰੇ ਕੋਲ ਆ ਕੇ ਪਿੱਛੇ ਹੋ ਗਈ। ਤ੍ਰੇਤਾ ਜੁਗ ਪਹਿਲਾਂ ਲਗ ਗਿਆ, ਦੁਆਪਰ ਪਿੱਛੇ ਹੋ ਗਿਆ।

ਮੈਨੂੰ ਸੁਹਣੇ ਸ਼ਬਦ ਸਾਂਭਣ ਦੀ ਲਿਲ੍ਹਕ ਸੀ। ਬਾਣੀ `ਚੋ, ਗ੍ਰੰਥਾਂ `ਚੋ, ਸੰਤਾਂ ਦੇ ਬੋਲਾਂ `ਚੋਂ ਜਿਥੋਂ ਕੋਈ ਮਿਲਦਾ ਮੈ ਲਿਖ ਲੈਂਦਾ। ਜੇਬ ਵਿਚ ਧਾਗੇ ਨਾਲ ਨੱਥੀ ਕਾਗਦਾਂ ਦੀ ਕਾਪੀ ਰਖਦਾ ਤੇ ਨਾਲ ਪੈਨਸਿਲ ਦਾ ਟੋਟਾ। ਕਾਗਜ਼ ਦੀ ਗ਼ਰੀਬੀ ਸੀ। ਜਿਥੋਂ ਕੋਈ ਟੋਟਾ ਮਿਲਦਾ ਸਾਂਭ ਲੈਂਦਾ, ਭਾਵੇਂ ਇਕ ਪਾਸਾ ਵਰਤਿਆ ਹੀ ਹੁੰਦਾ।

ਫਾਉਟਨ ਪੈੱਨ ਅਜੇ ਵੇਖਿਆ ਨਹੀਂ ਸੀ। ਕਲਮ ਦੁਆਤ ਜੇਬ ਵਿਚ ਰਖਣੀ ਅਉਖੀ ਸੀ। ਪੈਨਸਿਲ ਨਾਲ ਅੱਖਰ ਸਾਫ ਸੁਥਰੇ ਪੈਂਦੇ। ਨਾ ਦੁਆਤ ਚੁਕਣ ਦਾ ਟੰਟਾ ਨਾ ਸਿਆਹੀ ਡੁੱਲ੍ਹਣ ਦਾ ਸੰਸਾ। ਪੈਨਸਿਲ ਵਰਤਣੀ ਸੌਖੀ ਸੀ। ਬੈਠਿਆਂ, ਖੜ੍ਹਿਆਂ, ਲੇਟਿਆਂ ਤੁਰਦਿਆਂ ਹਰ ਮੁਦਰਾ ਵਿਚ ਅੱਖਰ ਪਾ ਦਿੰਦੀ ਸੀ।

ਕਲਮ ਨਾਲ ਮੇਰਾ ਵਾਹ ਛੋਟੇ ਸਕੂਲ ਵਿਚ ਆਉਣ ਨਾਲ ਪਿਆ। ਉਹ ਵੀ ਚੌਥੀ ਜਮਾਤ ਦੇ ਅਖੀਰਲੇ ਤਿੰਨ ਕੁ ਮਹੀਨੇ। ਮੈ ਗੁਰਦੁਆਰੇ ਤੋਂ ਸਿੱਧਾ ਏਸ ਜਮਾਤ ਵਿਚ ਹੀ ਆਇਆ ਸੀ। ਓਦੋਂ ਤਕ ਮੈ ਕਵਿਤਾ ਜੋੜਨ ਲਗ ਪਿਆ ਸੀ। ਇਕ ਕਵਿਤਾ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਪੱਤਰ ਬਾਲ ਸੰਦੇਸ਼ ਵਿਚ ਛਪ ਚੁਕੀ ਸੀ। ਮੇਰਾ ਨਾਂ ਮੇਹਰ ਸਿੰਘ ਸੀ। ਪ੍ਰੀਤਲੜੀ ਨੇ ਮੈਨੂੰ ਗੁਰਦੁਆਰੇ ਤੋਂ ਸਕੂਲਦੁਆਰੇ ਵਲ  ਤੋਰਿਆ।

ਹੇਮਰਾਜ ਸੁਭਾ ਦਾ ਕਸੈਲ ਸੀ। ਗੁੱਸੇ ਵਿਚ ਸਾਨੂੰ ਟੇਬਲ ਟੈਨਿਸ ਵਾਲੇ ਬੱਲੇ ਨਾਲ ਕੁੱਟਦਾ। ਹੱਥਾਂ ਬਾਹਾਂ ਤੇ ਰੋਭੜੇ ਪਾ ਦਿੰਦਾ। ਇਕ ਦਿਨ ਸਾਡੇ ਜਮਾਤੀ ਭੱਲੇ ਨੂੰ ਏਨਾ ਕੁੱਟਿਆ ਉਹ ਰੋਂਦਾ ਗਾਲ਼ਾਂ ਕਢਦਾ ਘਰ ਚਲਾ ਗਿਆ। ਅਗੋਂ ਬਾਪੂ ਪੈ ਨਿਕਲਿਆ, ਕੰਜਰਾ, ਮਰਿਆ ਸੀ ਕੁੱਟ ਖਾਈ ਗਿਆ। ਗੀਦੀ ਕਿਸੇ ਥਾਂ ਦਾ। ਵੜ ਜਾ ਮਾਂ ਦੀ ਕੱਛ ਵਿਚ”। ਭੱਲੇ ਨੇ ਘਰ ਵਿਚੋਂ ਭਾਲਾ ਚੱਕਿਆ ਤੇ ਸਕੂਲ ਆ ਕੇ ਆਪਣੇ ਭੁੰਜੇ ਵਿਛੇ ਬੋਰੇ ਤੇ ਬਹਿ ਗਿਆ। ਸਾਹਮਣੇ ਭਾਲਾ ਰਖ ਕੇ। ਲਾਲਾ ਹੇਮਰਾਜ ਓਦੋਂ ਕਲਮ ਘੜ ਰਿਹਾ ਸੀ। ਉਹ ਕਲਮ ਘੜਦਾ ਰਿਹਾ।

ਕਲਮ ਘੜਦਾ ਲਾਲਾ ਹੇਮ ਰਾਜ ਕੋਈ ਹੋਰ ਹੁੰਦਾ ਸੀ। ਉਹਦੇ ਹੱਥਾਂ `ਚੋਂ ਬੱਲਾ ਛੁੱਟ ਜਾਂਦਾ ਸੀ। ਬੋਲਾਂ `ਚੋਂ ਗਾਲਾਂ ਨਿਕਲ ਜਾਦੀਆਂ ਸਨ ਤੇ ਮੱਥੇ ਤੋਂ ਘੁਲਟੀਆਂ। ਕਲਮ ਘੜਦਾ ਘੜਦਾ ਉਹ ਆਪ ਵੀ ਘੜਿਆ ਜਾਂਦਾ। ਪਿਕਾਸੋ ਦੇ ‘ਗਿਟਾਰ ਵਾਦਕ’ ਚਿਤਰ ਦੇ ਵਾਦਕ ਵਾਙੂੰ ਜੋ ਗਿਟਾਰ ਵਜਾਉਂਦਾ ਵਜਾਉਂਦਾ ਗਿਟਾਰ ਵਰਗਾ ਹੋ ਜਾਂਦਾ ਹੈ।

ਜੇ ਕਲਮ ਕਰਾਮਾਤ ਹੈ ਲਾਲਾ ਹੇਮ ਰਾਜ ਇਸਨੂੰ ਨਿਤ ਘੜਦਾ ਸੀ। ਤੇ ਹਰ ਦੂਜੇ ਦਿਨ ਸਾਡੇ ਹਥਾਂ ਵਿਚ ਰਖ ਦਿੰਦਾ ਸੀ। ਉਹਨੂੰ ਸਾਡੇ ਹੱਥਾਂ ਦੇ ਮੇਚੇ ਦਾ ਪਤਾ ਸੀ: ਜਗੀਰ ਦਾ ਵਡਾ, ਭੱਲੇ ਦਾ ਭਾਰਾ, ਅਜਮੇਰ ਤੇ ਮੇਰਾ ਹਲਕਾ। ਉਹਨੂੰ ਪਤਾ ਸੀ ਜੈਲਾ ਲਿਖਣ ਵੇਲੇ ਗੁੱਟ ਉਤੇ ਕਲਮ ਨੀਵੀ ਕਰ ਲੈਂਦਾ ਸੀ, ਚਿੜੀ ਅਖਰਾਂ ਦੇ ਨਾਲ ਨਾਲ ਝੁਕਦਾ ਝੁਕਦਾ ਪੰਕਤੀ ਦੇ ਅੰਤ ਟੇਢਾ ਹੋ ਜਾਂਦਾ ਸੀ।  ਕਰਤਾਰ ਦੇ ਬੁਲ੍ਹਾਂ ਤੇ ਲਿਖਣ ਵੇਲੇ ਅਖਰਾ ਦੀ ਸ਼ਕਲ ਬਣ ਜਾਂਦੀ ਸੀ। ਅੱਖਰ ਦੀ ਰੇਖਾ ਜਿੱਧਰ ਮੁੜਦੀ ਬੁੱਲ੍ਹ ਓਧਰੇ ਮੁੜ ਜਾਂਦੇ। ਕਈ ਵਾਰ ਮੁੰਡੇ ਉਹਦੇ ਬੁੱਲ੍ਹਾਂ ਤੋਂ ਅੱਖਰ ਬੁਝਣ ਦੀ ਸ਼ਰਤ ਵੀ ਲਾ ਲੈਂਦੇ ਸੀ। ਹੇਮ ਰਾਜ ਨੂੰ ਇਹ ਵੀ ਪਤਾ ਸੀ ਕੌਣ ਅਖਰਾਂ ਨੂੰ ਸਹਿਜ ਨਾਲ ਪਾਉਂਦਾ ਹੈ, ਕੌਣ ਹਫੜਾ ਦਫੜੀ ਵਿਚ। ਕੌਣ ਲੇਟਵੇ ਪਾਉਂਦਾ ਹੈ, ਕੌਣ ਖੜ੍ਹਵੇਂ। ਕੀਹਦੇ ਸਾਬਤ ਹੁੰਦੇ ਹਨ ਕੀਹਦੇ ਟੁਟੇ ਭੱਜੇ। ਕਿਹੜਾ ਸਿੱਧੀਆਂ ਪੰਕਤੀਆਂ ਵਿਚ ਲਿਖਦਾ ਹੈ, ਕਿਹੜਾ ਵਿੰਗ ਤੜਿੰਗੀਆਂ ਵਿਚ।

ਕਲਮ ਵਿਚ ਇਹ ਸਭ ਕੁਝ ਸ਼ਾਮਲ ਹੁੰਦਾ ਸੀ। ਲਿਖਣ ਵਾਲੇ ਦਾ ਸੁਭਾ ਤੇ ਉਹਦੀਆਂ ਆਦਤਾਂ। ਹੱਥਾਂ ਦੀ ਬਣਤਰ। ਉਹ ਸੁੱਕੇ ਕਾਨੇ ਦਾ ਟੋਟਾ ਨਹੀ, ਹੱਥ ਦੀ ਛੇਵੀਂ ਉਂਗਲ ਹੁੰਦੀ ਸੀ। ਅੱਖਰ ਪਾਉਣ ਵੇਲੇ ਇਹ ਘਸਦੀ ਸੁਣਾਈ ਦਿੰਦੀ ਸੀ। ਜਿਵੇਂ ਹਰ ਅੱਖਰ ਬੋਲਦਾ ਹੋਵੇ। ਇਹੀ ਝੁਣਝੁਣੀ ਮੈ ਮਿੱਟੀ ਉਤੇ ਲਿਖਣ ਵੇਲੇ ਮਹਿਸੂਸ ਕਰਦਾ ਸੀ। ਤੇ ਲਗਦਾ ਸੀ ਉਹੀ ਮਿੱਟੀ ਗਿੱਲੇ ਅਖਰਾਂ ਉਤੇ ਭੁਕਦਾ ਸੀ। ਸੁਕਾਉਣ ਲਈ। ਹੁਣ ਵੀ ਲਗਦਾ ਹੈ ਮਿੱਟੀ ਮੇਰੇ ਅੱਖਰਾਂ ਨੂੰ ਖਿੰਡਣ ਨਹੀਂ ਦਿੰਦੀ। ਮੈਨੂੰ ਵੀ।

ਪੈਨਸਿਲ ਮੇਰੇ ਅੰਦਰ ਏਨੀ ਤਿੱਖੀ ਜਲੂਣ ਨਹੀਂ ਕਰਦੀ। ਲਿਖਦਾ ਲਿਖਦਾ ਮੈ ਇਹਦੇ ਵਿਚ ਓਵੇਂ ਘਸਦਾ ਨਹੀਂ। ਇਹ ਮਸ਼ੀਨ ਨੇ ਬਣਾਈ ਹੈ ਤੇ ਹਰ ਕਿਸੇ ਲਈ ਹੈ। ਮੈਂ ਹਰ ਕੋਈ ਨਹੀਂ। ਇਹਦੇ ਵਿਚ ਨਾ ਮੇਰਾ ਸੁਭਾ ਹੈ ਨਾ ਹੇਮ ਰਾਜ ਦਾ ਉਮਾਹ। ਇਹਦੇ ਵਿਚ ਨਾ ਉਹ ਆਪ ਹੈ ਨਾ ਮੈਂ ਹਾਂ।

ਲਾਲਾ ਹੇਮਰਾਜ ਵੰਡ ਵੇਲੇ ਲਹਿੰਦੇ ਪੰਜਾਬ ਤੋਂ ਆਇਆ ਸੀ। ਓਥੇ ਵੀ ਸ਼ਾਇਦ ਉਹ ਅਧਿਆਪਕ ਸੀ। ਪਰ ਉਹਦੇ ਵਿਚ ਦੋ ਹੋਰ ਹੇਮਰਾਜ ਸਨ। ਇਕ ਕਾਤਬ (calligrapher) ਦੂਜਾ ਕਲਮਤਰਾਸ਼ (pen craftsman) ਕਾਤਬ ਹੇਮ ਰਾਜ ਦੇ ਓਦੋਂ ਦਰਸ਼ਨ ਹੋਏ ਜਦੋਂ ਉਹ ਸਾਨੁੰ  ਸ਼ੌਕੀਆ ਉਰਦੂ ਪੜਾਉਣ ਲਗਾ। ਪਹਿਲੀ ਵਾਰ ਫੱਟੀ ਉਤੇ ਅਲਫ ਬੇ ਪੇ ਪਾਉਂਦਾ ਵੇਖਿਆ। ਲਗਿਆ ਜਿਵੇਂ ਅੱਖਰ ਆਪਣੇ ਆਪ ਪੈ ਰਹੇ ਸਨ। ਨੁਕਤੇ ਬਿਨ ਵੇਖਿਆਂ ਲਗ ਰਹੇ ਸਨ। ਉਹ ਬਸ ਹੱਥ ਹਿਲਾਉਂਦਾ ਸੀ, ਖੇਡਾ ਪਾਉਣ ਵਾਲੇ ਵਾਙੂੰ। ਅੱਖਰ ਪਾਉਣੇ ਵੀ ਮੈਨੂੰ ਜਾਦੂ ਦੀ ਖੇਡ ਹੀ ਲਗੇ। ਮੈ ਲਾਲਾ ਹੇਮ ਰਾਜ ਵਾਂਗੂੰ ਹੱਥ ਬਣਾ ਕੇ ਅਲਿਫ ਪਾਇਆ। ਸਿੱਧੀ ਲੀਕ ਹੀ ਲਾਉਣੀ ਸੀ। ਮੇਰੀ ਲੀਕ ਉਹਦੀ ਲੀਕ ਵਰਗੀ ਹੀ ਲਗਦੀ ਸੀ। ਫੇਰ ਵੀ ਕੋਈ ਅੰਤਰ ਸੀ। ਉਹਦੀ ਅਲਿਫ ਲਗਦੀ ਸੀ, ਮੇਰੀ ਕੇਵਲ ਲੀਕ। ਸੋਚਿਆ ਸ਼ਾਇਦ ਦੂਜੇ ਅੱਖਰਾਂ ਨਾਲ ਜੁੜ ਕੇ ਅਲਿਫ ਬਣ ਜਾਵੇ ਗੀ। ਮੈ ਉਹਦੇ ਨਾਲ ਬੇ ਪੇ ਅੱਖਰ ਵੀ ਪਾ ਦਿੱਤੇ। ਉਹ ਅਲਿਫ ਲਗਣ ਲਗ ਗਈ, ਪਰ ਹੇਮ ਰਾਜ ਦੇ ਅਲਿਫ ਵਰਗੀ ਨਹੀਂ।

ਕਾਤਬ ਦੇ ਹੱਥ ਲਗਦੇ ਹਨ ਤਾਂ ਸਿੱਧੀ ਲੀਕ ਅਲਿਫ ਬਣ ਜਾਂਦੀ ਹੈ। ਅਲਿਫ ਹਰ ਅੱਖਰ ਵਿਚ ਹੁੰਦਾ ਹੈ ਜਿਸਨੂੰ ਨਾਨਕ ਜੀ ‘ਅਖਰ ਕਾ ਭੇਓ’ ਕਹਿੰਦੇ ਹਨ। ਕਾਤਬ ਅੱਖਰ ਪਾਉਣ ਵੇਲੇ ਇਸ ਭੇਓ ਦੁਆਲੇ ਹੀ ਲੀਕਾਂ ਲਾਉਂਦਾ ਹੈ। ਭੇਓ ਨੂੰ ਹੀ ਰੂਪ ਦਿੰਦਾ ਹੈ। ਲੰਬੀ ਤਪੱਸਿਆ ਪਿੱਛੋਂ ਉਹਨੂੰ ਇਹ ਵਰ ਮਿਲਦਾ ਹੈ। ਚੀਨ ਦੇ ਮਾਸਟਰ ਕਾਤਬ ਜਾਂਗ ਸ਼ੀ ਬਾਰੇ ਕਿਹਾ ਜਾਂਦਾ ਹੈ ਕਿ ਜਿਸ ਛਪੜ ਤੇ ਉਹ ਅਭਿਆਸ ਕਰਦਾ ਸੀ ਬੁਰਸ਼ ਧੋਂਦੇ ਧੋਂਦੇ ਉਹਦਾ ਪਾਣੀ ਕਾਲਾ ਹੋ ਜਾਂਦਾ  ਸੀ। ਲਾਲਾ ਹੇਮ ਰਾਜ ਦੀ ਤਪੱਸਿਆ ਦਾ ਤਾ ਪਤਾ ਨਹੀੰ ਪਰ ਉਹਦੇ ਅੱਖਰ ਜਾਨ ਵਾਲੇ ਲਗਦੇ ਸਨ ਜਿਵੇਂ ਫੱਟੀ ਉਤੇ ਤੁਰਦੇ ਫਿਰਦੇ ਹੋਣ।

ਇਹੀ ਗੱਲ ਹੋਣੀ ਹੈ ਜਦੋਂ ਕੋਈ ਸੋਹਣਾ ਅੱਖਰ ਪੈਂਦਾ ਹੈ, ਲਾਲਾ ਹੇਮਰਾਜ ਯਾਦ ਆ ਜਾਂਦਾ ਹੈ। ਲਿਖਦੇ ਲਿਖਦੇ ਹੱਥ ਸਹਿਜ ਹੋ ਜਾਦੇ ਹਨ, ਸਿਹਾਰੀਆਂ ਬਿਹਾਰੀਆਂ ਵਿਚ ਲਚਕ ਆ ਜਾਂਦੀ ਹੈ। ਪੈੱਨ, ਕਾਗਦ ਤੇ ਅੱਖਰ ਆਦਰਯੋਗ ਹੋ ਜਾਂਦੇ ਹਨ ਜਿਵੇਂ ਪੁਜਾਰੀ ਲਈ ਠਾਕਰ, ਮੋਚੀ ਲਈ ਆਰ ਤੇ ਰੰਬੀ, ਦੁਕਾਨਦਾਰ ਲਈ ਵੱਟੇ। ਲਿਫਾਫੇ ਤੇ ਸਿਰਨਾਵਾਂ ਲਿਖਣ ਵੇਲੇ ਉਸ ਡਾਕੀਏ ਤੇ ਧਿਆਨ ਜਾਂਦਾ ਹੈ ਜੀਹਨੇ ਇਹਨੂੰ ਪੜ੍ਹਨਾ ਹੈ। ਲਿਖਣਾ ਧਿਆਨ ਬਣ ਜਾਂਦਾ ਹੈ।

ਲਾਲਾ ਹੇਮ ਰਾਜ ਤਿੰਨ ਮੀਲ ਸਾਈਕਲ ਤੇ ਸਕੂਲ ਆਉਂਦਾ ਸੀ। ਆਉਂਦਾ ਜਾਂਦਾ ਰਾਹ ਵਿਚੋਂ ਕਾਨੇ ਵਢਦਾ। ਸੁੱਕਣ ਤੇ ਵਖਰੇ ਮੇਚ ਦੇ ਟੋਟੇ ਕਰ ਲੈਂਦਾ। ਕਲਮ ਘੜਨ ਵਾਲਾ ਚਾਕੂ ਹਰ ਵੇਲੇ ਤਿੱਖਾ ਰਖਦਾ। ਸੰਭਵ ਹੈ ਇਹ ਚਾਕੂ ਏਸ ਕਾਰਜ ਲਈ ਹੀ ਰੱਖਿਆ ਹੋਵੇ।

ਕਲਮਾਂ ਘੜਨ ਦਾ ਨਿਤਨੇਮ ਇਕ ਘੰਟੇ ਦਾ ਹੁੰਦਾ ਸੀ। ਓਦੋਂ ਲਾਲਾ ਹੇਮ ਰਾਜ ਧਿਆਨੀ ਹੋ ਜਾਂਦਾ ਵਾਣ ਵਟਦੇ ਸੇਵਾ ਪੰਥੀ ਵਰਗਾ। ਕਰਮ ਕਰਦੇ ਹੱਥਾਂ ਦਾ ਧਿਆਨੀ। ਉਹੀ ਧਿਆਨ ਉਹਦੀ ਕਲਮ ਬਣਦਾ ਸੀ।

ਉਹ ਅਨੇਕ ਹੱਥਾਂ ਵਾਲਾ ਬੰਦਾ ਸੀ। ਕਲਮ ਨਾਲ ਲਿਖਣ ਵਾਲਾ ਹਰ ਹੱਥ ਉਸਦੀ ਬਾਂਹ ਨਾਲ ਜੁੜ ਜਾਂਦਾ ਸੀ। ਹਰ ਹੱਥ ਵਖਰਾ, ਹਰ ਕਲਮ ਵਖਰੀ। ਕੋਈ ਛੋਟੀ, ਕੋਈ ਵੱਡੀ, ਕੋਈ ਪਤਲੀ ਕੋਈ ਮੋਟੀ। ਕੋਈ ਕਰੜੀ ਨੋਕ ਵਾਲੀ ਜਿਹੜੀ ਫੱਟੀ ਉਤੇ ਘਸ ਕੇ ਅਖਰ ਪਾਉਂਦੀ ਸੀ। ਕੋਈ ਨਰਮ ਬੁਰਸ਼ ਵਰਗੀ ਜਿਹੜੀ ਫੱਟੀ ਨਾਲ ਨਹੀਂ ਲਗਦੀ ਸੀ, ਸਿਆਹੀ ਦੇ ਉਪਰ ਤਰਦੀ ਜਾਂਦੀ ਸੀ।

ਪਰ ਉਸਦੇ ਧਿਆਨ ਦੀ ਸਿਖਰ ਕਲਮ ਤੇ ਟੱਕ ਲਾਉਣ ਅਤੇ ਚੀਰਾ ਦੇਣ ਵਿਚ ਹੁੰਦੀ ਸੀ। ਓਦੋਂ ਉਹਦੇ ਸਾਹਮਣਿਓਂ ਸਭ ਕੁਝ ਅਲੋਪ ਹੋ ਜਾਂਦਾ। ਉਹ ਆਪ ਵੀ। ਕੇਵਲ ਕਲਮ ਰਹਿ ਜਾਂਦੀ ਕੁਰਸੀ ਦੀ ਖੱਬੀ ਬਾਂਹ ਉਤੇ ਟਿਕੇ ਹੱਥ ਵਿਚ ਤੇ ਸੱਜੇ ਹੱਥ ਵਿਚ ਚਾਕੂ। ਪਰ ਇਹ ਅਰਜੁਨ ਕਿਸੇ ਪੰਛੀ ਦੀ ਅੱਖ ਨਹੀਂ ਵਿੰਨ੍ਹਦਾ ਸੀ, ਕਾਨੇ ਦੇ ਟੋਟੇ ਨੂੰ ਅੱਖ ਲਾਉਂਦਾ ਸੀ।

ਉਸਦੇ ਹੱਥ ਨੂੰ ਪਤਾ ਹੁੰਦਾ ਸੀ ਟੱਕ ਤਿਰਛਾ ਲਾਉਣਾ ਹੈ ਜਾਂ ਸਿੱਧਾ, ਚੀਰਾ ਬਰੀਕ ਦੇਣਾ ਹੈ ਜਾ ਮੋਟਾ। ਚੀਰਾ ਓਨੀ ਸਿਆਹੀ ਦਿੰਦਾ ਸੀ, ਜਿੰਨੀ ਕਲਮ ਦੀ ਨੋਕ ਮੰਗਦੀ ਸੀ। ਨੋਕ ਓਨੀ ਪਤਲੀ ਮੋਟੀ ਹੋ ਜਾਂਦੀ ਸੀ ਜਿਨਾ ਉਸ ਤੇ ਦਬਾ ਪੈਂਦਾ ਸੀ। ਉਹ ਹੱਥ ਦਾ ਏਨਾ ਸੁੱਚਾ ਸੀ, ਕੋਈ ਕਲਮ ਕੁਚੱਜੀ ਤੇ ਨਕਾਰੀ ਨਹੀਂ ਬਣਦੀ ਸੀ। ਜਦੋਂ ਉਸ ਨਾਲ ਸੋਹਣੇ ਅੱਖਰ ਪੈਂਦੇ ਉਹ ਹੋਰ ਸੋਹਣੀ ਹੋ ਜਾਂਦੀ। ਲਾਲਾ ਹੇਮਰਾਜ ਦੇ ਹੱਥ ਹੋਰ ਸੁੱਚੇ ਹੋ ਜਾਂਦੇ।

ਜਿਹੜੇ ਅੱਖਰ ਹੇਮ ਰਾਜ ਪਾਉਂਦਾ ਸੀ ਉਹਨਾ ਦੇ ਬਣਨ ਵਿਚ ਹਜ਼ਾਰਾਂ ਵਰ੍ਹੇ ਲਗੇ ਸਨ ਤੇ ਹਜ਼ਾਰਾ ਹੱਥ। ਟਕਸਾਲ ਅਰਬੀ ਫਾਰਸੀ ਦੀ ਕਿਤਾਬਤ ਦੀ ਸੀ। ਗੁਰਮੁਖੀ ਅਖਰਾਂ ਨਾਲੋਂ ਇਹਨਾਂ ਵਿਚ ਵਧੇਰੇ ਵਹਾ ਹੈ, ਰੇਖਾਵਾਂ ਵਿਚ ਵੰਨਸੁਵੰਨਤਾ ਹੈ, ਕਿਤੋਂ ਪਤਲੀਆਂ ਕਿਤੋਂ ਚੌੜੀਆਂ ਹਨ। ਤੇ ਮਰਜ਼ੀ ਨਾਲ ਲੰਬੀਆਂ ਛੋਟੀਆਂ ਕੀਤੀਆਂ ਜਾ ਸਕਦੀਆਂ ਹਨ। ਅਖਰ ਅਨੇਕਾਂ ਰੂਪਾਂ ਵਿਚ ਜੋੜੇ ਜਾ ਸਕਦੇ ਹਨ। ਸਿੱਧੀ ਪੰਕਤੀ ਵਿਚ ਵੀ ਲਿਖੇ ਜਾਂਦੇ ਹਨ, ਇਕ ਦੂਜੇ ਦੇ ਆਸੇ ਪਾਸੇ ਹੇਠਾਂ ਉਤੇ ਵੀ। ਇਹ ਆਪਣੇ ਸਰੀਰ ਵਿਚ ਬੱਝੇ ਹੋਏ ਨਹੀਂ ਸਨ ਸਗੋਂ ਇਹਨੂੰ ਵਡਾ ਛੋਟਾ ਕਰ ਲੈਂਦੇ ਸਨ। ਇਸਲਾਮ ਵਿਚ ਮਨੁਖ ਦੀ ਤੇ ਪਰਾਣੀਆਂ ਦੀ ਮੂਰਤੀਕਾਰੀ ਵਰਜਿਤ ਹੈ। ਪਰ ਵਰਜਿਤ ਕਲਾ ਨੇ ਅੱਖਰਾ ਦੀ ਸ਼ਰਣ ਲੈ ਲਈ। ਭਵਨਕਲਾ (Architecture) ਇਸਲਾਮ ਦੀ ਵਿਸ਼ਵ ਵਿਖਿਆਤ ਕਲਾ ਹੈ ਪਰ ਇਸਲਾਮ ਵਿਚ ਪਹਿਲ ਕਿਤਾਬਤ ਨੂੰ ਹੈ।

ਪਰਚਲਤ ਗੁਰਮੁਖੀ ਅਖਰ ਸਾਦੇ ਤੇ ਸੰਜਮ ਵਾਲੇ ਹਨ। ਇਹ ਪੜ੍ਹਨ ਲਈ ਵੱਧ ਬਣੇ ਹਨ, ਵੇਖਣ ਲਈ ਘਟ। ਅਧਾਰ ਰੇਖਾ ਨਾਲ ਬੱਝੇ ਹੋਏ ਹਨ। ਕੇਵਲ ਖੜ੍ਹਵੇਂ ਹਨ, ਤੇ ਇਕੋ ਜਿਹੀ ਲੰਬਾਈ ਚੌੜਾਈ ਵਾਲੇ ਹਨ। ਰੇਖਾ ਇਕਸਾਰ ਰਹਿੰਦੀ ਹੈ। ਕਾਤਬ ਦੀ ਕਲਪਣਾ ਲਈ ਖੁਲ੍ਹਾ ਅਸਮਾਨ ਘਟ ਬਚਦਾ ਹੈ। ਕੀ ਜਾਣੀਏ ਏਸੇ ਕਰਕੇ ਗੁਰਮੁਖੀ ਵਿਚ ਕਿਤਾਬਤ ਦੀ ਪਰੰਪਰਾ ਨਹੀ ਤੁਰੀ। ਭਾਵੇਂ ਮਿਲਦੀਆਂ ਹਥਲਿਖਤਾਂ ਸੁੰਦਰ ਹਨ ਪਰ ਇਹ ਲਿਖਾਰੀਆਂ ਦੇ ਨਿਜੀ ਉਪਰਾਲੇ ਹੀ ਹਨ। ਇਹ ਵੀ ਲਗਦਾ ਹੈ ਪੰਜਾਬੀ ਪਾਠਕ ਦਾ ਧਿਆਨ ਵਧੇਰੇ ਅਰਥ ਉਤੇ ਹੈ, ਸ਼ਬਦ ਜਾਂ ਅੱਖਰ ਦੇ ਰੂਪ ਉਤੇ ਨਹੀਂ। ਸੰਭਵ ਹੈ ਚਿਤਰਕਾਰੀ ਵਲ ਸਾਡੀ ਅਣਗਹਿਲੀ ਏਸੇ ਕਰਕੇ ਹੋਵੇ।

ਹੇਮਰਾਜ ਦੀ ਕਲਮ ਨੇ ਮੈਨੂੰ ਅੱਖਰ ਦੀ ਰੇਖਾ ਵੇਖਣੀ ਸਿਖਾਈ। ਪਹਿਲਾਂ ਮੈਂ ਸ਼ਬਦ ਵੇਖਦਾ ਸੀ ਉਹ ਵੀ ਪੂਰੀ ਤਰ੍ਹਾਂ ਨਹੀਂ, ਧਿਆਨ ਉਹਦੇ ਅਰਥ ਵਲ ਤਿਲਕ ਜਾਂਦਾ ਸੀ। ਮੈ ਰੇਖਾ ਦੀ ਲੈ ਨਹੀਂ ਵੇਖੀ ਸੀ ਨਾ ਹੀ ਉਹਨੂੰ ਵਲ ਵਿੰਗ ਖਾਂਦੀ ਨੂੰ ਤੁਰਦਿਆਂ ਰੁਕਦਿਆ ਵੇਖਿਆ ਸੀ

ਓਦੋਂ ਲਿਖਣਾ ਇਕਹਿਰੀ ਘਟਨਾ ਨਹੀਂ ਸੀ। ਵਰਤਾਰਾ ਸੀ ਜਿਸ ਵਿਚ ਕਾਨੇ ਦੀ ਕਲਮ, ਸਿਆਹੀ ਦੀ ਦੁਆਤ, ਲਕੜ ਦੀ ਤਖਤੀ ਤੇ ਬਾਬੇ ਗੁੱਦੜ ਦਾ ਛਪੜ ਜੁੜਿਆ ਹੋਇਆ ਸੀ। ਤਖਤੀ ਤੇ ਲਿਖਦਿਆਂ ਸਾਡੇ ਵੇਲ਼ੇ ਵਿਚ ਉਹ ਵੇਲ਼ਾ ਵੀ ਰਲ਼ ਜਾਂਦਾ ਸੀ ਜਦੋਂ ਕਾਗਦ ਨਹੀਂ ਬਣਿਆ ਸੀ। ਇਕੋ ਵੇਲ਼ੇ ਅਸੀ ਦੋ ਵੇਲ਼ਿਆਂ ਨਾਲ ਖੇਡਦੇ ਸੀ। ਲਿਖਣਾ ਕੰਮ ਨਹੀਂ ਸੀ ਵੇਲ਼ੇ ਨਾਲ ਖੇਡਣਾਂ ਸੀ। ਏਸ ਖੇਡ ਵਿਚ ਅਸੀਂ ‘ਲਿਖੇ’ ਨੂੰ ਮੇਟ ਦਿੰਦੇ ਸੀ। ਨਵਾਂ ਲਿਖ ਦਿੰਦੇ ਸੀ। ਖੇਡ ਵਿਚ ਸੂਰਜ ਰਲ ਜਾਂਦਾ ਸੀ। ਤੇ ਗੁੱਦੜਿਆਣਾ ਛੱਪੜ ਵੀ। ਛਪੜ ਸਾਡੀ ਫੱਟੀ ਧੋਂਦਾ ਤੇ ਪੋਚਦਾ ਸੀ। ਸੂਰਜ ਸੁਕਾਉਂਦਾ ਸੀ। ਸੂਰਜ ਨੂੰ ਖੇਡ ਵਿਚੋਂ ਕੱਢਣ ਦੀ ਧਮਕੀ ਵੀ ਦੇ ਦਿੰਦੇ ਸੀ: “ਸੂਰਜਾ ਮੂਰਜਾ ਫੱਟੀ ਸੁਕਾ। ਨਹੀਂ ਸੁਕਾਉਣੀ ਘਰ ਨੂੰ ਜਾ”। ਫੱਟੀ ਉਤੇ ਅੱਖਰ ਇਸ ਸਭ ਕੁਝ ਦੀ ਬਰਕਤ ਨਾਲ ਪੈਂਦਾ ਸੀ।

ਛੇ ਸਤ ਇੰਚ ਦੀ ਕਲਮ ਦੀ ਉਮਰ ਛੇ ਸਤ ਹਜ਼ਾਰ ਵਰ੍ਹੇ ਲੰਮੀ ਦੱਸੀ ਜਾਂਦੀ ਹੈ। ਏਨੀ ਲੰਮੀ ਹੀ ਲਾਲਾ ਹੇਮਰਾਜ ਦੀ ਬਾਂਹ ਸੀ। ਉਹ ਓਦੋਂ ਦਾ ਹੀ ਲਿਖਦਾ ਤੇ ਲਿਖਣਾ ਸਿਖਾਉਂਦਾ ਆ ਰਿਹਾ ਸੀ। ਓਦੋਂ ਦਾ ਹੀ  ਕਲਮਾਂ ਘੜ ਘੜ ਕੇ ਵੰਡ ਰਿਹਾ ਸੀ। ਸੰਸਕ੍ਰਿਤੀ ਦੀ ਕਾਰਸੇਵਾ ਕਰ ਰਿਹਾ ਸੀ। ਪਰ ਉਹਦੇ ਹੱਥ ਇਕ ਕਾਤਬ ਦੇ ਅੰਤਲੇ ਹੱਥ ਸਨ। ਨਵੇਂ ਹੱਥਾਂ ਵਿਚ ਲਿਖਣ ਦੇ ਨਵੇਂ ਸੰਦ ਆ ਗਏ ਹਨ। ਲਾਲਾ ਹੇਮ ਰਾਜ ਵਿਦਾ ਹੋ ਗਿਆ ਹੈ। ਕਲਮ ਵੀ। ਕਲਮ ਵਿਚਦੀ ਵਗਦੀ ਸਰਸਵਤੀ ਨੇ ਆਪਣਾ ਸਰੀਰ ਵਟਾ ਲਿਆ ਹੈ। ਹਰ ਯੁਗ ਦਾ ਆਪਣਾ ਅਵਤਾਰ ਹੁੰਦਾ ਹੈ।

ਲਾਲਾ ਹੇਮ ਰਾਜ ਦੀ ਮਿਰਤੂ ਦਾ ਪੱਕਾ ਪਤਾ ਨਹੀਂ। 1970 ਤੋ ਕਿਤੋਂ ਪਿੱਛੋਂ ਹੋਈ ਹੋਣੀ ਹੈ। ਓਦੋਂ ਹੀ ਕਿਤੇ ਪ੍ਰਾਇਮਰੀ ਸਕੂਲਾਂ ਵਿਚੋਂ ਕਲਮ ਤੇ ਲਕੜ ਦੀ ਫੱਟੀ ਵਿਦਾ ਹੋ ਗਈਆਂ ਸਨ। ਯੂਰਪ ਵਿਚ ਤਾਂ ਕਲਮ ਮਧ ਕਾਲ (1066-1485) ਵਿਚ ਹੀ ਕਿਤੇ ਅਲੋਪ ਹੋ ਗਈ ਦਸੀ ਦੀ ਹੈ। ਮਿੱਟੀ ਮਿਟੀ ਦਾ ਸੁਭਾ ਹੈ ਕੋਈ ਆਪਣੀਆਂ ਜੜਾਂ ਛੇਤੀ ਛਡਦੀ ਹੈ ਕੋਈ ਹੌਲੀ। ਅਜੇ ਵੀ ਕਿਸੇ ਨਾ ਕਿਸੇ ਸਕੂਲ ਵਿਚ ਬੱਚੇ ਫਟੀ ਉਤੇ ਕਲਮ ਨਾਲ ਲਿਖਦੇ ਹੋਣ ਗੇ। ਕੋਈ ਲਾਲਾ ਹੇਮਰਾਜ ਉਨ੍ਹਾਂ ਵਾਸਤੇ ਕਲਮਾਂ ਘੜਦਾ ਹੋਵੇਗਾ।

ਲਾਲਾ ਹੇਮ ਰਾਜ ਮੇਰੇ ਜੀਵਨ ਵਿਚ ਆਉਣ ਵਾਲਾ ਪਹਿਲਾ ਤੇ ਅੰਤਲਾ ਕਾਤਬ ਤੇ ਕਲਮਤਰਾਸ਼ ਸੀ। ਉਹ ਅੱਖਰਾਂ ਦੀ ਦੁਨੀਆਂ ਵਿਚ ਰਹਿੰਦਾ ਸੀ। ਅੱਖਰ ਹੀ ਉਹਦੇ ਜੀਆਂ ਜੰਤ ਸਨ। ਉਹਨਾਂ ਦੀ ਛਬੀ ਵੇਖ ਕੇ ਉਹਦਾ ਚਿਹਰਾ ਖਿੜ ਜਾਂਦਾ ਸੀ ਅੱਖਾਂ ਵੱਡੀਆਂ ਹੋ ਜਾਂਦੀਆਂ ਸਨ। ਮਹਿੰਦਰਾ ਕਾਲਜ ਪਟਿਆਲਾ ਮੇਰੇ ਅਧਿਆਪਕ  ਪ੍ਰੋਫੈਸਰ ਪ੍ਰੀਤਮ ਸਿੰਘ ਦਾ ਵੀ ਗੁਰਮੁਖੀ ਅੱਖਰਾਂ ਨਾਲ ਡੂੰਘਾ ਰਿਸ਼ਤਾ ਸੀ। ਉਹਨਾਂ ਦੀ ਸ਼ਖ਼ਸੀਅਤ ਵੀ ਗੁਰਮੁਖੀ ਅੱਖ਼ਰਾਂ ਵਾਙੂੰ ਸਾਧੀ ਤੇ ਸੰਜਮੀ ਸੀ। ਉਹ ਕਿਸੇ ਵੀ ਅੱਖਰ ਨੂੰ ਇੱਲਤ ਨਹੀਂ ਕਰਨ ਦਿੰਦੇ ਸੀ। ਨਾ ਹੀ ਉਨ੍ਹਾ ਦਾ ਹਾਰ ਸ਼ਿੰਗਾਰ ਕਰਦੇ ਸਨ। ਪਰ ਪ੍ਰੀਤਮ ਸਿੰਘ ਦੀ ਪਹਿਲ ਅੱਖਰਾਂ ਨੂੰ ਜਾਨਣ ਦੀ ਸੀ, ਉਹਨਾ ਦੀ ਜੰਮਣ ਭੋ ਤੇ ਉਨ੍ਹਾਂ ਦੀਆਂ ਸਾਕ ਸਕੀਰੀਆਂ ਭਾਲਣ ਦੀ। ਲਾਲਾ ਹੇਮ ਰਾਜ ਇਸ ਕਿਉਂ ਤੇ ਕਿੱਥੋਂ ਦੇ ਝੇੜੇ ਵਿਚ ਨਹੀਂ ਪੈਂਦਾ ਸੀ। ਪ੍ਰੀਤਮ ਸਿੰਘ ਅਖਰਾਂ ਦੇ ਖੋਜੀ ਸਨ, ਲਾਲ ਹੇਮ ਰਾਜ ਆਸ਼ਕ। ਮੈਂ ਦੋਹਾਂ ਤੋਂ ਅੱਖਰਾਂ ਦਾ ਅਦਬ ਕਰਨਾ ਸਿਖਿਆ।

ਪੰਜਵੀ ਜਮਾਤ (1951) ਵਿਚ ਆਈ., ਜੀ. ਤੇ ਜੈੱਡ.  ਦੀਆਂ ਨਿੱਬਾਂ ਵੇਖ ਕੇ ਲਾਲਾ ਹੇਮ ਰਾਜ ਦੀ ਕਲਮ ਓਝਲ ਹੋ ਗਈ। ਇਹ ਲਿਸ਼ਕਦੀਆਂ ਸਨ, ਬਦਲ ਬਦਲ ਕੇ ਇਕੋ ਡੰਕ ਵਿਚ ਪੈ ਜਾਂਦੀਆਂ ਸਨ। ਛੇਤੀ ਘਸ ਕੇ ਬੇਕਾਰ ਨਹੀਂ ਹੁੰਦੀਆਂ ਸਨ। ਏਸੇ ਵਰ੍ਹੇ ਇਕ ਇਨਾਮ ਵਿਚ ਮੈਨੂ ਲਿਖਣ ਵਾਲੀਆਂ ਦੋ ਕਾਪੀਆਂ, ਕਾਲਗੇਟ ਟੁਥਬੁਰਸ਼ ਤੇ ਪੇਸਟ ਦੀ ਟੂਬ ਮਿਲੀ। ਅਜੀਬ ਇਨਾਮ ਸੀ। ਭਲਾ ਕਾਲਗੇਟ ਦਾ ਕਾਪੀਆਂ ਨਾਲ ਕੀ ਸੰਬੰਧ ਹੋ ਸਕਦਾ ਸੀ।

ਇਹ ਇਨਾਮ ਆਉਣ ਵਾਲੇ ਵੇਲ਼ੇ ਦਾ ਪਰਾਯਥਾਰਥਕ (surrealist painting) ਚਿਤਰ ਸੀ। ਜਿਸ ਵਿਚ ਕਾਲਗੇਟ ਬੁਰਸ਼, ਕਾਰਪੋਰੇਟ ਹੱਥ ਵਿਚ ਫੜੀ ਕਲਮ ਦਾ ਰੂਪਕ ਹੈ। ਓਦੋਂ ਪਤਾ ਨਹੀਂ ਸੀ ਅਧੀ ਸਦੀ ਪਿੱਛੋਂ ਵੇਲੇ ਦੇ ਪੰਨੇ ਤੇ ਕਾਲਗੇਟ ਦੀ ਕਲਮ ਹੀ ਲਿਖੇਗੀ। ਜਾਂ ਲਿਖਵਾਏ ਗੀ। ਦੂਜੀਆਂ ਕਲਮਾਂ ਲਈ ਹਾਸ਼ੀਆ ਹੀ ਬਚੇਗਾ। ਉਂਜ ਪੁਰਾਣੇ ਵੇਲ਼ਿਆਂ ਤੋ ਹੀ, ਕਲਮ ਅਕਸਰ ਕੁਲੀਨ ਹਥਾਂ ਦੇ ਕਬਜ਼ੇ ਵਿਚ ਰਹੀ ਹੈ। ਜਦੋਂ ਕਾਲੇ ਹੱਥ ਇਹਨੂੰ ਫੜਦੇ ਸਨ, ਉਹਨਾ ਦੀਆਂ ਉੰਗਲਾਂ ਵਢੀਆਂ ਜਾਂਦੀਆਂ ਸਨ। ਸ਼ੂਦਰਾਂ ਦੇ ਕੰਨਾਂ ਵਿਚ ਸਿੱਕਾ ਢਾਲਿਆ ਜਾਂਦਾ ਸੀ।

ਕਾਲਗੇਟ ਦੀ ਲੜਾਈ ਇਕੱਲੀ ਕਲਮ ਨਾਲ ਹੀ ਨਹੀ ਕਿੱਕਰ ਤੇ ਨਿੱਮ ਨਾਲ ਵੀ ਸੀ ਜਿਨ੍ਹਾਂ ਦੀਆਂ ਟਾਹਣੀਆਂ ਸਦੀਆਂ ਤੋ ਸਾਡੀਆਂ ਦਾਤਣਾ ਬਣਦੀਆਂ ਰਹੀਆਂ ਹਨ। ਅਜ ਪੰਜਾਬ ਵਿਚੋਂ ਕਿਕਰ ਅਲੋਪ ਹੋਣ ਵਾਲੀ ਹੈ, ਤੇ ਨਿੰਮ ਨੂੰ ਇਕ ਅਮਰੀਕਨ ਕੰਪਨੀ ਪੇਟੈਂਟ ਕਰ ਰਹੀ ਹੈ। ਇਹਦੀਆਂ ਨਮੋਲੀਆਂ ਤੇ ਮੋਹਰਾਂ ਲਗ ਜਾਣੀਆਂ ਹਨ। ਵਿਸ਼ਵੀਕਰਣ ਦੇ ਤੰਦੂਏ ਦੀਆਂ ਬਾਹਾਂ ਰੋਡੇ ਪਿੰਡ ਦੀ ਕਿੱਕਰ ਤਕ ਪਹੁੰਚ ਗਈਆਂ ਹਨ। ਕਿਕਰ ਇਕ ਬਿਰਖ ਨਹੀਂ, ਇਹ ਵਿਸ਼ੇਸ਼ ਧਰਤੀ, ਇਤਿਹਾਸ ਤੇ ਸਾਂਸਕ੍ਰਿਤਕ ਵਾਤਾਵਰਣ ਦਾ ਪ੍ਰਤੀਕ ਹੈ ਜਿਸ ਵਿਚ ਅਸੀਂ ‘ਪੰਜਾਬੀ’ ਹੋ ਸਕਦੇ ਹਾਂ। ਕਿਕਰ ਨੂੰ ਭੁੱਲਣਾ ਪੰਜਾਬੀ ਹੋਣ ਨੂੰ ਭੁੱਲਣਾ ਹੈ। ਵਿਸ਼ਵੀਕਰਣ ਸਥਾਨਕਤਾ ਦਾ ਵਿਸਿਮਰਤੀਕਰਣ ਹੈ।

ਹੁਣ ਲਾਲਾ ਹੇਮਰਾਜ ਦੀ ਕਲਮ ਵਲ ਪਰਤਣਾ ਸੰਭਵ ਨਹੀਂ। ਪੁੱਠੇ ਪੈਰੀਂ ਤੁਰਨਾਂ ਯੋਗ ਵੀ ਨਹੀਂ। ਨਾਲੇ ਵਿਸ਼ਵੀਕਰਣ ਸਾਡੇ ਲਈ ਨਿਰਾ ਸਰਾਪ ਵੀ ਨਹੀਂ। ਸ਼ਾਇਦ ਹਰ ਸਰਾਪ ਵਿਚ ਵਰਦਾਨ ਵੀ ਸ਼ਾਮਲ ਹੁੰਦਾ ਹੈ। ਵੇਲਾ ਏਸੇ ਸੰਬਾਦਕਤਾ ਵਿਚ ਤੁਰਦਾ ਹੈ। ਇਹਨੇ ਸਾਨੂੰ ਇਕ ਦੂਜੇ ਦੇ ਨੇੜੇ ਕਰ ਦਿੱਤਾ ਹੈ। ਬਿਪਤਾ ਵੇਲੇ ਸਾਡੀ ਬਾਂਹ ਸਾਰੇ ਗਲੋਬ ਨੂੰ ਵਲਣ ਜੋਗ ਬਣਾ ਦਿਤੀ ਹੈ। ਕੰਪਿਊਟਰ ਤੇ ਇੰਟਰਨੈਟ ਨੇ ਸੂਚਨਾ ਤੇ ਗਿਆਨ ਦਾ ਦਰ ਹੀ ਨਹੀਂ ਅਕਾਸ਼ ਖੋਹਲ ਦਿੱਤਾ ਹੈ।

ਅਜ ਕਲ ਮੈਂ ਕੰਪਿਊਟਰ ਤੇ ਲਿਖਦਾ ਹਾਂ। ਲਿਖਦਾ ਨਹੀਂ, ਟਾਈਪ ਕਰਦਾ ਹਾਂ। ਟਾਈਪ ਵੀ ਨਹੀਂ, ਕੀਬੋਰਡ ਦੇ ਅੱਖਰਾ ਨੂੰ ਛੁੰਹਦਾ ਹਾਂ। ਅੱਖਰਾਂ ਨੂੰ ਵੀ ਨਹੀ, ਉਹਨਾ ਦੇ ਚਿੰਨ੍ਹ੍ਹਾ ਨੂੰ। ਚਿੰਨ੍ਹ ਅੰਗਰੇਜ਼ੀ ਦੇ ਹਨ, ਪਰ ਇਨ੍ਹਾ ਨਾਲ  ਮੈ ਪੰਜਾਬੀ, ਹਿੰਦੀ, ਉਰਦੂ ਦੇ ਅੱਖਰ ਵੀ ਪਾ ਸਕਦਾ ਹਾਂ। ਉਰਦੂ ਦੇ ਅੱਖਰ ਸਿੱਖਣ ਦੀ ਲੋੜ ਨਹੀਂ। ਨਾ ਲਾਲਾ ਹੇਮ ਰਾਜ ਦੀ। ਅਖਰ ਤਾਂ ਉਹੀ ਹਨ, ਸਗੋਂ ਵਧੇਰੇ ਸਾਫ ਸੁਥਰੇ, ਪੜ੍ਹਨ ਲਈ ਸੌਖੇ, ਇਕਸਾਰ। ਸੰਚੇ ਵਿਚ ਢਲੇ ਹੋਏ।

ਪਰ ਇਹ ਮੇਰੇ ਨਾਲ ਖੇਡਦੇ ਨਹੀਂ। ਸਰੀਰ ਦੀ ਗਰਮੀ ਨਾਲ ਪੰਘਰਦੇ ਨਹੀਂ। ਅਥਰੂ ਕਿਰਨ ਤੇ ਖਿੰਡਰਦੇ ਨਹੀਂ। ਇਹ ਆਪਣੇ ਪਾਉਣ ਵਾਲੇ ਨੂੰ ਨਹੀਂ ਜਾਣਦੇ।

ਜਦੋਂ ਮਸ਼ੀਨੀ ਅੱਖਰਾਂ ਤੋਂ ਉਕਤਾ ਜਾਂਦਾ ਹਾਂ ਮੈਂ ਨਿਬ ਵਾਲੇ ਡੰਕ ਨਾਲ ਲਿਖਣ ਲਗ ਜਾਂਦਾ ਹਾਂ। ਮੈਂ ਖ਼ੁਸ਼ ਹੁੰਦਾ ਹਾਂ ਜਦੋਂ ਨਿੱਬ ਵਿਚੋ ਸਿਆਹੀ ਸੁਕ ਜਾਂਦੀ ਹੈ ਤੇ ਉਹ ਵਿਟਰ ਜਾਂਦੀ ਹੈ। ਕਾਗਦ ਤੇ ਸਿਆਹੀ ਦਾ ਵੱਡਾ ਟੇਪਾ ਡਿਗਦਾ ਹੈ ਮੈਨੂੰ ਬਾਬੇ ਗੁਦੜ ਦਾ ਟੋਭਾ ਯਾਦ ਆ ਜਾਂਦਾ ਹੈ। ਤੇ ਲਾਲਾ ਹੇਮ ਰਾਜ ਵੀ।

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Connecting to %s