ਅਜ ਦੀ ਰਾਤ

ਅਜ ਦੀ ਰਾਤ

ਜੇ ਸੰਗਦੀ ਤੋਂ ਮੈਥੋਂ
ਕਹਿ ਨਹੀਂ ਹੋਇਆ
ਤੂੰ ਆਪ ਹੀ ਰਹਿ ਜਾਂਦਾ
ਅਜ ਦੀ ਰਾਤ

ਇਹ ਤਾਂ ਚਿਤ ਚੇਤੇ ਵੀ ਨਹੀਂ ਸੀ
ਤੇਰੇ ਨਾਲ ਬੋਲਣ ਲਈ ਵੀ
ਬੋਲਣਾ ਪਵੇਗਾ

ਜੋ ਦੇਹ ਆਖਦੀ ਹੈ
ਉਹ ਕਹਿਣ ਜੋਗੇ ਸ਼ਬਦ ਹੁੰਦੇ
ਮੈਂ ਕਹਿ ਦਿੰਦੀ

ਤੂੰ ਮੇਰੀ ਦੇਹ ਦੀ ਬੋਲੀ
ਜਾਣਦਾ ਹੈਂ  ਮੈਥੋਂ ਵੀ ਵਧ
ਮੇਰਾ ਅੰਦਰਲਾ ਕਹਿੰਦਾ ਹੈ
ਜਦੋਂ ਜੀਅ ਜਹਾਨ ਸੌਂ ਗਿਆ
ਮੇਰਾ ਬੂਹਾ ਖੜਕੇਗਾ

ਅਜ ਆਪਾਂ ਟੀ ਵੀ ਵੇਖਾਂਗੇ

ਅਜ ਆਪਾਂ ਟੀ ਵੀ ਵੇਖਾਂਗੇ

ਅਜ ਸ਼ਾਮ ਆਪਾਂ ਟੀ ਵੀ ਤੇ
ਫਿਲਮ ਵੇਖਾਂਗੇ

ਤੂੰ ਅਰਸਤੂ ਨਹੀਂ ਪੜ੍ਹੇਂਗਾ
ਮੇਜ ਤੇ ਬਹਿਕੇ
ਮੈ ਰਹਿਰਾਸ ਨ੍ਹੀ ਕਰਾਂਗੀ
ਖਿਮਾ ਗੁਰੂ ਤੋਂ ਲੈਕੇ

ਨਾਲ ਨਾਲ ਬੈਠਾਂਗੇ ਸੋਫੇ ਤੇ
ਲੱਤਾਂ ਤੇ ਕੰਬਲ ਲੈਕੇ

ਮੈਂ ਮੱਕੀ ਦੀਆਂ ਖਿੱਲਾਂ  ਬਣਾਉਂਦੀ ਹਾਂ
ਤੂੰ ਕਹਿਨੈਂ ਤਾਂ
ਨੂਣ ਤੇ ਮੱਖਣ ਨਹੀਂ ਪਾਉਂਦੀ

ਇਕੋ ਕੌਲੇ ‘ਚੋਂ  ਖਾਵਾਂਗੇ
ਕੋਈ ਖਿੱਲ ਬਾਹਰ ਡਿਗੀ
ਚੁਕਾਂਗੇ ਨਹੀਂ

ਜੇ ਡਰੀ
ਅੱਖਾਂ ਮੀਚ ਤੇਰੀ ਵੱਖੀ ਨਾਲ
ਲਗ ਜਾਊਂ
ਚੀਕ ਵੀ ਮਾਰੂੰ ਕੰਨ ਪਾੜਵੀਂ
ਹੱਸੂੰ ਗੀ ਉਚੀ ਭਾਵੇਂ
ਦੁਖਣ ਪੱਸਲੀਆਂ
ਤੂੰ ਵੀ ਹੱਸੇਗਾ ਮੇਰੇ ਨਾਲ
ਨਹੀਂ ਤਾਂ ਕੁਤਕੁਤਾੜੀਆਂ
ਕੱਢੂੰ ਦੋਹਾਂ ਹੱਥਾਂ ਨਾਲ

ਯਾਦ ਕਰਾਂਗੇ ਉਹ ਦਿਨ
ਚੰਗੀ ਮਾੜੀ ਕੋਈ ਵੀ ਫਿਲਮ
ਵੇਖਣ ਦਾ ਬਹਾਨਾ ਭਾਲਦੇ
ਮੂੰਗਫਲੀ ਦਾ ਲਿਫਾਫਾ ਤੇ
ਗੁੜ ਦੀਆਂ ਰਿਉੜੀਆਂ
ਹੀਰੋ ਨੂੰ ਹੀਰੋਇਨ ਮਗਰ ਟਪਦਾ
ਵੇਖ ਹਸਦੇ

ਮੈਂ ਕਹਿੰਦੀ
ਤੂੰ ਵੀ ਮੇਰੇ ਤੇ ਦਿਲ ਫੈਂਕ ਸਕਦੈ
ਟਪੂਸੀ ਮਾਰਕੇ
ਤੂੰ ਕਹਿੰਦਾ
ਹਾਂ, ਜੇ ਪਹਿਲਾਂ ਬਣੇਂ ਉਹੋ ਜਿਹੀ ਬਾਂਦਰੀ

ਅਜ ਸ਼ਾਮ ਆਪਾਂ ਟੀ ਵੀ ਤੇ
ਫਿਲਮ ਵੇਖਾਂਗੇ

ਮਿਰਤੂ

ਮੈਨੂੰ ਪੈੜਚਾਲ ਸੁਣਦੀ ਹੈ ਉਨ੍ਹਾਂ ਦੀ

ਨਾਲ ਤੁਰਦੇ ਤੁਰਦੇ ਜੋ

ਨਿਖੜ ਗਏ

 

ਜਾਂ ਇਹ ਮੇਰੇ ਹੀ ਪੈਰਾਂ

ਦੀ ਆਵਾਜ਼ ਹੈ

ਉਡੀਕ

ਮੈ ਘਰ ਦਾ ਬੂਹਾ ਓੜਕਿਆ ਹੀ ਹੈ

ਭੇੜਿਆ ਨਹੀਂ

ਮੈਨੂੰ ਪਤਾ ਹੈ

ਬੰਦ ਬੂਹੇ ਤੇ ਜੋਗੀ

ਅਲਖ ਨਹੀਂ ਜਗਾਉਂਦੇ

ਕਲੀ ਕਿ ਜੋਟਾ

ਕਲੀ ਕਿ ਜੋਟਾ
ਰਬ ਪੁੱਛਦਾ ਹੈ

ਜੋਟਾ, ਮੈਂ ਕਹਿੰਦਾ ਹਾਂ
ਉਹ ਮੁੱਠੀ ਖੋਲ੍ਹਦਾ ਹੈ
ਕਲੀ ਨਿਕਲਦੀ ਹੈ

ਅਗਲੀ ਵਾਰ ਕਲੀ ਕਹਿੰਦਾ ਹਾਂ
ਜੋਟਾ ਨਿਕਲ ਆਉਂਦਾ ਹੈ

ਪਹਿਲੇ ਦਿਨ ਤੋਂ
ਏਹੀ ਹੋ ਰਿਹੈ

ਤੂੰ ਰੌਂਦ ਮਾਰਦੈਂ
ਹਾਰਨ ਤੋਂ ਡਰਦਾ

ਹਾਰਨ ਤੋਂ ਨਹੀਂ
ਮੈਂ ਖੇਡ ਖਤਮ ਹੋਣ ਤੋਂ
ਡਰਦਾ ਹਾਂ

ਕਲੀ ਕਿ ਜੋਟਾ
ਉਹ ਫੇਰ ਮੁੱਠ ਅਗੇ ਕਰਦਾ ਹੈ