Writing

ਕਲਮ

ਲਾਲਾ ਹੇਮਰਾਜ ਦੀ ਯਾਦ ਵਿਚ

ਪੈੱਨ ਜਾਂ ਪੈਨਸਿਲ ਖਰੀਦਣ ਵੇਲੇ ਮੈਨੂੰ ਕਈ ਵਾਰ ਲਾਲਾ ਹੇਮ ਰਾਜ ਚੇਤੇ ਆ ਜਾਂਦਾ ਹੈ। ਚੇਤਾ ਵੀ ਅਲਾਦੀਨ ਦੇ ਚਿਰਾਗ਼ ਵਰਗਾ ਹੈ, ਫਟੱਕ ਦੇਣੇ ਬੀਤੇ ਦੀ ਗੁਫਾ ਖੋਲ੍ਹ ਦਿੰਦਾ ਹੈ। ਮੈਂ 1950 ਵਿਚ ਚਲਾ ਜਾਂਦਾ ਹਾਂ। ਲਾਲਾ ਹੇਮ ਰਾਜ ਕੁਰਸੀ ਤੇ ਬੈਠਾ ਕਲਮਾਂ ਘੜ ਰਿਹਾ ਹੈ। ਪੱਗ ਕੁੱਲੇਦਾਰ, ਨੱਕ ਲੰਮਾ, ਸਰੀਰ ਇਕਹਿਰਾ। ਅੱਖਾਂ ਛੋਟੀਆਂ ਪਰ ਲਗਦੀਆਂ ਵੱਡੀਆਂ ਚਿਹਰਾ ਪਤਲਾ ਹੋਣ ਕਰ ਕੇ।

ਉਹ ਸਾਡੇ ਛੋਟੇ ਸਕੂਲ ਦਾ ਹੈੱਡ ਮਾਸਟਰ ਸੀ। ਇਹ ਸਕੂਲ ਚੌਥੀ ਜਮਾਤ ਤਕ ਸੀ। ਕਦੇ ਏਥੇ ਹਸਪਤਾਲ ਹੁੰਦਾ ਸੀ; ਪੱਕੀਆਂ ਇਟਾ ਦੇ ਦੋ ਕਮਰੇ, ਥੁਹੜੀ ਵਿੱਥ ਤੇ ਰਿਹਾਇਸ਼ੀ ਕੁਆਟਰ। ਕਈ ਮਾਵਾਂ ਅਜੇ ਵੀ ਇਹਨੂੰ ਹਸਪਤਾਲ ਕਹਿੰਦੀਆਂ ਸਨ।

ਅਸੀਂ ਬੋਰਿਆਂ ਤੇ ਬਹਿੰਦੇ ਸੀ ਤੇ ਲੱਕੜ ਦੀ ਫੱਟੀ ਉਤੇ ਕਾਨੇ ਦੀ ਕਲਮ ਨਾਲ ਲਿਖਦੇ ਸੀ। ਬਹੁਤਿਆਂ ਨੇ ਬੋਕੀ ਵਾਲਾ ਪੈੱਨ ਵੇਖਿਆ ਨਹੀਂ ਸੀ, ਕਈਆਂ ਨੇ ਨਿੱਬ ਵਾਲਾ ਡੰਕ ਤੇ ਪੈਨਸਿਲ ਵੀ ਨਹੀਂ ਵੇਖੀ ਸੀ। ਉਨ੍ਹਾ ਦਾ ਲਿਖਣ ਵਾਲਾ ਪਹਿਲਾ ਜੰਤਰ ਕਲਮ ਸੀ, ਲਾਲਾ ਹੇਮਰਾਜ ਦੀ ਘੜੀ ਹੋਈ।

ਪਰ ਮੇਰਾ ਪਹਿਲਾ ਜੰਤਰ ਕਲਮ ਨਹੀਂ ਸੀ। ਸੱਜੇ ਹੱਥ ਦੀ ਪਹਿਲੀ ਉੰਗਲ ਸੀ। ਕਾਗਦ ਧਰਤੀ ਸੀ, ਸੰਤ ਅਰਜਨ ਸਿੰਘ ਪਹਿਲਾ ਅਧਿਆਪਕ। ਗੁਰਦੁਆਰਾ ਪਹਿਲਾ ਵਿਦਿਆਲਾ। ਸਬਕ ਦਾ ਅਰੰਭ ਅੱਖਰ ਲਿਖਣ ਨਾਲ ਨਹੀਂ ਹੁੰਦਾ ਸੀ। ਗੁਰਦੁਆਰੇ ਦੇ ਭਾਂਡੇ ਮਾਂਜਣ ਨਾਲ ਹੁੰਦਾ ਸੀ। ਜਿਹੜੀ ਸੁਆਹ ਭਾਂਡੇ ਸੁੱਚੇ ਕਰਦੀ ਸੀ ਉਹੀ ਭੁੰਜੇ ਵਿਛ ਕੇ ਅਖਰਾਂ ਨੂੰ ਰੂਪ ਦਿੰਦੀ ਸੀ। ਅਸੀਂ ਅੱਖਰ ਪਾਉਂਦੇ, ਸੰਤ ਜੀ ਖੜ੍ਹੇ ਵੇਖਦੇ ਰਹਿੰਦੇ। ਕਦੇ ਕਦੇ ਤੀਰ ਦੀ ਨੋਕ ਨਾਲ ਅੱਖਰਾਂ ਦੀ ਗੁਲਾਈ ਸਹੀ ਕਰਦੇ। ਸਬਕ ਪੂਰਾ ਹੁੰਦਾ ਉਹ ਆਪਣੇ ਭੋਰੇ ਵਿਚ ਚਲੇ ਜਾਂਦੇ ਅਸੀਂ ਗੁਰਦੁਆਰੇ ਦੀ ਖੂਹੀ ਉਤੇ। ਉਹ ਮਾਲਾ ਫੇਰਦੇ ਅਸੀਂ ਹਲਟੀ ਗੇੜਦੇ। ਆਉਂਦੇ ਜਾਂਦੇ ਪਸੂਆਂ ਲਈ ਪਾਣੀ ਦੀ ਖੇਲ਼ ਭਰੀ ਰਖਦੇ। ਬਰਤਨ ਸੁੱਚੇ ਕਰਨੇ, ਪਸੂਆਂ ਨੂੰ ਪਾਣੀ ਪਿਆਉਣਾ, ਰਾਹੀਆਂ ਪਾਂਧੀਆਂ ਦੇ ਖਾਣ ਲਈ ਦੋ ਵੇਲੇ ਗਜਾ (ਮੰਗ) ਕਰਕੇ ਭੋਜਨ ਲਿਆਉਣਾ ਵਿਦਿਆ ਸਿੱਖਣ ਦੀ ਫੀਸ ਨਹੀਂ ਸੀ, ਸਿੱਖਿਆ ਦਾ ਅੰਗ ਸੀ। ਭਾਂਡੇ ਵਿਚ ਵਸਤ ਪਾਉਣ ਤੋਂ ਪਹਿਲਾਂ ਭਾਂਡੇ ਨੂੰ ਸੁੱਚਾ ਕਰਨ ਦੀ ਜੁਗਤ ਸੀ। ਵਿਦਿਆ ਨੁੰ ਸਮਾਜਕ ਅਭਿਆਸ ਨਾਲ ਜੋੜਨ ਦਾ ਜੋਗ। ਸੰਤ ਜੀ ਕਹਿੰਦੇ ਹੁੰਦੇ ਸੀ, “ਬਿਖ ਵਿਦਿਆ ਅਭਿਆਸ ਬਿਨ”। ਜਿਹੜੀ ਵਿਦਿਆ ਸਮਾਜ ਦੇ ਲੇਖੇ ਨਹੀਂ ਲਗਦੀ ਉਹ ਵਿਹੁ ਹੈ।

ਧਰਤੀ ਤੇ ਲਿਖਣ ਦੀਆਂ ਅਨੇਕ ਸੁਵਿਧਾਵਾਂ ਸਨ। ਧਰਤੀ ਭਾਲਣੀ ਨਹੀਂ ਪੈਂਦੀ। ਇਹ ਹਰ ਵੇਲੇ, ਹਰ ਥਾਂ ਹੈ। ਲਿਖਦਿਆਂ ਮੁਕਦੀ ਨਹੀਂ। ਹੋਰ ਪਰ੍ਹੇ ਹੋਰ ਹੋਰ ਹੋ ਜਾਂਦੀ ਹੈ। ਉਂਗਲ ਵਿਚਲੀ ‘ਸਿਆਹੀ’ ਸੁਕਦੀ/ ਮੁਕਦੀ ਨਹੀਂ। ਫੇਰ ਸਭ ਕੁਝ ਮੁਫਤ; ਧਰਤੀ, ਅੱਖਰ, ਉੰਗਲ, ਗੁਰਦੁਆਰਾ ਗੁਰੂ। ਵਿਦਿਆ ਓਵੇਂ ਹੀ ਮਿਲ ਰਹੀ ਸੀ ਜਿਵੇਂ ਪੌਣ ਪਾਣੀ ਤੇ ਸੂਰਜ ਦੀ ਧੁੱਪ ਮਿਲਦੀ ਹੈ।

ਧਰਤੀ ਉਤੇ ਅਖਰ ਪਾਉਣੇ ਖੇਡ ਲਗਦੀ ਸੀ। ਘੀਚ ਮਚੌਲੀਆਂ ਵਰਗੀ। ਸਿਖਣ ਦਾ ਸਹਿਮ ਨਹੀਂ ਸੀ, ਚਾਓ ਸੀ। ਧਰਤੀ ਅੱਖਰਾਂ ਨੂੰ ਵਧਣ ਫੁੱਲਣ, ਛੋਟੇ ਵਡੇ ਹੋਣ ਦੀ ਖੁੱਲ੍ਹ ਦਿੰਦੀ ਸੀ ਜਿਵੇਂ ਘਾਅ ਫੂਸ ਨੂੰ ਦਿੰਦੀ ਹੈ। ਜਦੋ ਸੰਤ ਜੀ ਵਿੰਹਦੇ ਨਹੀਂ ਸੀ, ਅਸੀਂ ਅੱਖਰਾ ਨਾਲ ਜੁਆਕਾਂ ਵਾਲੀਆਂ ਇੱਲਤਾਂ ਵੀ ਕਰ ਲੈਂਦੇ ਸੀ। ਮੂੰਹ ਮੱਥਾ ‘ਵਿਗਾੜ’ ਦਿੰਦੇ, ਸਿਹਾਰੀਆਂ ਬਿਹਾਰੀਆਂ ਛੋਟੀਆਂ ਵੱਡੀਆਂ ਕਰ ਦਿੰਦੇ।

ਪਰ ਲਿਖੀ ਹੋਈ ਧਰਤੀ ਤਹਿ ਲਗ ਕੇ ਜੇਬ ਵਿਚ ਨਹੀਂ ਪੈਂਦੀ ਸੀ, ਨਾ ਜਿਲਦ ਵਿਚ ਸਿਉਂਤੀ ਜਾਂਦੀ। ਇਹ ਅੱਖਰਾਂ ਦੇ ਅਭਿਆਸ ਲਈ ਹੀ ਸੀ, ਉਹਨਾਂ ਦੀ ਸਾਂਭ ਸੰਭਾਲ ਲਈ ਨਹੀਂ ਸੀ। ਧਰਤੀ ਚੀਜ਼ਾਂ ਨੂੰ ਫੜ ਕੇ ਨਹੀਂ ਰਖਦੀ। ਬਸ ਉਨ੍ਹਾਂ ਨੂੰ ਆਉਣ ਜਾਣ ਹੋਣ ਅਣਹੋਣ ਦਿੰਦੀ ਹੈ।

ਲਿਖਣਾ ਸਰੀਰਕ ਕਿਰਿਆ ਸੀ। ਭਾਂਡੇ ਮਾਂਜਣ ਵਰਗੀ, ਹਲਟੀ ਗੇੜਨ ਵਰਗੀ। ਵਿਦਿਆ ਢਿੱਡ ਵਿਚ ਦੀ ਹੋ ਕੇ ਸਿਰ ਨੂੰ ਜਾਂਦੀ ਸੀ। ‘ਮਹਰਾਜ ਜੀ ਸਾਡੇ ਬੱਚੇ ਦੇ ਢਿੱਡ ਵਿਚ ਵੀ ਚਾਰ ਅੱਖਰ ਪਾ ਦਿਓ’ ਮਾਂ ਬਾਪ ਆਪਣੇ ਬੱਚੇ ਨੂੰ ਪੜ੍ਹਨੇ ਪਾਉਣ ਵੇਲੇ ਸੰਤਾ ਨੂੰ ਬੇਨਤੀ ਕਰਦੇ ।

ਗੁਰਮੁਖੀ ਅੱਖਰ ਮੇਰੀ ਉਂਗਲ ਵਿਚ ਧਸ ਗਏ ਹਨ। ਸਣੇ ਧਰਤੀ ਦੀ ਜਲੂਣ ਦੇ। ਉਂਗਲ ਅਜੇ ਵੀ ਕੁਝ ਨਾ ਕੁਝ ਲਿਖਦੀ ਰਹਿੰਦੀ ਹੈ, ਧਰਤੀ ਤੇ ਨਹੀਂ, ਅੰਗੂਠੇ ਤੇ। ਅੰਗੂਠਾ ਭਾਵੇਂ ਧਰਤੀ ਜਿਡਾ ਨਹੀਂ, ਪਰ ਅਜੇ ਤਕ ਭਰਿਆ ਨਹੀਂ। ਮੇਰੀ ਬਹੁਤੀ ਜਨਮ ਸਾਖੀ ਅੰਗੂਠੇ ਦੀ ਪੁਸਤਕ ਵਿਚ ਲਿਖੀ ਹੋਈ ਹੈ। ਪਰ ਇਹਦਾ ਹਰ ਅੱਖਰ ਲਿਖਣ ਸਾਰ ਅਲੋਪ ਹੋ ਜਾਂਦਾ ਹੈ। ਜਿਵੇਂ ਲੰਘਦਾ ਹਰ ਪਲ। ਇਸਨੂੰ ਪੜ੍ਹਨ ਦਾ ਗੁਰ ਮੈਨੂੰ ਅਜੇ ਆਇਆ ਨਹੀਂ।

ਮੇਰੀ ਅੱਖਰ ਪਾਉਣ ਵਾਲੀ ਉਂਗਲ, ਪੈਨਸਿਲ ਵਿਚ ਪਹਿਲਾਂ ਬਦਲੀ, ਕਲਮ ਵਿਚ ਪਿੱਛੋਂ। ਭਾਵੇਂ ਕਲਮ ਪੈਨਸਿਲ ਤੋਂ ਹਜ਼ਾਰਾਂ ਸਾਲ ਪਹਿਲਾਂ ਆਈ, ਮੇਰੇ ਕੋਲ ਆ ਕੇ ਪਿੱਛੇ ਹੋ ਗਈ। ਤ੍ਰੇਤਾ ਜੁਗ ਪਹਿਲਾਂ ਲਗ ਗਿਆ, ਦੁਆਪਰ ਪਿੱਛੇ ਹੋ ਗਿਆ।

ਮੈਨੂੰ ਸੁਹਣੇ ਸ਼ਬਦ ਸਾਂਭਣ ਦੀ ਲਿਲ੍ਹਕ ਸੀ। ਬਾਣੀ `ਚੋ, ਗ੍ਰੰਥਾਂ `ਚੋ, ਸੰਤਾਂ ਦੇ ਬੋਲਾਂ `ਚੋਂ ਜਿਥੋਂ ਕੋਈ ਮਿਲਦਾ ਮੈ ਲਿਖ ਲੈਂਦਾ। ਜੇਬ ਵਿਚ ਧਾਗੇ ਨਾਲ ਨੱਥੀ ਕਾਗਦਾਂ ਦੀ ਕਾਪੀ ਰਖਦਾ ਤੇ ਨਾਲ ਪੈਨਸਿਲ ਦਾ ਟੋਟਾ। ਕਾਗਜ਼ ਦੀ ਗ਼ਰੀਬੀ ਸੀ। ਜਿਥੋਂ ਕੋਈ ਟੋਟਾ ਮਿਲਦਾ ਸਾਂਭ ਲੈਂਦਾ, ਭਾਵੇਂ ਇਕ ਪਾਸਾ ਵਰਤਿਆ ਹੀ ਹੁੰਦਾ।

ਫਾਉਟਨ ਪੈੱਨ ਅਜੇ ਵੇਖਿਆ ਨਹੀਂ ਸੀ। ਕਲਮ ਦੁਆਤ ਜੇਬ ਵਿਚ ਰਖਣੀ ਅਉਖੀ ਸੀ। ਪੈਨਸਿਲ ਨਾਲ ਅੱਖਰ ਸਾਫ ਸੁਥਰੇ ਪੈਂਦੇ। ਨਾ ਦੁਆਤ ਚੁਕਣ ਦਾ ਟੰਟਾ ਨਾ ਸਿਆਹੀ ਡੁੱਲ੍ਹਣ ਦਾ ਸੰਸਾ। ਪੈਨਸਿਲ ਵਰਤਣੀ ਸੌਖੀ ਸੀ। ਬੈਠਿਆਂ, ਖੜ੍ਹਿਆਂ, ਲੇਟਿਆਂ ਤੁਰਦਿਆਂ ਹਰ ਮੁਦਰਾ ਵਿਚ ਅੱਖਰ ਪਾ ਦਿੰਦੀ ਸੀ।

ਕਲਮ ਨਾਲ ਮੇਰਾ ਵਾਹ ਛੋਟੇ ਸਕੂਲ ਵਿਚ ਆਉਣ ਨਾਲ ਪਿਆ। ਉਹ ਵੀ ਚੌਥੀ ਜਮਾਤ ਦੇ ਅਖੀਰਲੇ ਤਿੰਨ ਕੁ ਮਹੀਨੇ। ਮੈ ਗੁਰਦੁਆਰੇ ਤੋਂ ਸਿੱਧਾ ਏਸ ਜਮਾਤ ਵਿਚ ਹੀ ਆਇਆ ਸੀ। ਓਦੋਂ ਤਕ ਮੈ ਕਵਿਤਾ ਜੋੜਨ ਲਗ ਪਿਆ ਸੀ। ਇਕ ਕਵਿਤਾ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਪੱਤਰ ਬਾਲ ਸੰਦੇਸ਼ ਵਿਚ ਛਪ ਚੁਕੀ ਸੀ। ਮੇਰਾ ਨਾਂ ਮੇਹਰ ਸਿੰਘ ਸੀ। ਪ੍ਰੀਤਲੜੀ ਨੇ ਮੈਨੂੰ ਗੁਰਦੁਆਰੇ ਤੋਂ ਸਕੂਲਦੁਆਰੇ ਵਲ  ਤੋਰਿਆ।

ਹੇਮਰਾਜ ਸੁਭਾ ਦਾ ਕਸੈਲ ਸੀ। ਗੁੱਸੇ ਵਿਚ ਸਾਨੂੰ ਟੇਬਲ ਟੈਨਿਸ ਵਾਲੇ ਬੱਲੇ ਨਾਲ ਕੁੱਟਦਾ। ਹੱਥਾਂ ਬਾਹਾਂ ਤੇ ਰੋਭੜੇ ਪਾ ਦਿੰਦਾ। ਇਕ ਦਿਨ ਸਾਡੇ ਜਮਾਤੀ ਭੱਲੇ ਨੂੰ ਏਨਾ ਕੁੱਟਿਆ ਉਹ ਰੋਂਦਾ ਗਾਲ਼ਾਂ ਕਢਦਾ ਘਰ ਚਲਾ ਗਿਆ। ਅਗੋਂ ਬਾਪੂ ਪੈ ਨਿਕਲਿਆ, ਕੰਜਰਾ, ਮਰਿਆ ਸੀ ਕੁੱਟ ਖਾਈ ਗਿਆ। ਗੀਦੀ ਕਿਸੇ ਥਾਂ ਦਾ। ਵੜ ਜਾ ਮਾਂ ਦੀ ਕੱਛ ਵਿਚ”। ਭੱਲੇ ਨੇ ਘਰ ਵਿਚੋਂ ਭਾਲਾ ਚੱਕਿਆ ਤੇ ਸਕੂਲ ਆ ਕੇ ਆਪਣੇ ਭੁੰਜੇ ਵਿਛੇ ਬੋਰੇ ਤੇ ਬਹਿ ਗਿਆ। ਸਾਹਮਣੇ ਭਾਲਾ ਰਖ ਕੇ। ਲਾਲਾ ਹੇਮਰਾਜ ਓਦੋਂ ਕਲਮ ਘੜ ਰਿਹਾ ਸੀ। ਉਹ ਕਲਮ ਘੜਦਾ ਰਿਹਾ।

ਕਲਮ ਘੜਦਾ ਲਾਲਾ ਹੇਮ ਰਾਜ ਕੋਈ ਹੋਰ ਹੁੰਦਾ ਸੀ। ਉਹਦੇ ਹੱਥਾਂ `ਚੋਂ ਬੱਲਾ ਛੁੱਟ ਜਾਂਦਾ ਸੀ। ਬੋਲਾਂ `ਚੋਂ ਗਾਲਾਂ ਨਿਕਲ ਜਾਦੀਆਂ ਸਨ ਤੇ ਮੱਥੇ ਤੋਂ ਘੁਲਟੀਆਂ। ਕਲਮ ਘੜਦਾ ਘੜਦਾ ਉਹ ਆਪ ਵੀ ਘੜਿਆ ਜਾਂਦਾ। ਪਿਕਾਸੋ ਦੇ ‘ਗਿਟਾਰ ਵਾਦਕ’ ਚਿਤਰ ਦੇ ਵਾਦਕ ਵਾਙੂੰ ਜੋ ਗਿਟਾਰ ਵਜਾਉਂਦਾ ਵਜਾਉਂਦਾ ਗਿਟਾਰ ਵਰਗਾ ਹੋ ਜਾਂਦਾ ਹੈ।

ਜੇ ਕਲਮ ਕਰਾਮਾਤ ਹੈ ਲਾਲਾ ਹੇਮ ਰਾਜ ਇਸਨੂੰ ਨਿਤ ਘੜਦਾ ਸੀ। ਤੇ ਹਰ ਦੂਜੇ ਦਿਨ ਸਾਡੇ ਹਥਾਂ ਵਿਚ ਰਖ ਦਿੰਦਾ ਸੀ। ਉਹਨੂੰ ਸਾਡੇ ਹੱਥਾਂ ਦੇ ਮੇਚੇ ਦਾ ਪਤਾ ਸੀ: ਜਗੀਰ ਦਾ ਵਡਾ, ਭੱਲੇ ਦਾ ਭਾਰਾ, ਅਜਮੇਰ ਤੇ ਮੇਰਾ ਹਲਕਾ। ਉਹਨੂੰ ਪਤਾ ਸੀ ਜੈਲਾ ਲਿਖਣ ਵੇਲੇ ਗੁੱਟ ਉਤੇ ਕਲਮ ਨੀਵੀ ਕਰ ਲੈਂਦਾ ਸੀ, ਚਿੜੀ ਅਖਰਾਂ ਦੇ ਨਾਲ ਨਾਲ ਝੁਕਦਾ ਝੁਕਦਾ ਪੰਕਤੀ ਦੇ ਅੰਤ ਟੇਢਾ ਹੋ ਜਾਂਦਾ ਸੀ।  ਕਰਤਾਰ ਦੇ ਬੁਲ੍ਹਾਂ ਤੇ ਲਿਖਣ ਵੇਲੇ ਅਖਰਾ ਦੀ ਸ਼ਕਲ ਬਣ ਜਾਂਦੀ ਸੀ। ਅੱਖਰ ਦੀ ਰੇਖਾ ਜਿੱਧਰ ਮੁੜਦੀ ਬੁੱਲ੍ਹ ਓਧਰੇ ਮੁੜ ਜਾਂਦੇ। ਕਈ ਵਾਰ ਮੁੰਡੇ ਉਹਦੇ ਬੁੱਲ੍ਹਾਂ ਤੋਂ ਅੱਖਰ ਬੁਝਣ ਦੀ ਸ਼ਰਤ ਵੀ ਲਾ ਲੈਂਦੇ ਸੀ। ਹੇਮ ਰਾਜ ਨੂੰ ਇਹ ਵੀ ਪਤਾ ਸੀ ਕੌਣ ਅਖਰਾਂ ਨੂੰ ਸਹਿਜ ਨਾਲ ਪਾਉਂਦਾ ਹੈ, ਕੌਣ ਹਫੜਾ ਦਫੜੀ ਵਿਚ। ਕੌਣ ਲੇਟਵੇ ਪਾਉਂਦਾ ਹੈ, ਕੌਣ ਖੜ੍ਹਵੇਂ। ਕੀਹਦੇ ਸਾਬਤ ਹੁੰਦੇ ਹਨ ਕੀਹਦੇ ਟੁਟੇ ਭੱਜੇ। ਕਿਹੜਾ ਸਿੱਧੀਆਂ ਪੰਕਤੀਆਂ ਵਿਚ ਲਿਖਦਾ ਹੈ, ਕਿਹੜਾ ਵਿੰਗ ਤੜਿੰਗੀਆਂ ਵਿਚ।

ਕਲਮ ਵਿਚ ਇਹ ਸਭ ਕੁਝ ਸ਼ਾਮਲ ਹੁੰਦਾ ਸੀ। ਲਿਖਣ ਵਾਲੇ ਦਾ ਸੁਭਾ ਤੇ ਉਹਦੀਆਂ ਆਦਤਾਂ। ਹੱਥਾਂ ਦੀ ਬਣਤਰ। ਉਹ ਸੁੱਕੇ ਕਾਨੇ ਦਾ ਟੋਟਾ ਨਹੀ, ਹੱਥ ਦੀ ਛੇਵੀਂ ਉਂਗਲ ਹੁੰਦੀ ਸੀ। ਅੱਖਰ ਪਾਉਣ ਵੇਲੇ ਇਹ ਘਸਦੀ ਸੁਣਾਈ ਦਿੰਦੀ ਸੀ। ਜਿਵੇਂ ਹਰ ਅੱਖਰ ਬੋਲਦਾ ਹੋਵੇ। ਇਹੀ ਝੁਣਝੁਣੀ ਮੈ ਮਿੱਟੀ ਉਤੇ ਲਿਖਣ ਵੇਲੇ ਮਹਿਸੂਸ ਕਰਦਾ ਸੀ। ਤੇ ਲਗਦਾ ਸੀ ਉਹੀ ਮਿੱਟੀ ਗਿੱਲੇ ਅਖਰਾਂ ਉਤੇ ਭੁਕਦਾ ਸੀ। ਸੁਕਾਉਣ ਲਈ। ਹੁਣ ਵੀ ਲਗਦਾ ਹੈ ਮਿੱਟੀ ਮੇਰੇ ਅੱਖਰਾਂ ਨੂੰ ਖਿੰਡਣ ਨਹੀਂ ਦਿੰਦੀ। ਮੈਨੂੰ ਵੀ।

ਪੈਨਸਿਲ ਮੇਰੇ ਅੰਦਰ ਏਨੀ ਤਿੱਖੀ ਜਲੂਣ ਨਹੀਂ ਕਰਦੀ। ਲਿਖਦਾ ਲਿਖਦਾ ਮੈ ਇਹਦੇ ਵਿਚ ਓਵੇਂ ਘਸਦਾ ਨਹੀਂ। ਇਹ ਮਸ਼ੀਨ ਨੇ ਬਣਾਈ ਹੈ ਤੇ ਹਰ ਕਿਸੇ ਲਈ ਹੈ। ਮੈਂ ਹਰ ਕੋਈ ਨਹੀਂ। ਇਹਦੇ ਵਿਚ ਨਾ ਮੇਰਾ ਸੁਭਾ ਹੈ ਨਾ ਹੇਮ ਰਾਜ ਦਾ ਉਮਾਹ। ਇਹਦੇ ਵਿਚ ਨਾ ਉਹ ਆਪ ਹੈ ਨਾ ਮੈਂ ਹਾਂ।

ਲਾਲਾ ਹੇਮਰਾਜ ਵੰਡ ਵੇਲੇ ਲਹਿੰਦੇ ਪੰਜਾਬ ਤੋਂ ਆਇਆ ਸੀ। ਓਥੇ ਵੀ ਸ਼ਾਇਦ ਉਹ ਅਧਿਆਪਕ ਸੀ। ਪਰ ਉਹਦੇ ਵਿਚ ਦੋ ਹੋਰ ਹੇਮਰਾਜ ਸਨ। ਇਕ ਕਾਤਬ (calligrapher) ਦੂਜਾ ਕਲਮਤਰਾਸ਼ (pen craftsman) ਕਾਤਬ ਹੇਮ ਰਾਜ ਦੇ ਓਦੋਂ ਦਰਸ਼ਨ ਹੋਏ ਜਦੋਂ ਉਹ ਸਾਨੁੰ  ਸ਼ੌਕੀਆ ਉਰਦੂ ਪੜਾਉਣ ਲਗਾ। ਪਹਿਲੀ ਵਾਰ ਫੱਟੀ ਉਤੇ ਅਲਫ ਬੇ ਪੇ ਪਾਉਂਦਾ ਵੇਖਿਆ। ਲਗਿਆ ਜਿਵੇਂ ਅੱਖਰ ਆਪਣੇ ਆਪ ਪੈ ਰਹੇ ਸਨ। ਨੁਕਤੇ ਬਿਨ ਵੇਖਿਆਂ ਲਗ ਰਹੇ ਸਨ। ਉਹ ਬਸ ਹੱਥ ਹਿਲਾਉਂਦਾ ਸੀ, ਖੇਡਾ ਪਾਉਣ ਵਾਲੇ ਵਾਙੂੰ। ਅੱਖਰ ਪਾਉਣੇ ਵੀ ਮੈਨੂੰ ਜਾਦੂ ਦੀ ਖੇਡ ਹੀ ਲਗੇ। ਮੈ ਲਾਲਾ ਹੇਮ ਰਾਜ ਵਾਂਗੂੰ ਹੱਥ ਬਣਾ ਕੇ ਅਲਿਫ ਪਾਇਆ। ਸਿੱਧੀ ਲੀਕ ਹੀ ਲਾਉਣੀ ਸੀ। ਮੇਰੀ ਲੀਕ ਉਹਦੀ ਲੀਕ ਵਰਗੀ ਹੀ ਲਗਦੀ ਸੀ। ਫੇਰ ਵੀ ਕੋਈ ਅੰਤਰ ਸੀ। ਉਹਦੀ ਅਲਿਫ ਲਗਦੀ ਸੀ, ਮੇਰੀ ਕੇਵਲ ਲੀਕ। ਸੋਚਿਆ ਸ਼ਾਇਦ ਦੂਜੇ ਅੱਖਰਾਂ ਨਾਲ ਜੁੜ ਕੇ ਅਲਿਫ ਬਣ ਜਾਵੇ ਗੀ। ਮੈ ਉਹਦੇ ਨਾਲ ਬੇ ਪੇ ਅੱਖਰ ਵੀ ਪਾ ਦਿੱਤੇ। ਉਹ ਅਲਿਫ ਲਗਣ ਲਗ ਗਈ, ਪਰ ਹੇਮ ਰਾਜ ਦੇ ਅਲਿਫ ਵਰਗੀ ਨਹੀਂ।

ਕਾਤਬ ਦੇ ਹੱਥ ਲਗਦੇ ਹਨ ਤਾਂ ਸਿੱਧੀ ਲੀਕ ਅਲਿਫ ਬਣ ਜਾਂਦੀ ਹੈ। ਅਲਿਫ ਹਰ ਅੱਖਰ ਵਿਚ ਹੁੰਦਾ ਹੈ ਜਿਸਨੂੰ ਨਾਨਕ ਜੀ ‘ਅਖਰ ਕਾ ਭੇਓ’ ਕਹਿੰਦੇ ਹਨ। ਕਾਤਬ ਅੱਖਰ ਪਾਉਣ ਵੇਲੇ ਇਸ ਭੇਓ ਦੁਆਲੇ ਹੀ ਲੀਕਾਂ ਲਾਉਂਦਾ ਹੈ। ਭੇਓ ਨੂੰ ਹੀ ਰੂਪ ਦਿੰਦਾ ਹੈ। ਲੰਬੀ ਤਪੱਸਿਆ ਪਿੱਛੋਂ ਉਹਨੂੰ ਇਹ ਵਰ ਮਿਲਦਾ ਹੈ। ਚੀਨ ਦੇ ਮਾਸਟਰ ਕਾਤਬ ਜਾਂਗ ਸ਼ੀ ਬਾਰੇ ਕਿਹਾ ਜਾਂਦਾ ਹੈ ਕਿ ਜਿਸ ਛਪੜ ਤੇ ਉਹ ਅਭਿਆਸ ਕਰਦਾ ਸੀ ਬੁਰਸ਼ ਧੋਂਦੇ ਧੋਂਦੇ ਉਹਦਾ ਪਾਣੀ ਕਾਲਾ ਹੋ ਜਾਂਦਾ  ਸੀ। ਲਾਲਾ ਹੇਮ ਰਾਜ ਦੀ ਤਪੱਸਿਆ ਦਾ ਤਾ ਪਤਾ ਨਹੀੰ ਪਰ ਉਹਦੇ ਅੱਖਰ ਜਾਨ ਵਾਲੇ ਲਗਦੇ ਸਨ ਜਿਵੇਂ ਫੱਟੀ ਉਤੇ ਤੁਰਦੇ ਫਿਰਦੇ ਹੋਣ।

ਇਹੀ ਗੱਲ ਹੋਣੀ ਹੈ ਜਦੋਂ ਕੋਈ ਸੋਹਣਾ ਅੱਖਰ ਪੈਂਦਾ ਹੈ, ਲਾਲਾ ਹੇਮਰਾਜ ਯਾਦ ਆ ਜਾਂਦਾ ਹੈ। ਲਿਖਦੇ ਲਿਖਦੇ ਹੱਥ ਸਹਿਜ ਹੋ ਜਾਦੇ ਹਨ, ਸਿਹਾਰੀਆਂ ਬਿਹਾਰੀਆਂ ਵਿਚ ਲਚਕ ਆ ਜਾਂਦੀ ਹੈ। ਪੈੱਨ, ਕਾਗਦ ਤੇ ਅੱਖਰ ਆਦਰਯੋਗ ਹੋ ਜਾਂਦੇ ਹਨ ਜਿਵੇਂ ਪੁਜਾਰੀ ਲਈ ਠਾਕਰ, ਮੋਚੀ ਲਈ ਆਰ ਤੇ ਰੰਬੀ, ਦੁਕਾਨਦਾਰ ਲਈ ਵੱਟੇ। ਲਿਫਾਫੇ ਤੇ ਸਿਰਨਾਵਾਂ ਲਿਖਣ ਵੇਲੇ ਉਸ ਡਾਕੀਏ ਤੇ ਧਿਆਨ ਜਾਂਦਾ ਹੈ ਜੀਹਨੇ ਇਹਨੂੰ ਪੜ੍ਹਨਾ ਹੈ। ਲਿਖਣਾ ਧਿਆਨ ਬਣ ਜਾਂਦਾ ਹੈ।

ਲਾਲਾ ਹੇਮ ਰਾਜ ਤਿੰਨ ਮੀਲ ਸਾਈਕਲ ਤੇ ਸਕੂਲ ਆਉਂਦਾ ਸੀ। ਆਉਂਦਾ ਜਾਂਦਾ ਰਾਹ ਵਿਚੋਂ ਕਾਨੇ ਵਢਦਾ। ਸੁੱਕਣ ਤੇ ਵਖਰੇ ਮੇਚ ਦੇ ਟੋਟੇ ਕਰ ਲੈਂਦਾ। ਕਲਮ ਘੜਨ ਵਾਲਾ ਚਾਕੂ ਹਰ ਵੇਲੇ ਤਿੱਖਾ ਰਖਦਾ। ਸੰਭਵ ਹੈ ਇਹ ਚਾਕੂ ਏਸ ਕਾਰਜ ਲਈ ਹੀ ਰੱਖਿਆ ਹੋਵੇ।

ਕਲਮਾਂ ਘੜਨ ਦਾ ਨਿਤਨੇਮ ਇਕ ਘੰਟੇ ਦਾ ਹੁੰਦਾ ਸੀ। ਓਦੋਂ ਲਾਲਾ ਹੇਮ ਰਾਜ ਧਿਆਨੀ ਹੋ ਜਾਂਦਾ ਵਾਣ ਵਟਦੇ ਸੇਵਾ ਪੰਥੀ ਵਰਗਾ। ਕਰਮ ਕਰਦੇ ਹੱਥਾਂ ਦਾ ਧਿਆਨੀ। ਉਹੀ ਧਿਆਨ ਉਹਦੀ ਕਲਮ ਬਣਦਾ ਸੀ।

ਉਹ ਅਨੇਕ ਹੱਥਾਂ ਵਾਲਾ ਬੰਦਾ ਸੀ। ਕਲਮ ਨਾਲ ਲਿਖਣ ਵਾਲਾ ਹਰ ਹੱਥ ਉਸਦੀ ਬਾਂਹ ਨਾਲ ਜੁੜ ਜਾਂਦਾ ਸੀ। ਹਰ ਹੱਥ ਵਖਰਾ, ਹਰ ਕਲਮ ਵਖਰੀ। ਕੋਈ ਛੋਟੀ, ਕੋਈ ਵੱਡੀ, ਕੋਈ ਪਤਲੀ ਕੋਈ ਮੋਟੀ। ਕੋਈ ਕਰੜੀ ਨੋਕ ਵਾਲੀ ਜਿਹੜੀ ਫੱਟੀ ਉਤੇ ਘਸ ਕੇ ਅਖਰ ਪਾਉਂਦੀ ਸੀ। ਕੋਈ ਨਰਮ ਬੁਰਸ਼ ਵਰਗੀ ਜਿਹੜੀ ਫੱਟੀ ਨਾਲ ਨਹੀਂ ਲਗਦੀ ਸੀ, ਸਿਆਹੀ ਦੇ ਉਪਰ ਤਰਦੀ ਜਾਂਦੀ ਸੀ।

ਪਰ ਉਸਦੇ ਧਿਆਨ ਦੀ ਸਿਖਰ ਕਲਮ ਤੇ ਟੱਕ ਲਾਉਣ ਅਤੇ ਚੀਰਾ ਦੇਣ ਵਿਚ ਹੁੰਦੀ ਸੀ। ਓਦੋਂ ਉਹਦੇ ਸਾਹਮਣਿਓਂ ਸਭ ਕੁਝ ਅਲੋਪ ਹੋ ਜਾਂਦਾ। ਉਹ ਆਪ ਵੀ। ਕੇਵਲ ਕਲਮ ਰਹਿ ਜਾਂਦੀ ਕੁਰਸੀ ਦੀ ਖੱਬੀ ਬਾਂਹ ਉਤੇ ਟਿਕੇ ਹੱਥ ਵਿਚ ਤੇ ਸੱਜੇ ਹੱਥ ਵਿਚ ਚਾਕੂ। ਪਰ ਇਹ ਅਰਜੁਨ ਕਿਸੇ ਪੰਛੀ ਦੀ ਅੱਖ ਨਹੀਂ ਵਿੰਨ੍ਹਦਾ ਸੀ, ਕਾਨੇ ਦੇ ਟੋਟੇ ਨੂੰ ਅੱਖ ਲਾਉਂਦਾ ਸੀ।

ਉਸਦੇ ਹੱਥ ਨੂੰ ਪਤਾ ਹੁੰਦਾ ਸੀ ਟੱਕ ਤਿਰਛਾ ਲਾਉਣਾ ਹੈ ਜਾਂ ਸਿੱਧਾ, ਚੀਰਾ ਬਰੀਕ ਦੇਣਾ ਹੈ ਜਾ ਮੋਟਾ। ਚੀਰਾ ਓਨੀ ਸਿਆਹੀ ਦਿੰਦਾ ਸੀ, ਜਿੰਨੀ ਕਲਮ ਦੀ ਨੋਕ ਮੰਗਦੀ ਸੀ। ਨੋਕ ਓਨੀ ਪਤਲੀ ਮੋਟੀ ਹੋ ਜਾਂਦੀ ਸੀ ਜਿਨਾ ਉਸ ਤੇ ਦਬਾ ਪੈਂਦਾ ਸੀ। ਉਹ ਹੱਥ ਦਾ ਏਨਾ ਸੁੱਚਾ ਸੀ, ਕੋਈ ਕਲਮ ਕੁਚੱਜੀ ਤੇ ਨਕਾਰੀ ਨਹੀਂ ਬਣਦੀ ਸੀ। ਜਦੋਂ ਉਸ ਨਾਲ ਸੋਹਣੇ ਅੱਖਰ ਪੈਂਦੇ ਉਹ ਹੋਰ ਸੋਹਣੀ ਹੋ ਜਾਂਦੀ। ਲਾਲਾ ਹੇਮਰਾਜ ਦੇ ਹੱਥ ਹੋਰ ਸੁੱਚੇ ਹੋ ਜਾਂਦੇ।

ਜਿਹੜੇ ਅੱਖਰ ਹੇਮ ਰਾਜ ਪਾਉਂਦਾ ਸੀ ਉਹਨਾ ਦੇ ਬਣਨ ਵਿਚ ਹਜ਼ਾਰਾਂ ਵਰ੍ਹੇ ਲਗੇ ਸਨ ਤੇ ਹਜ਼ਾਰਾ ਹੱਥ। ਟਕਸਾਲ ਅਰਬੀ ਫਾਰਸੀ ਦੀ ਕਿਤਾਬਤ ਦੀ ਸੀ। ਗੁਰਮੁਖੀ ਅਖਰਾਂ ਨਾਲੋਂ ਇਹਨਾਂ ਵਿਚ ਵਧੇਰੇ ਵਹਾ ਹੈ, ਰੇਖਾਵਾਂ ਵਿਚ ਵੰਨਸੁਵੰਨਤਾ ਹੈ, ਕਿਤੋਂ ਪਤਲੀਆਂ ਕਿਤੋਂ ਚੌੜੀਆਂ ਹਨ। ਤੇ ਮਰਜ਼ੀ ਨਾਲ ਲੰਬੀਆਂ ਛੋਟੀਆਂ ਕੀਤੀਆਂ ਜਾ ਸਕਦੀਆਂ ਹਨ। ਅਖਰ ਅਨੇਕਾਂ ਰੂਪਾਂ ਵਿਚ ਜੋੜੇ ਜਾ ਸਕਦੇ ਹਨ। ਸਿੱਧੀ ਪੰਕਤੀ ਵਿਚ ਵੀ ਲਿਖੇ ਜਾਂਦੇ ਹਨ, ਇਕ ਦੂਜੇ ਦੇ ਆਸੇ ਪਾਸੇ ਹੇਠਾਂ ਉਤੇ ਵੀ। ਇਹ ਆਪਣੇ ਸਰੀਰ ਵਿਚ ਬੱਝੇ ਹੋਏ ਨਹੀਂ ਸਨ ਸਗੋਂ ਇਹਨੂੰ ਵਡਾ ਛੋਟਾ ਕਰ ਲੈਂਦੇ ਸਨ। ਇਸਲਾਮ ਵਿਚ ਮਨੁਖ ਦੀ ਤੇ ਪਰਾਣੀਆਂ ਦੀ ਮੂਰਤੀਕਾਰੀ ਵਰਜਿਤ ਹੈ। ਪਰ ਵਰਜਿਤ ਕਲਾ ਨੇ ਅੱਖਰਾ ਦੀ ਸ਼ਰਣ ਲੈ ਲਈ। ਭਵਨਕਲਾ (Architecture) ਇਸਲਾਮ ਦੀ ਵਿਸ਼ਵ ਵਿਖਿਆਤ ਕਲਾ ਹੈ ਪਰ ਇਸਲਾਮ ਵਿਚ ਪਹਿਲ ਕਿਤਾਬਤ ਨੂੰ ਹੈ।

ਪਰਚਲਤ ਗੁਰਮੁਖੀ ਅਖਰ ਸਾਦੇ ਤੇ ਸੰਜਮ ਵਾਲੇ ਹਨ। ਇਹ ਪੜ੍ਹਨ ਲਈ ਵੱਧ ਬਣੇ ਹਨ, ਵੇਖਣ ਲਈ ਘਟ। ਅਧਾਰ ਰੇਖਾ ਨਾਲ ਬੱਝੇ ਹੋਏ ਹਨ। ਕੇਵਲ ਖੜ੍ਹਵੇਂ ਹਨ, ਤੇ ਇਕੋ ਜਿਹੀ ਲੰਬਾਈ ਚੌੜਾਈ ਵਾਲੇ ਹਨ। ਰੇਖਾ ਇਕਸਾਰ ਰਹਿੰਦੀ ਹੈ। ਕਾਤਬ ਦੀ ਕਲਪਣਾ ਲਈ ਖੁਲ੍ਹਾ ਅਸਮਾਨ ਘਟ ਬਚਦਾ ਹੈ। ਕੀ ਜਾਣੀਏ ਏਸੇ ਕਰਕੇ ਗੁਰਮੁਖੀ ਵਿਚ ਕਿਤਾਬਤ ਦੀ ਪਰੰਪਰਾ ਨਹੀ ਤੁਰੀ। ਭਾਵੇਂ ਮਿਲਦੀਆਂ ਹਥਲਿਖਤਾਂ ਸੁੰਦਰ ਹਨ ਪਰ ਇਹ ਲਿਖਾਰੀਆਂ ਦੇ ਨਿਜੀ ਉਪਰਾਲੇ ਹੀ ਹਨ। ਇਹ ਵੀ ਲਗਦਾ ਹੈ ਪੰਜਾਬੀ ਪਾਠਕ ਦਾ ਧਿਆਨ ਵਧੇਰੇ ਅਰਥ ਉਤੇ ਹੈ, ਸ਼ਬਦ ਜਾਂ ਅੱਖਰ ਦੇ ਰੂਪ ਉਤੇ ਨਹੀਂ। ਸੰਭਵ ਹੈ ਚਿਤਰਕਾਰੀ ਵਲ ਸਾਡੀ ਅਣਗਹਿਲੀ ਏਸੇ ਕਰਕੇ ਹੋਵੇ।

ਹੇਮਰਾਜ ਦੀ ਕਲਮ ਨੇ ਮੈਨੂੰ ਅੱਖਰ ਦੀ ਰੇਖਾ ਵੇਖਣੀ ਸਿਖਾਈ। ਪਹਿਲਾਂ ਮੈਂ ਸ਼ਬਦ ਵੇਖਦਾ ਸੀ ਉਹ ਵੀ ਪੂਰੀ ਤਰ੍ਹਾਂ ਨਹੀਂ, ਧਿਆਨ ਉਹਦੇ ਅਰਥ ਵਲ ਤਿਲਕ ਜਾਂਦਾ ਸੀ। ਮੈ ਰੇਖਾ ਦੀ ਲੈ ਨਹੀਂ ਵੇਖੀ ਸੀ ਨਾ ਹੀ ਉਹਨੂੰ ਵਲ ਵਿੰਗ ਖਾਂਦੀ ਨੂੰ ਤੁਰਦਿਆਂ ਰੁਕਦਿਆ ਵੇਖਿਆ ਸੀ

ਓਦੋਂ ਲਿਖਣਾ ਇਕਹਿਰੀ ਘਟਨਾ ਨਹੀਂ ਸੀ। ਵਰਤਾਰਾ ਸੀ ਜਿਸ ਵਿਚ ਕਾਨੇ ਦੀ ਕਲਮ, ਸਿਆਹੀ ਦੀ ਦੁਆਤ, ਲਕੜ ਦੀ ਤਖਤੀ ਤੇ ਬਾਬੇ ਗੁੱਦੜ ਦਾ ਛਪੜ ਜੁੜਿਆ ਹੋਇਆ ਸੀ। ਤਖਤੀ ਤੇ ਲਿਖਦਿਆਂ ਸਾਡੇ ਵੇਲ਼ੇ ਵਿਚ ਉਹ ਵੇਲ਼ਾ ਵੀ ਰਲ਼ ਜਾਂਦਾ ਸੀ ਜਦੋਂ ਕਾਗਦ ਨਹੀਂ ਬਣਿਆ ਸੀ। ਇਕੋ ਵੇਲ਼ੇ ਅਸੀ ਦੋ ਵੇਲ਼ਿਆਂ ਨਾਲ ਖੇਡਦੇ ਸੀ। ਲਿਖਣਾ ਕੰਮ ਨਹੀਂ ਸੀ ਵੇਲ਼ੇ ਨਾਲ ਖੇਡਣਾਂ ਸੀ। ਏਸ ਖੇਡ ਵਿਚ ਅਸੀਂ ‘ਲਿਖੇ’ ਨੂੰ ਮੇਟ ਦਿੰਦੇ ਸੀ। ਨਵਾਂ ਲਿਖ ਦਿੰਦੇ ਸੀ। ਖੇਡ ਵਿਚ ਸੂਰਜ ਰਲ ਜਾਂਦਾ ਸੀ। ਤੇ ਗੁੱਦੜਿਆਣਾ ਛੱਪੜ ਵੀ। ਛਪੜ ਸਾਡੀ ਫੱਟੀ ਧੋਂਦਾ ਤੇ ਪੋਚਦਾ ਸੀ। ਸੂਰਜ ਸੁਕਾਉਂਦਾ ਸੀ। ਸੂਰਜ ਨੂੰ ਖੇਡ ਵਿਚੋਂ ਕੱਢਣ ਦੀ ਧਮਕੀ ਵੀ ਦੇ ਦਿੰਦੇ ਸੀ: “ਸੂਰਜਾ ਮੂਰਜਾ ਫੱਟੀ ਸੁਕਾ। ਨਹੀਂ ਸੁਕਾਉਣੀ ਘਰ ਨੂੰ ਜਾ”। ਫੱਟੀ ਉਤੇ ਅੱਖਰ ਇਸ ਸਭ ਕੁਝ ਦੀ ਬਰਕਤ ਨਾਲ ਪੈਂਦਾ ਸੀ।

ਛੇ ਸਤ ਇੰਚ ਦੀ ਕਲਮ ਦੀ ਉਮਰ ਛੇ ਸਤ ਹਜ਼ਾਰ ਵਰ੍ਹੇ ਲੰਮੀ ਦੱਸੀ ਜਾਂਦੀ ਹੈ। ਏਨੀ ਲੰਮੀ ਹੀ ਲਾਲਾ ਹੇਮਰਾਜ ਦੀ ਬਾਂਹ ਸੀ। ਉਹ ਓਦੋਂ ਦਾ ਹੀ ਲਿਖਦਾ ਤੇ ਲਿਖਣਾ ਸਿਖਾਉਂਦਾ ਆ ਰਿਹਾ ਸੀ। ਓਦੋਂ ਦਾ ਹੀ  ਕਲਮਾਂ ਘੜ ਘੜ ਕੇ ਵੰਡ ਰਿਹਾ ਸੀ। ਸੰਸਕ੍ਰਿਤੀ ਦੀ ਕਾਰਸੇਵਾ ਕਰ ਰਿਹਾ ਸੀ। ਪਰ ਉਹਦੇ ਹੱਥ ਇਕ ਕਾਤਬ ਦੇ ਅੰਤਲੇ ਹੱਥ ਸਨ। ਨਵੇਂ ਹੱਥਾਂ ਵਿਚ ਲਿਖਣ ਦੇ ਨਵੇਂ ਸੰਦ ਆ ਗਏ ਹਨ। ਲਾਲਾ ਹੇਮ ਰਾਜ ਵਿਦਾ ਹੋ ਗਿਆ ਹੈ। ਕਲਮ ਵੀ। ਕਲਮ ਵਿਚਦੀ ਵਗਦੀ ਸਰਸਵਤੀ ਨੇ ਆਪਣਾ ਸਰੀਰ ਵਟਾ ਲਿਆ ਹੈ। ਹਰ ਯੁਗ ਦਾ ਆਪਣਾ ਅਵਤਾਰ ਹੁੰਦਾ ਹੈ।

ਲਾਲਾ ਹੇਮ ਰਾਜ ਦੀ ਮਿਰਤੂ ਦਾ ਪੱਕਾ ਪਤਾ ਨਹੀਂ। 1970 ਤੋ ਕਿਤੋਂ ਪਿੱਛੋਂ ਹੋਈ ਹੋਣੀ ਹੈ। ਓਦੋਂ ਹੀ ਕਿਤੇ ਪ੍ਰਾਇਮਰੀ ਸਕੂਲਾਂ ਵਿਚੋਂ ਕਲਮ ਤੇ ਲਕੜ ਦੀ ਫੱਟੀ ਵਿਦਾ ਹੋ ਗਈਆਂ ਸਨ। ਯੂਰਪ ਵਿਚ ਤਾਂ ਕਲਮ ਮਧ ਕਾਲ (1066-1485) ਵਿਚ ਹੀ ਕਿਤੇ ਅਲੋਪ ਹੋ ਗਈ ਦਸੀ ਦੀ ਹੈ। ਮਿੱਟੀ ਮਿਟੀ ਦਾ ਸੁਭਾ ਹੈ ਕੋਈ ਆਪਣੀਆਂ ਜੜਾਂ ਛੇਤੀ ਛਡਦੀ ਹੈ ਕੋਈ ਹੌਲੀ। ਅਜੇ ਵੀ ਕਿਸੇ ਨਾ ਕਿਸੇ ਸਕੂਲ ਵਿਚ ਬੱਚੇ ਫਟੀ ਉਤੇ ਕਲਮ ਨਾਲ ਲਿਖਦੇ ਹੋਣ ਗੇ। ਕੋਈ ਲਾਲਾ ਹੇਮਰਾਜ ਉਨ੍ਹਾਂ ਵਾਸਤੇ ਕਲਮਾਂ ਘੜਦਾ ਹੋਵੇਗਾ।

ਲਾਲਾ ਹੇਮ ਰਾਜ ਮੇਰੇ ਜੀਵਨ ਵਿਚ ਆਉਣ ਵਾਲਾ ਪਹਿਲਾ ਤੇ ਅੰਤਲਾ ਕਾਤਬ ਤੇ ਕਲਮਤਰਾਸ਼ ਸੀ। ਉਹ ਅੱਖਰਾਂ ਦੀ ਦੁਨੀਆਂ ਵਿਚ ਰਹਿੰਦਾ ਸੀ। ਅੱਖਰ ਹੀ ਉਹਦੇ ਜੀਆਂ ਜੰਤ ਸਨ। ਉਹਨਾਂ ਦੀ ਛਬੀ ਵੇਖ ਕੇ ਉਹਦਾ ਚਿਹਰਾ ਖਿੜ ਜਾਂਦਾ ਸੀ ਅੱਖਾਂ ਵੱਡੀਆਂ ਹੋ ਜਾਂਦੀਆਂ ਸਨ। ਮਹਿੰਦਰਾ ਕਾਲਜ ਪਟਿਆਲਾ ਮੇਰੇ ਅਧਿਆਪਕ  ਪ੍ਰੋਫੈਸਰ ਪ੍ਰੀਤਮ ਸਿੰਘ ਦਾ ਵੀ ਗੁਰਮੁਖੀ ਅੱਖਰਾਂ ਨਾਲ ਡੂੰਘਾ ਰਿਸ਼ਤਾ ਸੀ। ਉਹਨਾਂ ਦੀ ਸ਼ਖ਼ਸੀਅਤ ਵੀ ਗੁਰਮੁਖੀ ਅੱਖ਼ਰਾਂ ਵਾਙੂੰ ਸਾਧੀ ਤੇ ਸੰਜਮੀ ਸੀ। ਉਹ ਕਿਸੇ ਵੀ ਅੱਖਰ ਨੂੰ ਇੱਲਤ ਨਹੀਂ ਕਰਨ ਦਿੰਦੇ ਸੀ। ਨਾ ਹੀ ਉਨ੍ਹਾ ਦਾ ਹਾਰ ਸ਼ਿੰਗਾਰ ਕਰਦੇ ਸਨ। ਪਰ ਪ੍ਰੀਤਮ ਸਿੰਘ ਦੀ ਪਹਿਲ ਅੱਖਰਾਂ ਨੂੰ ਜਾਨਣ ਦੀ ਸੀ, ਉਹਨਾ ਦੀ ਜੰਮਣ ਭੋ ਤੇ ਉਨ੍ਹਾਂ ਦੀਆਂ ਸਾਕ ਸਕੀਰੀਆਂ ਭਾਲਣ ਦੀ। ਲਾਲਾ ਹੇਮ ਰਾਜ ਇਸ ਕਿਉਂ ਤੇ ਕਿੱਥੋਂ ਦੇ ਝੇੜੇ ਵਿਚ ਨਹੀਂ ਪੈਂਦਾ ਸੀ। ਪ੍ਰੀਤਮ ਸਿੰਘ ਅਖਰਾਂ ਦੇ ਖੋਜੀ ਸਨ, ਲਾਲ ਹੇਮ ਰਾਜ ਆਸ਼ਕ। ਮੈਂ ਦੋਹਾਂ ਤੋਂ ਅੱਖਰਾਂ ਦਾ ਅਦਬ ਕਰਨਾ ਸਿਖਿਆ।

ਪੰਜਵੀ ਜਮਾਤ (1951) ਵਿਚ ਆਈ., ਜੀ. ਤੇ ਜੈੱਡ.  ਦੀਆਂ ਨਿੱਬਾਂ ਵੇਖ ਕੇ ਲਾਲਾ ਹੇਮ ਰਾਜ ਦੀ ਕਲਮ ਓਝਲ ਹੋ ਗਈ। ਇਹ ਲਿਸ਼ਕਦੀਆਂ ਸਨ, ਬਦਲ ਬਦਲ ਕੇ ਇਕੋ ਡੰਕ ਵਿਚ ਪੈ ਜਾਂਦੀਆਂ ਸਨ। ਛੇਤੀ ਘਸ ਕੇ ਬੇਕਾਰ ਨਹੀਂ ਹੁੰਦੀਆਂ ਸਨ। ਏਸੇ ਵਰ੍ਹੇ ਇਕ ਇਨਾਮ ਵਿਚ ਮੈਨੂ ਲਿਖਣ ਵਾਲੀਆਂ ਦੋ ਕਾਪੀਆਂ, ਕਾਲਗੇਟ ਟੁਥਬੁਰਸ਼ ਤੇ ਪੇਸਟ ਦੀ ਟੂਬ ਮਿਲੀ। ਅਜੀਬ ਇਨਾਮ ਸੀ। ਭਲਾ ਕਾਲਗੇਟ ਦਾ ਕਾਪੀਆਂ ਨਾਲ ਕੀ ਸੰਬੰਧ ਹੋ ਸਕਦਾ ਸੀ।

ਇਹ ਇਨਾਮ ਆਉਣ ਵਾਲੇ ਵੇਲ਼ੇ ਦਾ ਪਰਾਯਥਾਰਥਕ (surrealist painting) ਚਿਤਰ ਸੀ। ਜਿਸ ਵਿਚ ਕਾਲਗੇਟ ਬੁਰਸ਼, ਕਾਰਪੋਰੇਟ ਹੱਥ ਵਿਚ ਫੜੀ ਕਲਮ ਦਾ ਰੂਪਕ ਹੈ। ਓਦੋਂ ਪਤਾ ਨਹੀਂ ਸੀ ਅਧੀ ਸਦੀ ਪਿੱਛੋਂ ਵੇਲੇ ਦੇ ਪੰਨੇ ਤੇ ਕਾਲਗੇਟ ਦੀ ਕਲਮ ਹੀ ਲਿਖੇਗੀ। ਜਾਂ ਲਿਖਵਾਏ ਗੀ। ਦੂਜੀਆਂ ਕਲਮਾਂ ਲਈ ਹਾਸ਼ੀਆ ਹੀ ਬਚੇਗਾ। ਉਂਜ ਪੁਰਾਣੇ ਵੇਲ਼ਿਆਂ ਤੋ ਹੀ, ਕਲਮ ਅਕਸਰ ਕੁਲੀਨ ਹਥਾਂ ਦੇ ਕਬਜ਼ੇ ਵਿਚ ਰਹੀ ਹੈ। ਜਦੋਂ ਕਾਲੇ ਹੱਥ ਇਹਨੂੰ ਫੜਦੇ ਸਨ, ਉਹਨਾ ਦੀਆਂ ਉੰਗਲਾਂ ਵਢੀਆਂ ਜਾਂਦੀਆਂ ਸਨ। ਸ਼ੂਦਰਾਂ ਦੇ ਕੰਨਾਂ ਵਿਚ ਸਿੱਕਾ ਢਾਲਿਆ ਜਾਂਦਾ ਸੀ।

ਕਾਲਗੇਟ ਦੀ ਲੜਾਈ ਇਕੱਲੀ ਕਲਮ ਨਾਲ ਹੀ ਨਹੀ ਕਿੱਕਰ ਤੇ ਨਿੱਮ ਨਾਲ ਵੀ ਸੀ ਜਿਨ੍ਹਾਂ ਦੀਆਂ ਟਾਹਣੀਆਂ ਸਦੀਆਂ ਤੋ ਸਾਡੀਆਂ ਦਾਤਣਾ ਬਣਦੀਆਂ ਰਹੀਆਂ ਹਨ। ਅਜ ਪੰਜਾਬ ਵਿਚੋਂ ਕਿਕਰ ਅਲੋਪ ਹੋਣ ਵਾਲੀ ਹੈ, ਤੇ ਨਿੰਮ ਨੂੰ ਇਕ ਅਮਰੀਕਨ ਕੰਪਨੀ ਪੇਟੈਂਟ ਕਰ ਰਹੀ ਹੈ। ਇਹਦੀਆਂ ਨਮੋਲੀਆਂ ਤੇ ਮੋਹਰਾਂ ਲਗ ਜਾਣੀਆਂ ਹਨ। ਵਿਸ਼ਵੀਕਰਣ ਦੇ ਤੰਦੂਏ ਦੀਆਂ ਬਾਹਾਂ ਰੋਡੇ ਪਿੰਡ ਦੀ ਕਿੱਕਰ ਤਕ ਪਹੁੰਚ ਗਈਆਂ ਹਨ। ਕਿਕਰ ਇਕ ਬਿਰਖ ਨਹੀਂ, ਇਹ ਵਿਸ਼ੇਸ਼ ਧਰਤੀ, ਇਤਿਹਾਸ ਤੇ ਸਾਂਸਕ੍ਰਿਤਕ ਵਾਤਾਵਰਣ ਦਾ ਪ੍ਰਤੀਕ ਹੈ ਜਿਸ ਵਿਚ ਅਸੀਂ ‘ਪੰਜਾਬੀ’ ਹੋ ਸਕਦੇ ਹਾਂ। ਕਿਕਰ ਨੂੰ ਭੁੱਲਣਾ ਪੰਜਾਬੀ ਹੋਣ ਨੂੰ ਭੁੱਲਣਾ ਹੈ। ਵਿਸ਼ਵੀਕਰਣ ਸਥਾਨਕਤਾ ਦਾ ਵਿਸਿਮਰਤੀਕਰਣ ਹੈ।

ਹੁਣ ਲਾਲਾ ਹੇਮਰਾਜ ਦੀ ਕਲਮ ਵਲ ਪਰਤਣਾ ਸੰਭਵ ਨਹੀਂ। ਪੁੱਠੇ ਪੈਰੀਂ ਤੁਰਨਾਂ ਯੋਗ ਵੀ ਨਹੀਂ। ਨਾਲੇ ਵਿਸ਼ਵੀਕਰਣ ਸਾਡੇ ਲਈ ਨਿਰਾ ਸਰਾਪ ਵੀ ਨਹੀਂ। ਸ਼ਾਇਦ ਹਰ ਸਰਾਪ ਵਿਚ ਵਰਦਾਨ ਵੀ ਸ਼ਾਮਲ ਹੁੰਦਾ ਹੈ। ਵੇਲਾ ਏਸੇ ਸੰਬਾਦਕਤਾ ਵਿਚ ਤੁਰਦਾ ਹੈ। ਇਹਨੇ ਸਾਨੂੰ ਇਕ ਦੂਜੇ ਦੇ ਨੇੜੇ ਕਰ ਦਿੱਤਾ ਹੈ। ਬਿਪਤਾ ਵੇਲੇ ਸਾਡੀ ਬਾਂਹ ਸਾਰੇ ਗਲੋਬ ਨੂੰ ਵਲਣ ਜੋਗ ਬਣਾ ਦਿਤੀ ਹੈ। ਕੰਪਿਊਟਰ ਤੇ ਇੰਟਰਨੈਟ ਨੇ ਸੂਚਨਾ ਤੇ ਗਿਆਨ ਦਾ ਦਰ ਹੀ ਨਹੀਂ ਅਕਾਸ਼ ਖੋਹਲ ਦਿੱਤਾ ਹੈ।

ਅਜ ਕਲ ਮੈਂ ਕੰਪਿਊਟਰ ਤੇ ਲਿਖਦਾ ਹਾਂ। ਲਿਖਦਾ ਨਹੀਂ, ਟਾਈਪ ਕਰਦਾ ਹਾਂ। ਟਾਈਪ ਵੀ ਨਹੀਂ, ਕੀਬੋਰਡ ਦੇ ਅੱਖਰਾ ਨੂੰ ਛੁੰਹਦਾ ਹਾਂ। ਅੱਖਰਾਂ ਨੂੰ ਵੀ ਨਹੀ, ਉਹਨਾ ਦੇ ਚਿੰਨ੍ਹ੍ਹਾ ਨੂੰ। ਚਿੰਨ੍ਹ ਅੰਗਰੇਜ਼ੀ ਦੇ ਹਨ, ਪਰ ਇਨ੍ਹਾ ਨਾਲ  ਮੈ ਪੰਜਾਬੀ, ਹਿੰਦੀ, ਉਰਦੂ ਦੇ ਅੱਖਰ ਵੀ ਪਾ ਸਕਦਾ ਹਾਂ। ਉਰਦੂ ਦੇ ਅੱਖਰ ਸਿੱਖਣ ਦੀ ਲੋੜ ਨਹੀਂ। ਨਾ ਲਾਲਾ ਹੇਮ ਰਾਜ ਦੀ। ਅਖਰ ਤਾਂ ਉਹੀ ਹਨ, ਸਗੋਂ ਵਧੇਰੇ ਸਾਫ ਸੁਥਰੇ, ਪੜ੍ਹਨ ਲਈ ਸੌਖੇ, ਇਕਸਾਰ। ਸੰਚੇ ਵਿਚ ਢਲੇ ਹੋਏ।

ਪਰ ਇਹ ਮੇਰੇ ਨਾਲ ਖੇਡਦੇ ਨਹੀਂ। ਸਰੀਰ ਦੀ ਗਰਮੀ ਨਾਲ ਪੰਘਰਦੇ ਨਹੀਂ। ਅਥਰੂ ਕਿਰਨ ਤੇ ਖਿੰਡਰਦੇ ਨਹੀਂ। ਇਹ ਆਪਣੇ ਪਾਉਣ ਵਾਲੇ ਨੂੰ ਨਹੀਂ ਜਾਣਦੇ।

ਜਦੋਂ ਮਸ਼ੀਨੀ ਅੱਖਰਾਂ ਤੋਂ ਉਕਤਾ ਜਾਂਦਾ ਹਾਂ ਮੈਂ ਨਿਬ ਵਾਲੇ ਡੰਕ ਨਾਲ ਲਿਖਣ ਲਗ ਜਾਂਦਾ ਹਾਂ। ਮੈਂ ਖ਼ੁਸ਼ ਹੁੰਦਾ ਹਾਂ ਜਦੋਂ ਨਿੱਬ ਵਿਚੋ ਸਿਆਹੀ ਸੁਕ ਜਾਂਦੀ ਹੈ ਤੇ ਉਹ ਵਿਟਰ ਜਾਂਦੀ ਹੈ। ਕਾਗਦ ਤੇ ਸਿਆਹੀ ਦਾ ਵੱਡਾ ਟੇਪਾ ਡਿਗਦਾ ਹੈ ਮੈਨੂੰ ਬਾਬੇ ਗੁਦੜ ਦਾ ਟੋਭਾ ਯਾਦ ਆ ਜਾਂਦਾ ਹੈ। ਤੇ ਲਾਲਾ ਹੇਮ ਰਾਜ ਵੀ।

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Connecting to %s