ਵਾਕ ਤੇ ਵਿਚਾਰ

December12, 09

ਚਾਹ ਪੀ ਰਿਹਾ ਹਾਂ। ਸੋਚ ਲਿਖਣ ਬਾਰੇ ਰਿਹਾ ਹਾਂ। ਪਿਆਲਾ ਸਹਿਜ ਭਾਅ ਬੁਲ੍ਹਾਂ ਤਕ ਪਹੁੰਚ ਜਾਂਦਾ ਹੈ। ਵਾਕ ਉੰਗਲਾਂ ਤਕ ਨਹੀਂ ਪਹੁੰਚਦਾ। ਵਿਚਾਲੇ ਸੋਚ ਅੜ ਜਾਂਦੀ ਹੈ। ਜਨਮ ਲੈਣ ਤੋਂ ਪਹਿਲਾਂ ਵਾਕ ਨੂੰ ਵਿਚਾਰ ਦੀ ਪਰਵਾਨਗੀ ਲੈਣੀ ਪੈਂਦੀ ਹੈ। ਬਹੁਤੇ ਵਾਕ ਗਰਭਪਾਤ ਹੋ ਜਾਂਦੇ ਹਨ। ਮੈਨੂੰ ਪਤਾ ਵੀ ਨਹੀਂ ਲਗਦਾ ਮੈਂ ਕਿੰਨਾ ਹਿੰਸਕ ਹਾਂ। ਕਲਮ ਨਾਲ ਨਹੀਂ, ਕੁਹਾੜੇ ਨਾਲ ਲਿਖਦਾ ਹਾਂ।

ਮੈਂ ਧਰਤੀ ਵਾਙੂੰ ਮਿਹਰਬਾਨ ਨਹੀਂ ਜਿਹੜੀ ਹਰ ਘਾਹ ਫੂਸ ਨੂੰ ਉਗਣ ਦਿੰਦੀ ਹੈ। ਕਿਸੇ ਨਾਲ ਦੁਰੈਤ ਨਹੀਂ ਕਰਦੀ। ਖਰਬੂਜੇ ਨਾਲ ਕੌੜਤੁੰਮੇ ਨੂੰ ਵੀ ਥਾਂ ਦਿੰਦੀ ਹੈ। ਅੰਬ ਤੇ ਅੱਕ ਦੋਹਾਂ ਦੀਆਂ ਜੜ੍ਹਾਂ ਨੂੰ ਇਕੋ ਜਿਹਾ ਪਾਲਦੀ ਹੈ।

ਸਹਿਅੰਗੀ ਦੇ ਕਾਲੇ ਰੇਸ਼ਮੀ ਵਾਲਾਂ ਵਿਚ ਉੰਗਲਾ ਫੇਰਨ ਲਗਦਾ ਹਾਂ। ਵਿਚਾਰ ਆਉਂਦਾ ਹੈ ਇਕ ਦਿਨ ਇਹ ਸਣਕੁਕੜਾ ਬਣ ਜਾਣਗੇ। ਉਂਗਲਾਂ ਰੁਕ ਜਾਂਦੀਆਂ ਹਨ। ਵਿਚਾਰ ਜਿਉਣ ਤਾਂ ਦਿੰਦਾ ਹੈ ਪਰ ਜਿਉਣ ਦਾ ਜਸ਼ਨ ਨਹੀਂ ਕਰਨ ਦਿੰਦਾ। ਨਾ ਖੇਡਦੈ ਨਾ ਖੇਡਣ ਦਿੰਦੈ। ਖੁੱਤੀ ਵਿਚ ਮੂਤਦੈ।

ਕਵਿਤਾ ਲਿਖਣ ਵੇਲੇ ਮੈਨੂੰ ਵਿਚਾਰ ਨਾਲ ਯੁੱਧ ਕਰਨਾ ਪੈਂਦਾ ਹੈ। ਯੁੱਧ ਵਿਚ ਹਾਰ ਜਿਤ ਦੋਵੇਂ ਬੇਅਰਥ ਹਨ। ਹਾਰਿਆ ਬੰਦੀਘਰ ਵਿਚ ਰਹਿੰਦਾ ਹੈ ਜੇਤੂ ਯੁੱਧ ਭੂਮੀ ਵਿਚ। ਦੋਵੇ ‘ਭੂਮ ਰੰਗਾਵਲੀ’ ਤੋਂ ਵਿਜੋਗੇ ਜਾਂਦੇ ਹਨ ਜਿੱਥੇ ਫੁੱਲ ਖਿੜਦੇ ਹਨ, ਬੱਚੇ ਹਸਦੇ ਹਨ  ਤੇ ਕਵੀ ਕੱਸੀ ਉਤੇ ਬੈਠ ਕੇ ਕਬਿਤ ਜੋੜਦੇ ਹਨ।


Follow

Get every new post delivered to your Inbox.