ਲਾਲ ਸਿੰਘ ਦਿਲ ਨੂੰ

August20, 07

ਇਉਂ ਨਹੀਂ ਮਰਨਾ ਸੀ ਤੂੰ

ਕੋਈ ਤਾਂ ਚਮਤਕਾਰ ਕਰਦਾ

ਨਾ ਫੁੱਲ ਬਣਿਆ ਨਾ ਤਾਰਾ

ਨਾ ਹਿੱਕ `ਚ ਗੋਲੀ ਖਾਧੀdil.jpg

ਨਾ ਮੱਥੇ ਤੇ ਬੰਨ੍ਹੇ ਸਿਹਰੇ

ਅੰਤ ਵੇਲੇ ਤੇਰੇ ਹੱਥੋਂ

ਕਲਮ ਹੀ ਡਿੱਗ ਪੈਂਦੀ

ਕਵਿਤਾ ਅਧੂਰੀ ਰਹਿ ਜਾਂਦੀ

ਸ਼ਰਧਾਂਜਲੀਕਾਰਾਂ ਦੇ ਕਹਿਣ

ਲਈ ਕੁਝ ਤਾਂ ਬਚ ਜਾਂਦਾ

ਮਿਰਤੂ ਫ਼ਰੋਸ਼ ਜਾਣਦੇ ਹਨ

ਜਿਸ ਭਾ ਸ਼ਿਵ ਪਾਸ ਤੇ ਭਗਤ

ਦੀ ਮਿਰਤੂ ਵਿਕਦੀ ਹੈ

ਤੇਰੀ ਨਹੀਂ ਵਿਕਣੀ

ਉਹ ਮੰਡੀ ਦੇ ਸਭ ਗੁਰ ਜਾਣਦੇ ਹਨ

ਤੇਰੀ ਮੌਤ ਉਤੇ

ਤੇਰੀ ਕੰਗਾਲੀ ਤੇ ਜਾਤ ਦੇ

ਚਾਂਦੀ ਦੇ ਵਰਕ ਚਾੜ੍ਹ ਦੇਣਗੇ


ਲਾਲ ਸਿੰਘ ਦਿਲ ਦੀ ਚਿੱਠੀ

August16, 07

ਹੁਣ ਮੈਂ ਸਮਰਾਲੇ ਨਹੀਂ ਰਹਿੰਦਾ
ਉਹ ਸਰਨਾਵਾਂ ਬਦਲ ਗਿਆ ਹੈdil.jpg
ਨਵਾਂ ਅਜੇ ਤਕ ਮਿਲਿਆ ਨਾਹੀਂ
ਇਹ ਬਸਤੀ ਵੀ ਪੁੱਛ ਲੈਂਦੀ ਹੈ
ਪਹਿਲਾਂ ਕਿਹੜਾ ਕੰਮ ਕਰਦਾ ਸੀ

ਮਰਿਆ ਵੀ ਤਾਂ
ਮੌਤ `ਚ ਮਰ ਕੇ ਵੀ ਨਹੀਂ ਮਰਿਆ
ਸੜਿਆ ਵੀ ਤਾਂ
ਅੱਗ `ਚ ਸੜ ਕੇ ਵੀ ਨਹੀਂ ਸੜਿਆ

ਜਦ ਤਕ ਨਵਾਂ ਪਤਾ ਨਹੀਂ ਮਿਲਦਾ
ਚਿੱਠੀ ਪੱਤਰ
ਵਾਇਆ (via)ਕਵਿਤਾਕਰਨਾ

 


ਲਾਲ ਸਿੰਘ ਦਿਲ ਨੂੰ ਵਿਦਾ ਕਰਨ ਵੇਲੇ

August14, 07

lal-dil.jpg

ਪਿਆਰੇ
ਤੇਰਾ ਨਾਂ ਮੈਲਾ ਨਹੀਂ ਹੋਣ ਦਿਆਂਗਾ
ਟ੍ਰਸਟ ਨਹੀਂ ਖੋਲ੍ਹਾਂਗਾ
ਨਾਂ ਹੀ ਛਾਪਾਂਗਾ
ਸਿਮਰਤੀ ਗ੍ਰੰਥ
ਸ਼ੋਕ ਸਭਾ ਤੇ
ਭਾਸ਼ਣ ਨਹੀਂ ਕਰਾਂਗਾ ਫਿਕਰੇ ਘੜ ਘੜ

ਸੰਧਿਆ ਹੋ ਗਈ ਹੈ
ਸੂਰਜ ਨੇ ਰੰਗਾਂ ਦੀ ਲੁੱਟ ਪਾ ਦਿੱਤੀ ਹੈ
ਬਿਰਖ ਥੱਲੇ ਖੜ
ਪੰਛੀਆਂ ਦੀਆਂ ਆਵਾਜ਼ਾਂ ਵਿਚ
ਧਰਤੀ ਨਾਲ ਲੱਗ ਰਹੇ ਸੂਰਜ
ਨੂੰ ਹੱਥ ਹਿਲਾਵਾਂਗਾ

ਉਦਾਸ ਨਹੀਂ ਹੋਵਾਂਗਾ 
ਕਵਿਤਾ ਲਿਖ ਕੇ
ਜਸ਼ਨ ਮਨਾਵਾਂਗਾ
ਇਕ ਗੱਲ ਦੱਸਣੀ ਨਾ ਭੁੱਲ ਜਾਵਾਂ
ਕਵਿਤਾ ਲਿਖਣ ਵੇਲੇ
ਕਦੇ ਕਦੇ
ਮੇਰੀ ਅੱਖ ਸਿੱਲ੍ਹੀ ਹੋ ਜਾਂਦੀ ਹੈ