ਸਰਦਾ ਸਰੀ ਜਾਂਦੈ

April3, 10

ਮੇਰੀ ਸਾਥਣ ਕਹਿੰਦੀ ਹੈ

ਸੱਠ ਵਰ੍ਹੇ ਹੋ ਗਏ

ਸਬਜੀ ਭਾਜੀ ਬਣਾਉਂਦੀ ਨੂੰ

ਅਜੇ ਵੀ ਲੂਣ ਮਿਰਚਾਂ ਕਦੇ ਘੱਟ

ਕਦੇ ਵਧ ਪੈ ਜਾਂਦੀਆਂ ਹਨ

ਤੂੰ ਕਦੇ ਉਜਰ ਨਹੀਂ ਕੀਤਾ


ਤੂੰ ਵੀ ਇਉਂ ਈ ਕਰਦੀ ਐਂ

ਮੈਂ ਕਿਹਾ

ਕਵਿਤਾ ਵਿਚ ਸ਼ਬਦ

ਕੌੜੇ ਕਸੈਲੇ ਜਾਂ ਵਾਧੂ ਘਾਟੂ ਹੋਣ

ਕਦੇ ਨਹੀਂ ਕਿਹਾ

ਭਲਿਆ ਮਾਣਸਾ ਸਾਰੀ ਲੰਘਾ ਲਈ

ਕੋਈ ਸਲੋਕ ਤਾ ਸਹਿਜ ਭਾਅ ਲਿਖ


“ਬਸ ਇਉਂ ਈ ਸਰੀ ਜਾਂਦੈ”

ਤੂੰ ਬੋਲੀ

“ਊਂ ਕਦੇ ਕਦੇ ਮੇਰਾ ਜੀਅ ਕਰਦੈ

ਜਦੋਂ ਤੇਰੀ ਜੀਭ ਸੜੇ

ਤੂੰ ਕੌਲੀ ਵਗਾਹ ਮਾਰੇ”


ਤੇ ਤੂੰ ਮੇਰੀ ਕਵਿਤਾ

ਰੱਦੀ ਵਿਚ ਸੁਟ ਦੇਵੇਂ


ਉਡਣੇ ਸੱਪ ਦਾ ਡੰਗ

February2, 10

ਹਰ ਵਸਤ

ਉਡਣੇ ਸੱਪ ਵਾਙੂੰ ਮੇਰੇ ਮੱਥੇ

ਡੰਗ ਮਾਰਦੀ ਹੈ

ਮੈਂ ਹੋਰ ਜਿਉਂ ਉਠਦਾ ਹਾਂ


ਸੂਰਜਮੁਖੀ

January30, 10

ਸੂਰਜ ਛਿਪਿਆ

ਸੂਰਜਮੁਖੀ

ਰਿਹਾ ਖਿੜਿਆ


ਪਾਣੀ ਵਿਚ ਮਾਰੀ ਕੀਹਨੇ ਛਾਲ

June17, 08

ਕਿਹੜੇ ਤਾਂ ਵੇਲੇ ਜੀ ਮੈ

ਪੱਤਣ ਤੇ ਆਣ ਲੱਥੀ

ਕਿਹੜੇ ਤਾਂ ਵੇਲੇ ਮਾਰੀ ਛਾਲ

ਲੀੜੇ ਲੱਤੇ ਜੀ ਅਸੀਂ

ਸੌਪ ਦਿਤੇ ਕੰਢਿਆਂ ਨੂੰ

ਦੇਹੀ ਤੋਂ ਲਾਹਿਆ ਜੂਠਾ ਮਾਲ

ਕੱਚਾ ਘੜਾ ਜੀ ਸਾਡਾ

ਸੁੱਚਾ ਸੁੱਚਾ ਹੋ ਗਿਆ

ਲੱਗਾ ਜਾਂ ਪਾਣੀਆਂ ਦੇ ਨਾਲ

ਨਦੀਆ ਦੇ ਅੰਗ ਲੱਗੀ

ਆਪ ਨਦੀ ਹੋ ਗਈ

ਕੰਢਿਆਂ ਦੀ ਮੁੱਕ ਗਈ ਭਾਲ

ਹੁਣ ਤਾਂ ਜੀ ਮੋਹ ਟੁੱਟਾ

ਪਾਰਲੇ ਤੇ ਪਹੁੰਚਣੇ ਦਾ

ਜਿੱਥੇ ਉਡੀਕੇ ਮਹੀਵਾਲ

ਕੱਖਾਂ ਦੀ ਕੁੱਲੀ ਵਿਚੋਂ

ਦੀਵੇ ਦੀ ਲਾਟ ਕੰਬੀ

ਪਾਣੀ ਵਿਚ ਮਾਰੀ ਕੀਹਨੇ ਛਾਲ


ਟਸਕੇ ਦਾ ਅੰਬ

January8, 08

mango.jpg

 

ਬੁੱਲ੍ਹਾਂ ਤਕ ਆਇਆ ਬੋਲ

ਕਾਨੀ ਦੀ ਨੋਕ ਤਕ ਸਿਆਹੀ

ਕੰਨਾਂ ਤਕ ਖਿਚਿਆ ਤੀਰ

ਡਿਗਣ ਤੋਂ ਪਹਿਲਾਂ ਬਦਲ ਵਿਚ ਲਟਕਦੀ ਕਣੀ

ਸਿਖਰ ਤੇ ਅਟਕਿਆ ਕਾਮਨਾ ਦਾ ਰਸ

ਟਸਕੇ ਦੇ ਅੰਬ ਵਿਚ ਰਹਿ

ਜਿੰਨਾਂ ਚਿਰ ਰਹਿ ਹੁੰਦਾ

ਲੰਮਾ ਕਰ ਲੈ ਸਾਹ

ਜਾਣਦੇ ਜਿੰਨੀ ਉਚੀ ਜਾਂਦੀ ਹੈ ਪੀਂਘ

ਤੈਨੂੰ ਪਤਾ ਨਹੀਂ

ਅੰਬਰ ਕਿੰਨਾ ਉਚਾ ਹੈ

 


ਅੰਗ ਸੰਗ

September14, 07

 

ਅਜ ਮੈ ਤੇਰੇ ਨਾਲ ਹੀ ਰਹਿਣਾ

ਖੜ੍ਹੇਂ ਤਾਂ ਖੜ੍ਹਨਾ, ਜੇ ਬੈਠੇਂ

ਤਾਂ ਬਹਿਣਾ

 

ਜੋ ਬੋਲੇਂ ਉਹ ਸੁਣਨਾ

ਜੋ ਆਖੇਂ ਉਹ ਕਹਿਣਾ

 

ਚੜ੍ਹਦੇ ਦਿਨ ਵਿਚ ਚੜ੍ਹਨਾ

ਲਹਿੰਦੀ ਸੰਝ `ਚ ਲਹਿਣਾ

 

ਥਲ ਵਿਚ ਸੜਦਿਆਂ ਸੜਦਿਆਂ ਤੁਰਨਾ

ਜਲ ਵਿਚ ਖੁਰਦਿਆਂ ਖੁਰਦਿਆਂ ਵਹਿਣਾ

 

 


ਭਰਿਆ ਖਾਲੀ ਪਿਆਲਾ

September11, 07

 

ਮੇਰੇ ਨਾਲ ਇਉਂ ਕਿਓਂ ਹੁੰਦਾ ਹੈ

 

ਖਾਲੀ ਹੋਣ ਤੇ ਸੁਰਤ ਆਉਂਦੀ ਹੈ

ਮਿਲਿਆ ਸੀ ਮੈਨੂੰ ਚਾਹ ਦਾ ਪਿਆਲਾ

ਭਰਿਆ ਭਰਿਆ ਡੁੱਲ੍ਹਦਾ ਡੁੱਲ੍ਹਦਾ

ਪਰ ਪੀਤਾ ਮੈਂ ਅਣਪੀਤਿਆਂ ਵਾਙੂੰ

 

ਪਰਣ ਕਰਾਂ ਮੈਂ

ਅਗਲਾ ਪਿਆਲਾ ਜੇ ਮਿਲਿਆ ਤਾਂ

ਘੁਟ ਘੁਟ ਵਿੱਚੋਂ ਤਿੱਪ ਤਿੱਪ ਚੋਂ

ਸੁਆਦ ਲਵਾਂਗਾ

 

ਅਗਲੀ ਵਾਰ ਵੀ ਓਵੇਂ ਹੁੰਦਾ

 

ਸ਼ਾਇਦ ਮੇਰੇ ਹੱਥ ਸੁੱਤੇ ਹਨ

ਪਿਆਲਾ ਭਰਿਆ ਵੀ ਖਾਲੀ ਹੀ ਰਹਿੰਦੈ


ਜਗਦੇ ਜਗਦੇ ਜਿਉਣਾ

September4, 07

 

ਜੁਗਨੂੰ ਜਦ ਵੀ ਦਿਖਦੈ

ਜਗਦਾ ਦਿਸਦੈ

 

ਹੁਣ ਏਥੇ, ਹੁਣ ਓਥੇ

ਅੰਧਕਾਰ ਵਿਚ ਛਾਲ ਮਾਰਦੈ

ਖੰਭਾਂ ਤੇ ਸੂਰਜ ਚੁਕ ਲਿਆਉਂਦੈ

 

ਜੁਗਨੂੰ ਜਗਦੈ

ਮਿਰਤੂ ਨੂੰ ਵੀ ਜਗਮਗ ਕਰਦੈ

 

 

 

 

 

 

 


ਹੁਣੇ ਹੁਣ ਵੇਲ਼ਾ

August29, 07

 

ਹੁਣੇ ਹੁਣ ਵੇਲ਼ਾ

ਜਿਉਣ ਦਾ ਵੇਲਾ

ਮਰਨ ਪਿੱਛੋਂ ਤਾਂ

ਮਰਿਆ ਵੀ ਨਹੀਂ ਜਾਣਾ

 


ਜਿਉਣਾ

August21, 07

ਗਈ ਸੀ ਮੈਂ ਗੰਗਾ
ਚੜਾ ਲਿਆਈ ਵੰਗਾਂ”

ਸ਼ਿਵ ਜੀ ਨੇ ਕਿਹਾ ਸੀ
ਜਿੰਨਾ ਚਿਰ ਉਮਰ
ਵੰਗ ਵਾਂਗ ਰਹਿੰਦੀ ਛਣਕਦੀ
ਮੈਲ ਨਹੀਂ ਲਗਦੀ

ਗੰਗਾ ਦੀ ਵੰਗ ਤੇਰੀ
ਵੀਣੀ ਵਿਚ ਵਗਦੀ


ਮੈਨੂੰ ਕੋਈ ਹੋਰ ਜਿਉਂ ਗਿਆ

August12, 07

ਜਾਗ ਆਈ ਤਾਂ
ਥਾਂ ਥਾਂ ਉਤੋਂ
ਕਾਇਆ ਛਿੱਦੀ ਹੋ ਚੁਕੀ ਸੀ
ਭੁਰ ਭੁਰ ਜਾਂਦੀ
ਟਾਕੀ ਵੀ ਨਾ ਲਗਦੀ

ਮਿਲਣੀ ਵੀ ਸੀ ਨਹੀਂ ਨਾਲ ਦੀ ਟਾਕੀ
ਆਦਿ ਜੁਲਾਹਾ ਦੇਹ ਜਿੰਨਾ ਹੀ ਕਪੜਾ ਉਣਦਾ

ਜਾਗ ਆਈ ਤਾਂ
ਹੱਥਾਂ ਦੇ ਵਿਚ
ਹੰਢੀ ਬੋਦੀ ਦੇਹ ਪਈ ਸੀ

ਚੰਗਾ ਸੀ ਜੇ ਅੱਖ ਨਾ ਖੁਲ੍ਹਦੀ
ਪਤਾ ਨਾ ਚਲਦਾ
ਮੈਨੂੰ ਕੋਈ ਹੋਰ ਪਹਿਨ ਗਿਆ
ਮੈਨੂੰ ਕੋਈ ਹੋਰ ਜਿਉਂ ਗਿਆ


ਲੁਕਣਮੀਚੀ

August9, 07

ਓਨਾ ਕੁ ਜੀਵਿਆਂ ਹਾਂ
ਜਿੰਨਾ ਮੈਨੂੰ ਯਾਦ ਹੈ
ਜੇ ਮੈਂ ਸਭ ਕੁਝ ਭੁੱਲ ਜਾਵਾਂ
ਅਣਜੀਵਿਆ ਹੋ ਜਾਵਾਂਗਾ
ਜਿੰਨਾ ਕੁ ਭੁੱਲਦਾ ਹਾਂ
ਓਨਾ ਕੁ ਮਰ ਜਾਂਦਾ ਹਾਂ
ਭੁੱਲੀ ਗੱਲ ਚੇਤੇ ਆਉਂਦੀ ਹੈ
ਓਨਾ ਕੁ ਮਿਰਤੂ ਤੋਂ ਬਾਹਰ ਆ ਜਾਂਦਾ ਹਾਂ
ਮਿਰਤੂ ਤੇ ਜ਼ਿੰਦਗੀ
ਲੁਕਣਮੀਚੀ ਖੇਡਦੀਆਂ ਰਹਿੰਦੀਆਂ ਹਨ


Follow

Get every new post delivered to your Inbox.