ਮੇਰੀਐਨ

June5, 11

ਅਜ ਵੀ ਮੇਰੀਐਨ

ਖ਼ਾਕੀ ਫ਼ਾਈਲਾਂ ਵਿਚ ਘਿਰੀ ਬੈਠੀ ਸੀ

ਫ਼ਾਈਲ `ਚੋਂ ਸਿਰ ਚੁਕਦੀ

ਕੰਪਿਊਟਰ ਦੀ ਸਕਰੀਨ ਵਿਚ ਗੁਆਚ ਜਾਂਦੀ

 

ਮੇਰੀਐਨ

ਮੇਰੇ ਡਾਕਟਰ ਕੁਰੈਸ਼ੀ ਦੀ ਸੈਕਟਰੀ

 

ਉਹਦੇ ਕਮਰੇ ਦੀਆਂ ਕੰਧਾਂ ਨਾਲ

ਫ਼ਾਈਲਾਂ ਚਿਣੀਆਂ ਹੋਈਆਂ ਹਨ

 

ਫ਼ਾਈਲਾਂ `ਚ ਚਰਜ ਉਹ ਹਰ ਜਣੇ ਨੂੰ

ਜਾਣਦੀ ਹੈ

ਪਰ ਓਨਾ ਕੁ ਜਿੰਨਾ ਉਹ ਰੋਗੀ ਹੈ

ਮਿਸਜ਼ ਸਮਿੱਥ ਨੂੰ ਉਹਦੀ

ਖੰਘ ਜਿੰਨਾ ਜਾਣਦੀ ਹੈ

ਸਮਰਾ ਮਾਤਾ ਨੂੰ ਦੁਖਦੇ ਗੋਡਿਆਂ ਜਿੰਨਾ

ਉਹਨੂੰ ਨਹੀਂ ਪਤਾ

ਡੈਨੀ ਚਿਤਰ ਵੀ ਬਣਾਉਂਦਾ ਹੈ

ਰੋਜ਼ੀ ਨਾਟਕ ਕਰਦੀ ਹੈ

ਮੈਂ ਕਵਿਤਾ ਲਿਖਦਾ ਹਾਂ

 

ਮੇਰੀਐਨ ਹਰ ਫ਼ਾਈਲ ਵਿਚ

ਭੋਰਾ ਭੋਰਾ ਵੰਡੀ ਹੋਈ ਹੈ

ਪੰਜ ਹਜ਼ਾਰ ਫ਼ਾਈਲਾਂ ਦੇ

ਪੰਜ ਹਜ਼ਾਰ ਟੋਟਿਆਂ ਵਿਚ

ਮੈਂ ਸਾਬਤ ਸਬੂਤ ਮੇਰੀਐਨ ਨੂੰ

ਕਦੇ ਨਹੀਂ ਵੇਖਿਆ

 

ਅਜ ਦਾ ਦਿਨ ਵੀ

ਵਖਰਾ ਨਹੀਂ ਸੀ

 

ਮੇਰੀਐਨ ਦੇ ਸਾਹਮਣੇ ਕਮਰੇ ਵਿਚ

ਬੈਠੇ ਲੋਕ ਆਪਣੀ ਆਪਣੀ ਵਾਰੀ

ਉਡੀਕ ਰਹੇ ਸਨ

 

ਚਾਰਲੀ ਦੁਖਦੇ ਸਿਰ ਨੂੰ

ਘੁੱਟੀ ਬੈਠਾ ਸੀ

ਕ੍ਰਿਸਟੀਨਾ ਵੀਲ ਚੇਅਰ ਤੇ ਬੈਠੇ

ਪਤੀ ਬ੍ਰੈਡਲੇ ਦੇ ਦਸਤਾਨੇ ਲਾਹ ਰਹੀ ਸੀ

ਮਿਸ਼ੈਲ  ਪੁਰਾਣੇ ਰੀਡਰਜ਼ ਡਾਈਜੈਸਟ ਦੇ

ਪੰਨੇ ਫਰੋਲ ਰਹੀ ਸੀ ਤੇ ਉਹਦਾ

ਚਾਰ ਸਾਲ ਦਾ ਬੇਟਾ ਰੈਂਡੀ

ਬੈਟਰੀ ਵਾਲੀ ਕਾਰ ਚਲਾਉਣ ਲਈ

ਜ਼ਿਦ ਕਰ ਰਿਹਾ ਸੀ

 

ਮੇਰੀਐਨ ਨੇ ਮੈਨੂੰ ਬੁਲਾ ਕੇ

ਆਉਣ ਦੀ ਅਗਲੀ ਤਰੀਕ ਦਿੱਤੀ

 

ਮੈਂ ਓਥੋਂ ਤੁਰਦਾ ਤੁਰਦਾ ਰੁਕ ਗਿਆ, ਕਿਹਾ

ਮੇਰੀਐਨ ਤੈਨੂੰ ਕਦੇ ਦੱਸਿਐ ਕਿਸੇ ਨੇ

ਤੇਰੇ ਵਾਲ ਕਿੰਨੇ ਸੁਹਣੇ ਐ?

 

“ਥੈਂਕਯੂ” ਉਹਨੇ ਅਚੰਭੇ ਚ ਮੇਰੇ ਵਲ ਵੇਖਿਆ

ਜਿਵੇਂ ਅੰਗਾਂ ਵਿਚ ਜਾਨ ਪੈ ਗਈ ਹੋਵੇ

ਉਹਦੀ ਮੁਸਕ੍ਰਾਹਟ ਕੰਨਾਂ ਤਕ ਫੈਲ ਗਈ

ਗੱਲ੍ਹਾਂ ਹੋਰ ਸੂਹੀਆਂ ਹੋ ਗਈਆਂ

ਮੱਥੇ ਤੋਂ ਲਿਟ ਪਾਸੇ ਕਰਦੀ ਨੇ ਕਿਹਾ

ਮੈਂ ਅਜ ਕਾਹਲੀ ਵਿਚ ਓਵੇਂ ਈ ਨੱਸ ਆਈ ਸੀ

ਕੰਘੀ ਵੀ ਨਹੀਂ ਕੀਤੀ ਸੀ

ਪੰਨੇ ਫਰੋਲਦੀ ਮਿਸ਼ੈਲ ਦਾ ਹਾਸਾ ਨਿਕਲ ਗਿਆ

ਮਿਸਜ ਬ੍ਰੇਡਲੇ ਦਾ ਵੀ

ਰੈਂਡੀ ਦੀ ਤੇਜ਼ ਕਾਰ ਵੀਲ ਚੇਅਰ ਦੇ ਪਹੀਏ

ਨਾਲ ਵਜ ਕੇ ਦਰ ਵਿਚਦੀ ਬਾਹਰ

ਨਿਕਲ ਗਈ।

 

 


Follow

Get every new post delivered to your Inbox.