ਕਿਤਾਬੀ ਜਿਹਾ

June26, 09

ਤੂੰ ਜਦੋਂ ਬਹੁਤ ਸੱਚਾ ਜਿਹਾ ਹੋ ਜਾਨੈਂ
ਸ਼ੁੱਧ ਬੋਲਣ ਲਗ ਜਾਨੈਂ, ਫ਼ਿਕਰੇ ਘੜ ਘੜ ਕੇ
ਸਿਹਾਰੀਆਂ ਬਿਹਾਰੀਆਂ, ਵਿਰਾਮ ਚਿੰਨ੍ਹ ਲਾ ਕੇ
ਮੈਂ ਡਰ ਜਾਂਦੀ ਹਾਂ

ਓਦੋਂ ਮੇਰਾ ਜੀਅ ਕਰਦੈ
ਤੇਰੇ ਚਿਹਰੇ ਤੇ ਥੁਹੜੀ ਜਿਹੀ
ਮਿੱਟੀ ਮਲ ਦਿਆਂ
ਨਛੁਹ ਲੀੜਿਆਂ ਤੇ ਛਿੱਟੇ ਪਾ ਦਿਆਂ
ਤੇ ਤੈਨੂੰ ਕਿਤਾਬੀ ਜਿਹੇ ਨੂੰ
ਅਸਲੀ ਬਣਾ ਲਵਾਂ


ਵਿਚਾਰਾ ਰੱਬ

June20, 09

ਪਾਠ ਕਰਦੀ ਕਰਦੀ

ਮੈਂ ਤੇਰੇ ਨਾਲ ਗੱਲਾਂ ਕਰਨ

ਲਗ ਜਾਂਦੀ ਹਾਂ

ਤੇ ਪਤਾ ਨਹੀਂ ਲਗਦਾ

ਪਾਠ ਕਦੋਂ ਪੂਰਾ ਹੋ ਜਾਂਦੈ

ਤੂੰ ਰਬ ਨੂੰ ਪੁੱਛੀਂ

ਉਹ ਮੇਰਾ ਪਾਠ

ਮਨਜ਼ੂਰ ਕਰ ਲੈਂਦੈ?


ਮੈਂ ਦੱਸਿਆ

ਰਬ ਕਹਿੰਦੈ

ਸਾਰੇ ਉਹਦਾ ਪਾਠ ਈ ਕਰਦੇ ਐ

ਗਲ ਕੋਈ ਨਹੀਂ ਕਰਦਾ


‘ਵਿਚਾਰਾ’ ਤੇਰੇ ਮੂੰਹੋਂ ਨਿਕਲਿਆ।


ਮਾਂ ਦਾ ਭਾਸ਼ਾ ਵਿਗਿਆਨ

June17, 09

ਵਿਹੜਾ ਸੁੰਭਰਦੀ

ਖੇਤ ਰੋਟੀ ਲਜਾਂਦੀ

ਖੂਹੋਂ ਪਾਣੀ ਭਰਦੀ ਮਾਂ ਨੂੰ

ਅੱਖਰਾਂ ਵਾਲੇ ਕਾਗਦ ਦੀ

ਕੋਈ ਵੀ ਪਰਚੀ ਦਿਸਦੀ

ਚੱਕ ਕੇ ਮੱਥੇ ਨਾਲ ਲਾ ਲੈਂਦੀ

ਅੰਗਰੇਜ਼ੀ `ਚ ਛਪੇ

ਮੁੜ ਜਵਾਨ ਹੋਣ ਦੇ ਟੋਟਕੇ ਨੂੰ

ਮੱਥਾ ਟੇਕਦੀ ਵੇਖ ਮੈਂ ਪੁੱਛਿਆ

ਮਾਂ ਪਤੈ

ਇਹ ਅੱਖਰ ਕਿਸ ਬੋਲੀ ਦੇ ਐ?

“ਗੁਰਮੁਖੀ ਦੇ”।

ਤੇ ਏਨ੍ਹਾ ਵਿਚ ਕੀ ਲਿਖਿਐ?

“ਬਾਣੀ”।


ਓ…………ਥੋਂ ਤਕ

June16, 09

ਮੈ ਤੇਰੇ ਕੋਲੋਂ ਵਿਛੜਨ ਲਗਦਾ ਹਾਂ
ਤੂੰ ਬਾਂਹ ਚੱਕ ਕੇ ਕਹਿੰਦੀ ਹੈਂ
ਓ……………ਥੋਂ  ਤਕ
ਮੇਰੇ ਨਾਲ ਹੋਰ ਚੱਲ

ਓਥੇ ਪਹੁੰਚਦੇ ਹਾਂ
ਤੇਰੀ ਬਾਂਹ ਉਠਦੀ ਹੈ
ਬਸ ਓ……………..ਥੋਂ  ਤਕ ਹੋਰ

ਜਨਮ ਜਨਮ ਤੋਂ ਤੇਰੇ ਨਾਲ
ਤੁਰ ਰਿਹਾ ਹਾਂ

ਓ……………ਥੋਂ  ਤਕ


ਊਂ ਈਂ

June15, 09

ਕਲ੍ਹ ਸੰਧਿਆ ਵੇਲੇ
ਸਰਵਰ ਕੰਢੇ
ਮਿਲਣ ਕਿਉਂ ਨਹੀਂ ਆਇਆ

ਮੈਨੂੰ ਕੀ ਪਤਾ ਸੀ
ਤੂੰ ਓਥੇ ਐਂ

ਤੂੰ ਊਂ ਈਂ ਆ ਜਾਂਦਾ
ਜਿਵੇਂ ਮੈਂ ਆਈ ਸੀ
ਊਂ ਈਂ


ਨ੍ਹੇਰੇ ਵਿਚ ਪੜ੍ਹਨ ਵਾਲੀ ਕਿਤਾਬ

June12, 09

ਉਹ ਚੁਪ ਚਾਪ
ਮੇਰੀ ਕੁਰਸੀ ਪਿੱਛੇ ਆ ਖੜ੍ਹੀ
ਤੇ ਮੇਰੇ ਮੋਢਿਆਂ ਤੇ ਹੱਥ ਰੱਖ ਦਿੱਤੇ

ਮੈਂ ਉਹਦੀਆਂ ਅੱਖਾਂ ਵਿਚ ਤੱਕਿਆ
ਹੱਥ ਚੁੰਮਿਆ
ਤੇ ਫੇਰ ਪੜ੍ਹਨ ਲਗ ਪਿਆ

ਥੁਹੜਾ ਚਿਰ ਉਹ ਖੜ੍ਹੀ ਰਹੀ
ਕਦੇ ਕਿਤਾਬ ਕਦੇ ਮੈਨੂੰ ਵੇਖਦੀ
ਫੇਰ ਦੋਹਾਂ ਹੱਥਾਂ ਨਾਲ
ਮੇਰਾ ਚਿਹਰਾ ਘੁੱਟ ਕੇ
ਗਲ ਵਿਚ ਬਾਹਾਂ ਪਾ ਦਿੱਤੀਆਂ
ਉਹਦੇ ਲੰਬੇ ਕੇਸਾਂ ਨੇ
ਮੇਰੀ ਝੋਲ ਭਰ ਦਿੱਤੀ

ਮੈਂ ਇਕ ਹੱਥ ਨਾਲ ਉਹਦਾ
ਚਿਹਰਾ ਪਲੋਸਣ ਲਗ ਪਿਆ
ਦੂਜੇ ਹੱਥ `ਚ ਕਿਤਾਬ ਫੜ੍ਹੀ
ਪੜ੍ਹਦਾ ਰਿਹਾ

ਉਹਨੇ ਬਿਜਲੀ ਦੇ ਲਾਟੂ ਵਲ ਵੇਖਿਆ
“ਜੇ ਦੀਵਾ ਹੁੰਦਾ
ਫੂਕ ਮਾਰ ਕੇ ਬੁਝਾ ਦਿੰਦੀ”

“ਕਿਉਂ?” ਮੈ ਪੁੱਛਿਆ

“ਮੇਰੇ ਪੜ੍ਹਾਕੂ ਅਨਪੜ੍ਹ ਨੂੰ
ਸਮਝ ਆ ਜਾਂਦੀ
ਚਾਨਣ `ਚ ਕਿਹੜੀ ਕਿਤਾਬ
ਪੜ੍ਹੀ ਦੀ ਐ
ਤੇ ਨ੍ਹੇਰੇ ਵਿਚ ਕਿਹੜੀ”



ਚੁੱਪ

June11, 09

ਚੁੱਪ ਹੋਣ ਤੋ ਪਹਿਲਾਂ
ਕਵੀ ਚੁੱਪ ਦੇ ਪੈਰਾਂ ਵਿਚ
ਝਾਂਜਰਾਂ ਪਾਉਂਦਾ ਹੈ