ਜਨੀਨ ਪਿੰਡ ਦੀ ਮਾਂ

August8, 08

ਇਜ਼ਰਾਈਲੀ ਟੈਂਕ ਨਾਲ

ਢੱਠੇ ਘਰ ਦੇ ਢੇਰ ਉਤੇ

ਮਾਂ ਖੜ੍ਹੀ

ਬੱਚੇ ਦਾ ਖਿਡਾਉਣਾ ਫੜੀ

ਆਕਾਸ਼ ਵਿਚ ਬਾਂਹ ਚੁਕਦੀ ਬੋਲਦੀ

ਇਸ ਭਰੀ ਦੁਨੀਆਂ ਵਿਚ

ਕਿਸੇ ਨੂੰ ਨਹੀਂ ਦੀਹਦਾ

ਸਾਡੇ ਨਾਲ ਕੀ ਹੋ ਰਿਹਾ ਹੈ?

ਮੈਂ ਤੁਰਤ ਅੱਖਾਂ ਮੀਚ ਲੈਂਦਾ ਹਾਂ

ਕਹਿੰਦਾ ਹਾਂ

ਮੈਂ ਉਹਨੂੰ ਨਹੀਂ ਵੇਖਿਆ

ਫਿਰ ਕਹਿੰਦਾ ਹਾਂ

ਜੋ ਵੇਖਿਆ ਹੈ, ਨਹੀਂ ਵੇਖਿਆ।

ਅੰਦਰ ਦੀ ਕਚਹਿਰੀ ਵਿਚੋਂ

ਹਾਕ ਵਜਦੀ ਹੈ

ਮੈਂ ਧਰਮ ਪੁਸਤਕ ਤੇ ਹੱਥ ਧਰ ਕੇ

ਕਹਿੰਦਾ ਹਾਂ

ਮੈਂ ਮਲਬੇ ਦੇ ਢੇਰ ਤੇ ਖੜ੍ਹੀ

ਫਿੱਸੀ ਗੇਂਦ ਪਲੋਸਦੀ

ਬਾਂਹ ਚੁਕ ਕੇ ਬੋਲਦੀ

ਜਨੀਨ ਪਿੰਡ ਦੀ ਮਾਂ ਨੂੰ

ਨਹੀਂ ਵੇਖਿਆ

ਮੈਂ ਆਪਣੇ ਰਬ ਨੂੰ ਹਾਜ਼ਰ ਨਾਜ਼ਰ ਸਮਝ ਕੇ

ਕਹਿੰਦਾ ਹਾਂ

ਮੈਂ ਉਸ ਦਿਨ ਜੋ ਵੇਖਿਆ ਸੀ

ਉਹ ਨਹੀਂ ਵੇਖਿਆ ਸੀ


ਅਸੀਸ

August7, 08

ਧਰਤੀ
ਤੁਰਨ ਵਾਲੇ ਨੂੰ
ਹਰ ਪੈਰ ਤੇ ਅਸੀਸ ਦਿੰਦੀ ਹੈ


ਬਿਨਾਂ ਜਿਉਣੋਂ ਜਿਉਣਾ

August6, 08

ਅੱਖਾ ਵੇਖੀ ਜਾਂਦੀਆਂ ਹਨ
ਕੰਨ ਸੁਣੀਂ ਜਾਂਦੇ
ਪੈਰ ਤੁਰੀ ਜਾਂਦੇ
ਹੱਥ ਲਿਖੀ ਜਾਂਦੇ
ਬਿਨਾ ਜਿਉਣੋਂ ਜੀਵੀ ਜਾਂਦਾ ਹਾਂ


ਵੇਈਂ ਤੇ ਰਬਾਬ

August5, 08

ਕਹੁ ਪਿਆਰੇ

ਤਿੰਨ ਦਿਨ ਵੇਈਂ ਅੰਦਰ ਡੁਬਣ ਵੇਲੇ

ਕੀ ਹੋਇਆ ਸੀ।

ਤੂੰ ਦਸ ਜਦੋਂ ਰਬਾਬ `

ਡੁਬ ਕੇ ਬਾਹਰ ਆਵੇਂ

ਕੀ ਹੁੰਦਾ ਹੈ?

ਨਾਨਕ ਕੰਠ `ਚੋਂ ਸ਼ਬਦ ਉਠਿਆ

ਛਿੜੇ ਰਬਾਬ `ਚੋਂ ਬਾਹਰ ਡੁੱਲ੍ਹਿਆ

ਅਰਬ ਦੇ ਸੜਦੇ ਮਾਰੂਥਲ ਵਿਚ

ਵੇਈਂ ਵਗ ਪਈ

ਜੋ ਡੁੱਬਿਆ ਸੋ ਤਰਿਆ।


ਚਾਰ ਪਹਿਰ

August4, 08

ਟੁੱਟੀ ਮੰਜੀ ਵਾਣ ਪੁਰਾਣਾ

ਕਿਸ ਬਿਧ ਰਾਤ ਲੰਘਾਈਏ

ਪਹਿਲੇ ਪਹਿਰ `ਚ ਗੱਲਾਂ ਕਰੀਏ

ਦੂਜੇ ਪਹਿਰ `ਚ ਗਾਈਏ

ਤੀਜੇ ਪਹਿਰ `ਚ ਤਾਰੇ ਗਿਣੀਏ

ਚੌਥੇ ਸੂਰਜ ਧਿਆਈਏ

ਟੁੱਟੀ ਮੰਜੀ ਵਾਣ ਪੁਰਾਣਾ

ਚਕ ਕੇ ਪਾਸੇ ਧਰੀਏ

ਆਪਣਾ ਆਪ ਵਿਛਾ ਧਰਤੀ ਤੇ

ਬਾਂਹ ਸੱਜਣ ਦੀ ਫੜੀਏ

 

 


ਵੇਈਂ

August3, 08

ਨਾਨਕ ਤਿੰਨ ਦਿਨ ਡੁਬਿਆ
ਵੇਈਂ ਅੰਦਰ
ਬਾਹਰ ਆਇਆ ਪੈਰਾਂ ਨੂੰ
ਦਰਿਆ ਲਗਾ ਸੀ
ਸਿਰ ਤੇ ਚਾਇਆ ਸ਼ਬਦ ਦਾ ਸਾਗਰ
ਹਰ ਦਰਿਆ ਮੋਢਿਆਂ ਉੱਤੇ
ਸਾਗਰ ਚੁਕ ਕੇ ਤੁਰਦਾ


ਧੁੱਪ

August2, 08

ਧੁੱਪ ਚੜ੍ਹਦੀ ਕੰਧ ਤੇ ਹੌਲੀ ਹੌਲੀ
ਬੱਦਲ ਆਉਂਦੇ ਡਿਗ ਪੈਂਦੀ
ਚੁੰਨੀ ਝਾੜਦੀ ਫੇਰ ਚੜ੍ਹਨ ਲਗਦੀ


ਝਨਾਂ ਦੇ ਕੰਢੇ

August1, 08

ਬੈਠ ਝਨਾਂ ਦੇ ਕੰਢੇ ਰਾਂਝਾ

ਰਮਜ਼ਾਂ ਦੱਸੇ ਜੋਗ ਦੀਆਂ

ਰੰਗਪੁਰ ਮੇਰੇ ਅੰਦਰ ਵਸਦਾ

ਕੂੜੀਆਂ ਗੱਲਾਂ ਭੋਗ ਦੀਆਂ

ਤੂੰ ਦਰਵਾਜ਼ਾ ਖੋਲ੍ਹ ਕੇ ਆ ਜਾ

ਚੱਕ ਦੇ ਸਫ਼ਾਂ ਵਿਜੋਗ ਦੀਆਂ

ਕੋਲ਼ੇ ਬਹਿ ਕੇ ਗੱਲਾਂ ਕਰੀਏ

ਦੋ ਘੜੀਆਂ ਸੰਜੋਗ ਦੀਆਂ

ਇਕ ਦਿਨ ਏਥੋਂ ਉਡ ਜਾਣਾ ਹੈ

ਚੁੰਝਾਂ ਭਰ ਕੇ ਚੋਗ ਦੀਆਂ

ਲਹਿਰਾਂ ਸੁੱਕੀਆਂ, ਪੱਤਣ ਉੱਤੇ

ਲਾਸਾਂ ਪਈਆਂ ਸੋਗ ਦੀਆਂ