ਕੀ ਸੱਚਾ ਕੀ ਝੂਠਾ

September17, 07

ਅਧਖੁੱਲ੍ਹੀਆਂ ਅੱਖਾਂ ਨਾਲ ਵੇਖੀ

ਦੁਨੀਆਂ ਅੱਧੀ ਸੱਚੀ ਹੁੰਦੀ ਹੈ

 

ਕਦੇ ਕਦੇ ਸੱਚ ਏਨਾ ਕਰੂਰ ਹੁੰਦਾ ਹੈ

ਵੇਖਣ ਵੇਲੇ ਅੱਖਾਂ ਮਿਚ ਜਾਂਦੀਆਂ ਹਨ

 

ਕਦੇ ਕਦੇ ਸੁਪਨੇ ਦੀ ਦੁਨੀਆਂ

ਅਸਲੀ ਦੁਨੀਆਂ ਨਾਲੋਂ ਵਧੇਰੇ ਅਸਲੀ ਹੁੰਦੀ ਹੈ


ਕਵੀ ਦਾ ਕੰਮ

September16, 07

ਅਜ ਸੂਰਜ ਦਾ ਦਿਨ 

ਸੂਰਜ ਦੇ ਲੇਖੇ ਹੀ ਲਾਉਣਾ

ਓਸ ਗਗਨ ਵਿਚ ਲਾਟੂ ਟੰਗਣਾ

ਜਿੱਥੇ ਜੁਗਾਂ ਜੁਗਾਂ ਤੋਂ

ਰਾਤ ਰਹੀ ਹੈ

 

ਅੰਬਰ ਅਗੇ ਅੰਬਰ

ਅੰਬਰ ਹੋਰ ਪਰ੍ਹੇ ਪਰ੍ਹੇ ਅੰਬਰ

ਸੂਰਜ ਹਰ ਅੰਬਰ ਨਹੀਂ ਚੜ੍ਹਦਾ

ਹਰ ਰਵੀਵਾਰ ਮੈਂ

ਕਿਸੇ ਅਨ੍ਹੇਰੇ ਅੰਬਰ

ਰਵੀ ਬਾਲਣਾ

 

ਕਵੀ ਨੂੰ ਏਹੋ ਕੰਮ ਸੋਭਦਾ

ਏਹੀ ਕੰਮ ਉਹ ਕਰਨਾ ਜਾਣੇ


ਕਵਿਤਾ ਤੇ ਖ਼ਬਰ

September15, 07

 

ਅਜ ਕਲ ਉਹੀ ਹੁੰਦਾ ਹੈ

ਜਿਸਦੀ ਖ਼ਬਰ ਬਣਦੀ ਹੈ

 

ਮੇਰੀ ਲਿਖੀ ਲਿਖਾਈ ਕਵਿਤਾ

ਅਣਲਿਖੀ ਹੋ ਜਾਂਦੀ ਹੈ

 

ਜਦੋਂ ਖ਼ਬਰ ਬਣਦੀ ਹੈ

ਅਣਜਨਮੀ ਹੀ ਮਰ ਜਾਂਦੀ ਹੈ

 

ਜਿਵੇਂ ਬਹੁਤ ਸਾਰੀਆਂ

ਕੁੜੀਆਂ ਮਰ ਜਾਂਦੀਆਂ ਹਨ

 


ਅੰਗ ਸੰਗ

September14, 07

 

ਅਜ ਮੈ ਤੇਰੇ ਨਾਲ ਹੀ ਰਹਿਣਾ

ਖੜ੍ਹੇਂ ਤਾਂ ਖੜ੍ਹਨਾ, ਜੇ ਬੈਠੇਂ

ਤਾਂ ਬਹਿਣਾ

 

ਜੋ ਬੋਲੇਂ ਉਹ ਸੁਣਨਾ

ਜੋ ਆਖੇਂ ਉਹ ਕਹਿਣਾ

 

ਚੜ੍ਹਦੇ ਦਿਨ ਵਿਚ ਚੜ੍ਹਨਾ

ਲਹਿੰਦੀ ਸੰਝ `ਚ ਲਹਿਣਾ

 

ਥਲ ਵਿਚ ਸੜਦਿਆਂ ਸੜਦਿਆਂ ਤੁਰਨਾ

ਜਲ ਵਿਚ ਖੁਰਦਿਆਂ ਖੁਰਦਿਆਂ ਵਹਿਣਾ

 

 


ਸੁੱਚੇ ਹੱਥ

September14, 07

 

ਮੇਰੇ ਹੱਥਾਂ ਨੂੰ ਇੱਕੋ ਕੰਮ ਆਉਂਦਾ

ਜਾਂ ਲੈਣਾ ਜਾ ਦੇਣਾ

ਕਵਿਤਾ ਲਿਖਣ ਤਾਂ

ਉਹ ਵੀ ਲਾਲ ਵਹੀ ਵਿਚ

ਲੇਖਾ ਪੱਤਾ ਬਣ ਜਾਂਦੀ ਹੈ

 

ਕਿਸ ਨਦੀ ਵਿਚ

ਹੱਥ ਡੋਬੀਏ

ਜਨਮ ਜਨਮ ਦੀ ਜੂਠ ਉੱਤਰੇ


ਭਰਿਆ ਖਾਲੀ ਪਿਆਲਾ

September11, 07

 

ਮੇਰੇ ਨਾਲ ਇਉਂ ਕਿਓਂ ਹੁੰਦਾ ਹੈ

 

ਖਾਲੀ ਹੋਣ ਤੇ ਸੁਰਤ ਆਉਂਦੀ ਹੈ

ਮਿਲਿਆ ਸੀ ਮੈਨੂੰ ਚਾਹ ਦਾ ਪਿਆਲਾ

ਭਰਿਆ ਭਰਿਆ ਡੁੱਲ੍ਹਦਾ ਡੁੱਲ੍ਹਦਾ

ਪਰ ਪੀਤਾ ਮੈਂ ਅਣਪੀਤਿਆਂ ਵਾਙੂੰ

 

ਪਰਣ ਕਰਾਂ ਮੈਂ

ਅਗਲਾ ਪਿਆਲਾ ਜੇ ਮਿਲਿਆ ਤਾਂ

ਘੁਟ ਘੁਟ ਵਿੱਚੋਂ ਤਿੱਪ ਤਿੱਪ ਚੋਂ

ਸੁਆਦ ਲਵਾਂਗਾ

 

ਅਗਲੀ ਵਾਰ ਵੀ ਓਵੇਂ ਹੁੰਦਾ

 

ਸ਼ਾਇਦ ਮੇਰੇ ਹੱਥ ਸੁੱਤੇ ਹਨ

ਪਿਆਲਾ ਭਰਿਆ ਵੀ ਖਾਲੀ ਹੀ ਰਹਿੰਦੈ


ਬਿਰਖ

September10, 07

 

ਬਿਰਖ ਦੀ ਛਾਵੇਂ ਜੋ ਜੀਅ ਆਵੇ 

ਰਾਜੀ ਜਾਵੇ

 


ਜਗਦੇ ਜਗਦੇ ਜਿਉਣਾ

September4, 07

 

ਜੁਗਨੂੰ ਜਦ ਵੀ ਦਿਖਦੈ

ਜਗਦਾ ਦਿਸਦੈ

 

ਹੁਣ ਏਥੇ, ਹੁਣ ਓਥੇ

ਅੰਧਕਾਰ ਵਿਚ ਛਾਲ ਮਾਰਦੈ

ਖੰਭਾਂ ਤੇ ਸੂਰਜ ਚੁਕ ਲਿਆਉਂਦੈ

 

ਜੁਗਨੂੰ ਜਗਦੈ

ਮਿਰਤੂ ਨੂੰ ਵੀ ਜਗਮਗ ਕਰਦੈ