ਖਿਮਾ ਕਰਨਾ

August30, 07

 

ਅਸਮਾਨ

ਕਿੰਨਾ ਕੁ ਚਿਰ ਸਾਂਭੀ ਜਾਵੇਗਾ ਸਾਡਾ ਸ਼ੋਰ ਸ਼ਰਾਬਾ

ਸੀਮਾ ਹੈ ਇਹਦੀ ਵੀ ਕੋਈ

 

ਇਕ ਦਿਨ ਇਹਦੇ ਕੰਨਪਾਟ ਜਾਣੇ ਹਨ

ਤੇ ਡੁੱਲ੍ ਜਾਣਾ ਹੈ ਸਾਰਾ ਰੌਲਾ

ਓਦੋਂ ਅਸੀਂ ਬੋਲੇ ਹੋ ਜਾਵਾਂਗੇ ਤੇ ਕੰਵਲੇ ਵੀ

 

ਸਾਡਾ ਹਰ ਸ਼ਬਦ

ਸਾਡੇ ਕੋਲ ਹੀ ਪਰਤ ਆਉਣਾ ਹੈ

ਤੇ ਜਿਹੜੇ ਤੀਰ ਅਸੀਂ ਨਿਤ ਚਲਾਉਂਦੇ ਹਾਂ

ਜਦੋਂ ਪਰਤੇ ਉਹਨਾਂ ਨੁੰ ਸਾਂਭਣ ਜੋਗੀ

ਸਾਡੀ ਛਾਤੀ ਨਹੀਂ ਹੋਣੀ

 

ਵਾਹ ਲੱਗੇ ਮੈਂ

ਮਾੜੀ ਗਲ ਕਰਨੋਂ ਸੰਕੋਚ ਕਰਦਾ ਹਾਂ

ਅਜ ਰਿਹਾ ਨਹੀਂ ਗਇਆ

ਖਿਮਾ ਕਰਨਾ

 


ਹੁਣੇ ਹੁਣ ਵੇਲ਼ਾ

August29, 07

 

ਹੁਣੇ ਹੁਣ ਵੇਲ਼ਾ

ਜਿਉਣ ਦਾ ਵੇਲਾ

ਮਰਨ ਪਿੱਛੋਂ ਤਾਂ

ਮਰਿਆ ਵੀ ਨਹੀਂ ਜਾਣਾ

 


ਦੇਹੀ

August28, 07

ਉਹ ਹਸਦੀ ਹਸਦੀ

ਦੇਹੀ `ਚੋਂ ਬਾਹਰ ਨਿਕਲ ਜਾਂਦੀ ਹੈ

ਜਿਵੇਂ ਕਪਾਹ ਖਿੜਦੀ ਖਿੜਦੀ ਟੀਂਡੇ `ਚੋਂ


ਹਰੀ ਅੱਗ

August27, 07

 

 

ਘਾਹ ਪਹਿਲਾਂ ਸੂਰਜ ਤੇ ਉਗਦੈ

ਪਿੱਛੋਂ ਧਰਤੀ ਉਤੇ

ਸੂਰਜ ਦੀ ਅੱਗ ਹਰੀਆਂ 

ਪੱਤੀਆਂ ਵਿਚ ਪੁੰਗਰਦੀ

ਹਵਾ ਚ ਹਿਲਦੀ ਵੱਡੀ ਹੁੰਦੀ

 

ਹਰੀ ਹੁੰਦੀ ਹੈ ਛੁਹ ਸ਼ਬਦ ਦੀ

ਲਾਟਾਂ ਛਡਦੇ ਥੰਮ ਤੇਕੀੜੀ ਤੁਰ ਪੈਂਦੀ ਹੈ

ਹਰਣਾਖਸ਼ ਦਾ ਪੁੱਤ

ਅੱਗ ਨੂੰ ਜੱਫੀ ਪਾ ਲੈਂਦਾ ਹੈ

 

 


ਬੁਝਾਰਤ

August27, 07

 ਥੜ੍ਹੇ ਉਤੇ ਥੜ੍ਹਾ

ਭੱਜੇ ਵਾਹੋ ਦਾਹ

ਓਸੇ ਥਾਂ ਖੜ੍ਹਾ

 

(ਉਤਰ: ਬੰਦਾ) 


ਅਧੂਰਾ ਰੱਬ

August25, 07

ਖਿੜਦੇ ਪੁਸ਼ਪ `ਚ ਖਿੜਦਾ

ਵਗਦੀ ਨਦੀ `ਚ ਵਗਦਾ

ਅਣੂ `ਚ ਸਿਮਟਾਂ ਅੰਬਰ ਪਸਰਾਂ

ਜੋ ਵੀ ਹੋਵੇਉਸ ਵਿਚ ਹੋਵਾਂ

 

ਆਦਿ ਜੁਗਾਦੋਂ 

ਤੂੰ ਮੈਨੂੰ ਸਿਰਜਣ ਵਿਚ ਲੱਗਾ

ਮੈ ਤੇਰਾ ਰੱਬ ਹਾਂ

ਕਦੇ ਵੀ ਪੂਰਾ ਨਹੀਂ ਹੋਵਾਂਗਾ

ਸਮੇਂ ਤੋ ਪਹਿਲਾਂ ਵੀ ਹਾਂ ਤੇ ਪਿੱਛੋਂ ਵੀ

ਕੇਵਲ ਹਾਂ

ਨਾ ਪਹਿਲਾਂ ਨਾ ਪਿੱਛੋਂ


ਆਓ ਚੋਰੋ

August24, 07

 

ਆਓ ਚੋਰੋ

ਮੇਰੇ ਘਰ ਨੂੰ ਭੰਨੋਂ

ਸੱਬਲਾਂ ਨਾਲ ਸੰਨ੍ਹ ਲਾਓ

ਰਾਤ ਬਰਾਤੇ ਆਉਣ ਦੀ ਲੋੜ ਨਹੀਂ ਹੈ

ਮੈ ਹਰ ਵੇਲੇ ਸੁੱਤਾ ਹੁੰਦਾਂ

ਲੁੱਟ ਲਵੋ ਘਰ ਮੇਰਾ

ਕਰੋ ਮਲੰਗ ਮੈਨੂੰ ਵੀ

ਘਰ ਨੇ ਮੈਨੂੰ ਲੂਲਾ ਲੰਗੜਾ ਕੀਤਾ

ਨ੍ਹੇਰੇ ਦੇ ਵਿਚ ਨ੍ਹੇਰਾ

ਅੱਖਾਂ ਚਾਨਣ ਨਹੀ ਜਰਦੀਆਂ

ਕੰਧਾਂ ਪੱਕੀਆਂ ਲੋਹੇ ਵਰਗੀਆਂ

ਨਾ ਚਾਨਣ ਨਾ ਹਵਾ ਦਾ ਬੁੱਲਾ ਲੰਘਦਾ

ਹਰ ਜਨਮ ਵਿਚ ਕੰਧਾਂ ਹੋਰ ਪੱਕੀਆਂ ਹੋਵਣ

 

ਮੈਨੂੰ ਤੁਹਾਡੀ ਪੈੜਚਾਲ ਸੁਣਦੀ ਹੈ

ਇਕ ਦੂਜੇ ਨਾਲ ਕੰਨਾਂ ਦੇ ਵਿਚ ਕਰੋ ਸਲਾਹਾਂ

ਕਿਹੜੀ ਕੰਧ ਚੋਂ ਪਾੜ ਲਾਵਣਾ ਸੌਖਾ

ਫਿਕਰ ਕਰੋ ਨਾ

ਪਹਿਲੀ ਸੱਬਲ ਗੁਰੂ ਨੂੰ

ਚੇਤੇ ਕਰ ਕੇ ਮਾਰੋ

ਮੈਂ ਤਾਂ ਘੂਕ ਸੁੱਤਾ ਪਿਆ ਹਾਂ

ਚੋਰ ਚੋਰਦਾ ਰੌਲਾ ਕਿਸੇ ਨਹੀਂ ਪਾਉਣਾ

 

 


ਮੁੜ ਕੇ ਕਦ ਆਵੇਂਗੀ

August23, 07

 

ਜਾਣ ਲੱਗੀ ਜਵਾਨੀ ਨੂੰ ਮੈਂ ਪੁੱਛਿਆ

ਮੁੜ ਕੇ ਕਦ ਆਵੇਂਗੀ

ਕਹਿੰਦੀ

ਬੁਢਾਪੇ ਤੋ ਪੁੱਛ ਲੈ

ਜਦੋਂ ਚਲਾ ਜਾਵੇਗਾ

ਆ ਜਾਵਾਂਗੀ

ਮੈਂ ਬੁਢਾਪੇ ਨਾਲ ਗੱਲ ਕਰਨ ਲੱਗਾ

ਉਹ ਕੰਨਾਂ ਤੇ ਉਂਗਲ ਧਰ ਕੇ ਕਹਿੰਦਾ

“ਮੈਨੂੰ ਸੁਣਨੋਂ ਹਟ ਗਿਆ ਹੈ”


ਬਿਰਖ ਤੇ ਕਵੀ

August23, 07

 

ਬਿਰਖ ਪੌਣ `ਚੋਂ 

ਜ਼ਹਿਰ ਚੂਸਦੇ ਹਨ

ਕਵੀ ਸ਼ਬਦਾਂ `ਚੋਂ ਕਸੈਲ

ਦੋਹਾਂ ਬਾਝੋਂ

ਅਸੀ ਜਿਉਂ ਨਹੀਂ ਸਕਦੇ


ਸ਼ਬਦਾਂ ਦੇ ਦੀਪਕ

August22, 07

 

ਲੱਖਾਂ ਚੰਦ ਉਗ ਪੈਣ

ਹਜ਼ਾਰ ਸੂਰਜ ਉਦੇ ਹੋ ਜਾਣ

ਮੈਨੂੰ ਉਨਾ ਚਿਰ ਚੀਜ਼ਾਂ 

ਨਹੀਂ ਦਿਸਦੀਆਂ

ਜਿੰਨਾ ਚਿਰ ਸ਼ਬਦ ਦਾ

ਦੀਪਕ ਨਹੀਂ ਬਲਦਾ

 

ਮੈਨੂੰ ਦੀਵੇ ਜਗਾਉਣ ਦਾ

ਕੰਮ ਮਿਲਿਆ ਹੈ

ਜਿਸ ਦਿਨ ਦੀਵੇ ਨਹੀਂ ਜਗਦੇ

ਮੈਂ ਅੰਨ੍ਹਾਂ ਹੋ ਜਾਂਦਾ ਹਾਂ

 


ਜਿਉਣਾ

August21, 07

ਗਈ ਸੀ ਮੈਂ ਗੰਗਾ
ਚੜਾ ਲਿਆਈ ਵੰਗਾਂ”

ਸ਼ਿਵ ਜੀ ਨੇ ਕਿਹਾ ਸੀ
ਜਿੰਨਾ ਚਿਰ ਉਮਰ
ਵੰਗ ਵਾਂਗ ਰਹਿੰਦੀ ਛਣਕਦੀ
ਮੈਲ ਨਹੀਂ ਲਗਦੀ

ਗੰਗਾ ਦੀ ਵੰਗ ਤੇਰੀ
ਵੀਣੀ ਵਿਚ ਵਗਦੀ


ਲਾਲ ਸਿੰਘ ਦਿਲ ਨੂੰ

August20, 07

ਇਉਂ ਨਹੀਂ ਮਰਨਾ ਸੀ ਤੂੰ

ਕੋਈ ਤਾਂ ਚਮਤਕਾਰ ਕਰਦਾ

ਨਾ ਫੁੱਲ ਬਣਿਆ ਨਾ ਤਾਰਾ

ਨਾ ਹਿੱਕ `ਚ ਗੋਲੀ ਖਾਧੀdil.jpg

ਨਾ ਮੱਥੇ ਤੇ ਬੰਨ੍ਹੇ ਸਿਹਰੇ

ਅੰਤ ਵੇਲੇ ਤੇਰੇ ਹੱਥੋਂ

ਕਲਮ ਹੀ ਡਿੱਗ ਪੈਂਦੀ

ਕਵਿਤਾ ਅਧੂਰੀ ਰਹਿ ਜਾਂਦੀ

ਸ਼ਰਧਾਂਜਲੀਕਾਰਾਂ ਦੇ ਕਹਿਣ

ਲਈ ਕੁਝ ਤਾਂ ਬਚ ਜਾਂਦਾ

ਮਿਰਤੂ ਫ਼ਰੋਸ਼ ਜਾਣਦੇ ਹਨ

ਜਿਸ ਭਾ ਸ਼ਿਵ ਪਾਸ ਤੇ ਭਗਤ

ਦੀ ਮਿਰਤੂ ਵਿਕਦੀ ਹੈ

ਤੇਰੀ ਨਹੀਂ ਵਿਕਣੀ

ਉਹ ਮੰਡੀ ਦੇ ਸਭ ਗੁਰ ਜਾਣਦੇ ਹਨ

ਤੇਰੀ ਮੌਤ ਉਤੇ

ਤੇਰੀ ਕੰਗਾਲੀ ਤੇ ਜਾਤ ਦੇ

ਚਾਂਦੀ ਦੇ ਵਰਕ ਚਾੜ੍ਹ ਦੇਣਗੇ


ਲਾਲ ਸਿੰਘ ਦਿਲ ਦੀ ਚਿੱਠੀ

August16, 07

ਹੁਣ ਮੈਂ ਸਮਰਾਲੇ ਨਹੀਂ ਰਹਿੰਦਾ
ਉਹ ਸਰਨਾਵਾਂ ਬਦਲ ਗਿਆ ਹੈdil.jpg
ਨਵਾਂ ਅਜੇ ਤਕ ਮਿਲਿਆ ਨਾਹੀਂ
ਇਹ ਬਸਤੀ ਵੀ ਪੁੱਛ ਲੈਂਦੀ ਹੈ
ਪਹਿਲਾਂ ਕਿਹੜਾ ਕੰਮ ਕਰਦਾ ਸੀ

ਮਰਿਆ ਵੀ ਤਾਂ
ਮੌਤ `ਚ ਮਰ ਕੇ ਵੀ ਨਹੀਂ ਮਰਿਆ
ਸੜਿਆ ਵੀ ਤਾਂ
ਅੱਗ `ਚ ਸੜ ਕੇ ਵੀ ਨਹੀਂ ਸੜਿਆ

ਜਦ ਤਕ ਨਵਾਂ ਪਤਾ ਨਹੀਂ ਮਿਲਦਾ
ਚਿੱਠੀ ਪੱਤਰ
ਵਾਇਆ (via)ਕਵਿਤਾਕਰਨਾ

 


ਲਾਲ ਸਿੰਘ ਦਿਲ ਨੂੰ ਵਿਦਾ ਕਰਨ ਵੇਲੇ

August14, 07

lal-dil.jpg

ਪਿਆਰੇ
ਤੇਰਾ ਨਾਂ ਮੈਲਾ ਨਹੀਂ ਹੋਣ ਦਿਆਂਗਾ
ਟ੍ਰਸਟ ਨਹੀਂ ਖੋਲ੍ਹਾਂਗਾ
ਨਾਂ ਹੀ ਛਾਪਾਂਗਾ
ਸਿਮਰਤੀ ਗ੍ਰੰਥ
ਸ਼ੋਕ ਸਭਾ ਤੇ
ਭਾਸ਼ਣ ਨਹੀਂ ਕਰਾਂਗਾ ਫਿਕਰੇ ਘੜ ਘੜ

ਸੰਧਿਆ ਹੋ ਗਈ ਹੈ
ਸੂਰਜ ਨੇ ਰੰਗਾਂ ਦੀ ਲੁੱਟ ਪਾ ਦਿੱਤੀ ਹੈ
ਬਿਰਖ ਥੱਲੇ ਖੜ
ਪੰਛੀਆਂ ਦੀਆਂ ਆਵਾਜ਼ਾਂ ਵਿਚ
ਧਰਤੀ ਨਾਲ ਲੱਗ ਰਹੇ ਸੂਰਜ
ਨੂੰ ਹੱਥ ਹਿਲਾਵਾਂਗਾ

ਉਦਾਸ ਨਹੀਂ ਹੋਵਾਂਗਾ 
ਕਵਿਤਾ ਲਿਖ ਕੇ
ਜਸ਼ਨ ਮਨਾਵਾਂਗਾ
ਇਕ ਗੱਲ ਦੱਸਣੀ ਨਾ ਭੁੱਲ ਜਾਵਾਂ
ਕਵਿਤਾ ਲਿਖਣ ਵੇਲੇ
ਕਦੇ ਕਦੇ
ਮੇਰੀ ਅੱਖ ਸਿੱਲ੍ਹੀ ਹੋ ਜਾਂਦੀ ਹੈ


ਰੁੱਤ ਰੁੱਤ ਦਾ ਮੇਵਾ

August13, 07

ਹਰ ਵੇਲੇ ਦਾ
ਆਪਣਾ ਸੱਚ ਹੁੰਦੈ
ਹਰ ਸੱਚ ਦਾ ਹੁੰਦੈ ਵੇਲਾ

ਲੰਘੇ ਵੇਲਾ
ਸੱਚ ਹੋ ਜਾਏ ਬੇਹਾ
ਬੇਹੇ ਸੱਚ ਦਾ
ਕੋਈ ਨਾ ਵੇਲਾ

ਰੁੱਤ ਰੁੱਤ ਦਾ ਮੇਵਾ
ਹੁਣੇ ਹੁਣ ਵੇਲਾ, ਭਾਅ ਸਵੱਲਾ
ਹੋਕਾ ਦੇਵੇ ਰੇੜ੍ਹੀ ਵਾਲਾ


ਮੈਨੂੰ ਕੋਈ ਹੋਰ ਜਿਉਂ ਗਿਆ

August12, 07

ਜਾਗ ਆਈ ਤਾਂ
ਥਾਂ ਥਾਂ ਉਤੋਂ
ਕਾਇਆ ਛਿੱਦੀ ਹੋ ਚੁਕੀ ਸੀ
ਭੁਰ ਭੁਰ ਜਾਂਦੀ
ਟਾਕੀ ਵੀ ਨਾ ਲਗਦੀ

ਮਿਲਣੀ ਵੀ ਸੀ ਨਹੀਂ ਨਾਲ ਦੀ ਟਾਕੀ
ਆਦਿ ਜੁਲਾਹਾ ਦੇਹ ਜਿੰਨਾ ਹੀ ਕਪੜਾ ਉਣਦਾ

ਜਾਗ ਆਈ ਤਾਂ
ਹੱਥਾਂ ਦੇ ਵਿਚ
ਹੰਢੀ ਬੋਦੀ ਦੇਹ ਪਈ ਸੀ

ਚੰਗਾ ਸੀ ਜੇ ਅੱਖ ਨਾ ਖੁਲ੍ਹਦੀ
ਪਤਾ ਨਾ ਚਲਦਾ
ਮੈਨੂੰ ਕੋਈ ਹੋਰ ਪਹਿਨ ਗਿਆ
ਮੈਨੂੰ ਕੋਈ ਹੋਰ ਜਿਉਂ ਗਿਆ


ਛੁੱਟੀ

August11, 07

ਕਲ ਮੈਂ
ਸਭ ਕਾਸੇ ਤੋਂ ਛੁੱਟੀ ਕੀਤੀ
ਨਾਲੇ ਸੂਰਜ ਸਮਾਂ ਹਵਾ ਨੂੰ
ਛੁੱਟੀ ਦਿੱਤੀ

ਕਿਹਾ ਰੱਬ ਨੂੰ
ਸਿ੍ਸ਼ਟੀ ਦੀ ਪੰਡ ਲਾਹ ਕੇ
ਘੜੀਆਂ ਦੋ ਘੜੀਆਂ ਸਸਤਾਅ ਲੈ
ਚਿੰਤਾ ਨਾ ਕਰ
ਤੇਰੇ ਬਿਨ ਵੀ ਦੁਨੀਆਂ
ਚਲਦੀ ਰਹਿਣੀ
ਮਾਂ ਦਾ ਥਣ ਛਡ ਕੇ ਵੀ
ਜਾਤਕ ਜਿਉਂਦਾ ਰਹਿੰਦਾ

ਕਲ ਮੈ
ਸਭ ਕਾਸੇ ਤੋਂ ਛੁੱਟੀ ਕੀਤੀ
ਕਲ ਮੈਂ ਕਵਿਤਾ ਨਹੀਂ ਲਿਖੀ ਸੀ



ਲੁਕਣਮੀਚੀ

August9, 07

ਓਨਾ ਕੁ ਜੀਵਿਆਂ ਹਾਂ
ਜਿੰਨਾ ਮੈਨੂੰ ਯਾਦ ਹੈ
ਜੇ ਮੈਂ ਸਭ ਕੁਝ ਭੁੱਲ ਜਾਵਾਂ
ਅਣਜੀਵਿਆ ਹੋ ਜਾਵਾਂਗਾ
ਜਿੰਨਾ ਕੁ ਭੁੱਲਦਾ ਹਾਂ
ਓਨਾ ਕੁ ਮਰ ਜਾਂਦਾ ਹਾਂ
ਭੁੱਲੀ ਗੱਲ ਚੇਤੇ ਆਉਂਦੀ ਹੈ
ਓਨਾ ਕੁ ਮਿਰਤੂ ਤੋਂ ਬਾਹਰ ਆ ਜਾਂਦਾ ਹਾਂ
ਮਿਰਤੂ ਤੇ ਜ਼ਿੰਦਗੀ
ਲੁਕਣਮੀਚੀ ਖੇਡਦੀਆਂ ਰਹਿੰਦੀਆਂ ਹਨ


ਉਧਾਰੀ ਦੇਹ

August8, 07

ਦੂਜੀ ਭਾਸ਼ਾ ਵਿਚ ਜਾਣ ਵੇਲੇ
ਕਵਿਤਾ ਆਪਣੀ ਦੇਹ
ਤਿਆਗ ਦਿੰਦੀ ਹੈ
ਉਧਾਰੀ ਪਹਿਨ ਲੈਂਦੀ ਹੈ
ਕਵਿਤਾ ਤਾਂ ਹੈ ਹੀ
ਦੇਹ ਦਾ ਜਸ਼ਨ
ਉਧਾਰੇ ਪੈਰਾਂ ਨਾਲ
ਨੱਚਣ ਤੋਂ ਸੰਗਦੀ ਹੈ


ਚਾਹ ਦਾ ਪਿਆਲਾ

August7, 07

ਸ਼ਬਦ ਤੇ ਚੀਜ਼ਾਂ ਦੋਵੇਂ
ਇਕ ਦੂਜੇ ਦੀਆਂ ਬਣੀਆਂ
ਪਤਾ ਨਹੀਂ ਚਾਹ ਦੇ ਪਿਆਲੇ ਵਿਚੋਂ
ਮੈਂ ਕਿੰਨੀ ਕੁ ਚਾਹ ਪੀਂਦਾ ਹਾਂ
ਤੇ ਕਿੰਨੀ ਕੁ ਭਾਸ਼ਾ

ਸੰਸਾਰ ਤੇ ਸ਼ਬਦ ਇਕ ਦੂਜੇ ਵਿਚਦੀ ਸਾਹ ਲੈਂਦੇ ਹਨ
ਭਾਸ਼ਾ ਮੈਲੀ ਹੁੰਦੀ ਹੈ ਤਾਂ ਸੰਸਾਰ ਵੀ ਮੈਲਾ ਹੋ ਜਾਂਦਾ ਹੈ

ਮੈਂ ਧੋਬੀ ਹਾਂ
ਸ਼ਬਦ ਧੋਂਦਾ ਹਾਂ
ਸ਼ਬਦ
ਕਦੇ ਏਨੇ ਮੈਲੇ ਨਹੀਂ ਸਨ ਹੋਏ