ਮੇਰੀਐਨ

June5, 11

ਅਜ ਵੀ ਮੇਰੀਐਨ

ਖ਼ਾਕੀ ਫ਼ਾਈਲਾਂ ਵਿਚ ਘਿਰੀ ਬੈਠੀ ਸੀ

ਫ਼ਾਈਲ `ਚੋਂ ਸਿਰ ਚੁਕਦੀ

ਕੰਪਿਊਟਰ ਦੀ ਸਕਰੀਨ ਵਿਚ ਗੁਆਚ ਜਾਂਦੀ

 

ਮੇਰੀਐਨ

ਮੇਰੇ ਡਾਕਟਰ ਕੁਰੈਸ਼ੀ ਦੀ ਸੈਕਟਰੀ

 

ਉਹਦੇ ਕਮਰੇ ਦੀਆਂ ਕੰਧਾਂ ਨਾਲ

ਫ਼ਾਈਲਾਂ ਚਿਣੀਆਂ ਹੋਈਆਂ ਹਨ

 

ਫ਼ਾਈਲਾਂ `ਚ ਚਰਜ ਉਹ ਹਰ ਜਣੇ ਨੂੰ

ਜਾਣਦੀ ਹੈ

ਪਰ ਓਨਾ ਕੁ ਜਿੰਨਾ ਉਹ ਰੋਗੀ ਹੈ

ਮਿਸਜ਼ ਸਮਿੱਥ ਨੂੰ ਉਹਦੀ

ਖੰਘ ਜਿੰਨਾ ਜਾਣਦੀ ਹੈ

ਸਮਰਾ ਮਾਤਾ ਨੂੰ ਦੁਖਦੇ ਗੋਡਿਆਂ ਜਿੰਨਾ

ਉਹਨੂੰ ਨਹੀਂ ਪਤਾ

ਡੈਨੀ ਚਿਤਰ ਵੀ ਬਣਾਉਂਦਾ ਹੈ

ਰੋਜ਼ੀ ਨਾਟਕ ਕਰਦੀ ਹੈ

ਮੈਂ ਕਵਿਤਾ ਲਿਖਦਾ ਹਾਂ

 

ਮੇਰੀਐਨ ਹਰ ਫ਼ਾਈਲ ਵਿਚ

ਭੋਰਾ ਭੋਰਾ ਵੰਡੀ ਹੋਈ ਹੈ

ਪੰਜ ਹਜ਼ਾਰ ਫ਼ਾਈਲਾਂ ਦੇ

ਪੰਜ ਹਜ਼ਾਰ ਟੋਟਿਆਂ ਵਿਚ

ਮੈਂ ਸਾਬਤ ਸਬੂਤ ਮੇਰੀਐਨ ਨੂੰ

ਕਦੇ ਨਹੀਂ ਵੇਖਿਆ

 

ਅਜ ਦਾ ਦਿਨ ਵੀ

ਵਖਰਾ ਨਹੀਂ ਸੀ

 

ਮੇਰੀਐਨ ਦੇ ਸਾਹਮਣੇ ਕਮਰੇ ਵਿਚ

ਬੈਠੇ ਲੋਕ ਆਪਣੀ ਆਪਣੀ ਵਾਰੀ

ਉਡੀਕ ਰਹੇ ਸਨ

 

ਚਾਰਲੀ ਦੁਖਦੇ ਸਿਰ ਨੂੰ

ਘੁੱਟੀ ਬੈਠਾ ਸੀ

ਕ੍ਰਿਸਟੀਨਾ ਵੀਲ ਚੇਅਰ ਤੇ ਬੈਠੇ

ਪਤੀ ਬ੍ਰੈਡਲੇ ਦੇ ਦਸਤਾਨੇ ਲਾਹ ਰਹੀ ਸੀ

ਮਿਸ਼ੈਲ  ਪੁਰਾਣੇ ਰੀਡਰਜ਼ ਡਾਈਜੈਸਟ ਦੇ

ਪੰਨੇ ਫਰੋਲ ਰਹੀ ਸੀ ਤੇ ਉਹਦਾ

ਚਾਰ ਸਾਲ ਦਾ ਬੇਟਾ ਰੈਂਡੀ

ਬੈਟਰੀ ਵਾਲੀ ਕਾਰ ਚਲਾਉਣ ਲਈ

ਜ਼ਿਦ ਕਰ ਰਿਹਾ ਸੀ

 

ਮੇਰੀਐਨ ਨੇ ਮੈਨੂੰ ਬੁਲਾ ਕੇ

ਆਉਣ ਦੀ ਅਗਲੀ ਤਰੀਕ ਦਿੱਤੀ

 

ਮੈਂ ਓਥੋਂ ਤੁਰਦਾ ਤੁਰਦਾ ਰੁਕ ਗਿਆ, ਕਿਹਾ

ਮੇਰੀਐਨ ਤੈਨੂੰ ਕਦੇ ਦੱਸਿਐ ਕਿਸੇ ਨੇ

ਤੇਰੇ ਵਾਲ ਕਿੰਨੇ ਸੁਹਣੇ ਐ?

 

“ਥੈਂਕਯੂ” ਉਹਨੇ ਅਚੰਭੇ ਚ ਮੇਰੇ ਵਲ ਵੇਖਿਆ

ਜਿਵੇਂ ਅੰਗਾਂ ਵਿਚ ਜਾਨ ਪੈ ਗਈ ਹੋਵੇ

ਉਹਦੀ ਮੁਸਕ੍ਰਾਹਟ ਕੰਨਾਂ ਤਕ ਫੈਲ ਗਈ

ਗੱਲ੍ਹਾਂ ਹੋਰ ਸੂਹੀਆਂ ਹੋ ਗਈਆਂ

ਮੱਥੇ ਤੋਂ ਲਿਟ ਪਾਸੇ ਕਰਦੀ ਨੇ ਕਿਹਾ

ਮੈਂ ਅਜ ਕਾਹਲੀ ਵਿਚ ਓਵੇਂ ਈ ਨੱਸ ਆਈ ਸੀ

ਕੰਘੀ ਵੀ ਨਹੀਂ ਕੀਤੀ ਸੀ

ਪੰਨੇ ਫਰੋਲਦੀ ਮਿਸ਼ੈਲ ਦਾ ਹਾਸਾ ਨਿਕਲ ਗਿਆ

ਮਿਸਜ ਬ੍ਰੇਡਲੇ ਦਾ ਵੀ

ਰੈਂਡੀ ਦੀ ਤੇਜ਼ ਕਾਰ ਵੀਲ ਚੇਅਰ ਦੇ ਪਹੀਏ

ਨਾਲ ਵਜ ਕੇ ਦਰ ਵਿਚਦੀ ਬਾਹਰ

ਨਿਕਲ ਗਈ।

 

 


This World, Celebrating It: my acceptance speech for a poetry award

May23, 11

http://www.youtube.com/watch?v=xfbKdyIAa-Q

Please press the CC button for English subtitles.

ਇਸ ਸ੍ਰਿਸ਼ਟੀ ਦਾ ਉਤਸਵ

ਅਨਾਦ ਕਾਵਿ ਪੁਰਸਕਾਰ ਸਵੀਕ੍ਰਿਤੀ ਭਾਸ਼ਣ


ਅੱਧੀ ਸਦੀ ਪਹਿਲਾਂ ਦੀ ਕਵਿਤਾ

May19, 11

ਦੂਰ ਦੁਮੇਲੋਂ ਦੂਰ

ਸੰਧਿਆ ਵੇਲੇ

ਰੁੱਖਾਂ ਨਾਲ ਘਿਰੇ ਘਰ ਵਿਚੋਂ

ਬਾਹਰ ਬੂਹੇ ਉਤੇ ਖੜ੍ਹ ਕੇ

ਮੈਨੂੰ ਅਜ ਉਡੀਕੇ ਗੀ ਤੂੰ

 

ਨੀ ਕੁੜੀਏ ਕੀ ਕਰਦੀ ਐਂ ਤੂੰ

ਵੇਖ ਅਨ੍ਹੇਰਾ ਉਤਰ ਆਇਆ

ਚੁੱਲ੍ਹੇ ਵਿਚ ਧੁਖਾ ਲੈ ਅਗਨੀ

ਆਟਾ ਗੁੰਨ੍ਹਦੀ ਮਾਂ ਬੋਲੇ ਗੀ

 

ਡੁਬਦੀ ਸੰਧਿਆ ਦਾ ਹੱਥ ਫੜ ਕੇ

ਅੱਖਾਂ ਦੇ ਵਿਚ ਤਾਰੇ ਭਰ ਕੇ

ਮੂੰਹ ਵਿਚ ਚੁੰਨੀ ਦਾ ਲੜ ਫੜ ਕੇ

ਮੂਕ ਬਾਣੀ ਵਿਚ ਤੂੰ ਪੁੱਛੇਂ ਗੀ

ਦਸ ਅੜੀਏ ਉਹ ਕਿਉਂ ਨਹੀਂ ਆਇਆ    

 

ਤੈਥੋਂ ਹੱਥ ਛੁਡਾ ਕੇ ਸੰਧਿਆ

ਲਹਿੰਦੇ ਸੂਰਜ ਵਲ ਨੱਸੇ ਗੀ

ਉਹਦੇ ਪਹੁੰਚਣ ਤੋਂ ਪਹਿਲਾਂ ਹੀ

ਸੂਰਜ ਬੂਹਾ ਭੀਚ ਲਵੇ ਗਾ

 

ਦਰ ਦੇ ਨਾਲ ਮਾਰ ਕੇ ਮੱਥਾ

ਸੰਧਿਆ ਥੱਲੇ ਕਿਰ ਜਾਵੇ ਗੀ

ਸਿੰਮ ਸਿੰਮ ਕੇ ਲਹੂ ਦੇ ਤੁਪਕੇ

ਬੱਦਲਾਂ ਨੂੰ ਰੰਗ ਚੜ੍ਹ ਜਾਵੇਗਾ

 

ਅੱਭੜਵਾਹੇ ਤੂੰ ਦੌੜੇਂ ਗੀ

ਚੁੱਲ੍ਹੇ ਦੇ ਵਿਚ ਅੱਗ ਬਾਲੇਂ ਗੀ

ਚੁੱਲ੍ਹੇ ਮੂਹਰੇ ਬੈਠੀ ਬੈਠੀ

ਬੁੱਕਲ ਵਿਚ ਲੁਕਾ ਕੇ ਦੀਵਾ

ਕੱਲਮ ਕੱਲੀ ਤੁਰੇਂ ਗੀ ਭਾਲਣ



 


ਸੜਕ ਤੋਂ ਅਗੇ

March3, 11

ਜਿੱਥੇ ਸੜਕ ਮੁੱਕੀ

ਅੱਗੇ ਵੀ ਇਕ

ਪੈੜ ਸੀ


ਸਿਧਾਰਥ

March2, 11

ਉਹ ਮੂਰਤ ਵਾਹੁਣ ਲਗਦੈ

ਬਾਂਹ ਵਧ ਕੇ ਅਸਮਾਨ ਨਾਲ

ਲਗ ਜਾਂਦੀ ਹੈ

ਗੁੱਛੀ ਮੁੱਛੀ ਹੋਇਆ ਅੰਬਰ ਖੁਲ੍ਹਦਾ ਹੈ

ਖੰਭ ਮਾਰਦਾ ਉਡਣ ਲਗ ਜਾਂਦਾ ਹੈ

 
 

 
 


ਬਰੈਂਪਟਨ ਦੀਆਂ ਗਲੀਆਂ

March1, 11

ਘਰੋਂ ਨਿਕਲੇ ਤਾਂ ਉਹਨੇ ਕਿਹਾ

ਅਜ ਸ਼ਾਮ ਇਹਨਾ ਗਲੀਆਂ ਚ ਘੁੰਮਾਂ ਗੇ

ਜਿਵੇਂ ਗੁਆਂਢੀ ਚਾਰਲੀ ਘੁੰਮਦਾ ਹੈ

ਫੁਟਪਾਥ ਤੇ ਤੁਰਾਂਗੇ

ਘਰਾਂ ਮੂਹਰੇ ਉਗਿਆ ਘਾਹ ਵੇਖਾਂਗੇ

ਘੁੰਮਦੇ ਫੁਹਾਰੇ ਦੀਆਂ ਕਣੀਆਂ

ਸਾਡੇ ਤੇ ਪੈਣ ਲਗੀਆਂ

ਛੜੱਪਾ ਮਾਰ ਕੇ ਟੱਪ ਜਾਵਾਂਗੇ

ਜਾਂ ਹੇਠਾਂ ਖੜ੍ਹੇ ਰਹਾਂਗੇ ਹਸਦੇ

ਖੇਡਦੇ ਬਚਿਆਂ ਨੂੰ ਹੱਥ ਹਿਲਾਵਾਂ ਗੇ

ਹਾਏ ਕਹਾਂਗੇ

ਜੇ ਕੋਈ ਕੋਲ ਆਇਆ ਉਹਦਾ

ਨਾਂ ਪੁੱਛਾਂਗੇ

ਗਲੀ ਜਿੱਧਰ ਨੂੰ ਮੁੜੀ ਮੁੜ ਪਵਾਂਗੇ

ਜਿਹੜੀ ਵੀ ਮਿਲੀ ਉਹਦੇ ਤੇ ਪੈ ਜਾਵਾਂਗੇ

ਭੁੱਲ ਗਏ ਤਾਂ ਖੜ੍ਹ ਕੇ ਨਿਸ਼ਾਨੀਆਂ ਵੇਖਾਂਗੇ

ਭੁਲਦੇ ਭੁਲਦੇ ਘਰ ਭਾਲ ਲਵਾਂਗੇ

ਨਹੀਂ ਤਾਂ ਕਿਸੇ ਤੁਰੇ ਜਾਂਦੇ ਤੋਂ ਪੁੱਛ ਲਵਾਂਗੇ

ਲਾਲੀ ਦੀਆਂ ਗੱਲਾਂ ਨਹੀਂ ਕਰਾਂਗੇ

ਨਾ ਕੇਸਰ ਦੀਆਂ

ਪਟਿਆਲੇ ਦੀ ਮਾਲਰੋਡ ਤੇ ਚਲਦੇ

ਫੁਹਾਰੇ ਯਾਦ ਨਹੀਂ ਕਰਾਂਗੇ

ਪਿਛਲੇ ਤੀਹ ਵਰ੍ਹੇ ਭੁੱਲ ਜਾਵਾਂਗੇ

ਚਿਤਵਾਂ ਗੇ ਅਸੀ ਏਥੇ ਅਜ ਆਏ ਹਾਂ

ਜਾਂ ਏਥੇ ਹੀ ਰਹਿੰਦੇ ਰਹੇ ਹਾਂ


ਝੂਠ ਬੋਲਦਾ ਸੋਹਣਾ ਲਗਦੈਂ

August26, 10

ਤੈਨੂੰ ਪਤੈ

ਮਲਾਗੀਰੀ ਰੰਗ ਕੋਹੋ ਜਿਹਾ ਹੁੰਦਾ ਹੈ।

ਉਹਨੇ ਪੁੱਛਿਆ

ਤੇਰੇ ਵਰਗਾ

ਮੈਂ ਬੋਲਿਆ।

ਤੇ ਮੈਂ ਕੇਹੋ ਜਿਹੀ ਹਾਂ

ਤੂੰ…. ਤੂੰ ਓਹੋ ਜਿਹੀ ਹੈਂ

ਜੇਹੋ ਜਿਹੀ ਹੈਂ

ਉਹਦਾ ਹਾਸਾ ਨਿਕਲ ਗਿਆ

ਮੈਂ ਵੀ ਹਸ ਪਿਆ

ਤੂੰ ਉਹੀ ਕਿਉਂ ਪੁੱਛਦੀ ਐਂ

ਜੀਹਦਾ ਮੈਨੂੰ ਪਤਾ ਨਹੀਂ ਹੁੰਦਾ?

ਤੂੰ ਝੂਠ ਬੋਲਦਾ

ਸੋਹਣਾ ਲਗਦੈਂ



ਕਵਿਤਾ ਦੀ ਨਿਮਾਜ਼

June10, 10

ਸੁਣਿਆ ਹੈ ਸ਼ੇਖ ਫਰੀਦ ਦੇ ਬੋਲ ਸੁਣ ਕੇ ਤਿੰਨ ਲਖ ਲੋਕ ‘ਮੁਸਲਮਾਨ’ ਹੋ ਗਏ ਸਨ। ਉਹਨਾਂ ਵਿਚ ਮੈਂ ਵੀ ਹਾਂ। ਮੈਂ ਫਰੀਦ ਦਾ ਸਹਿ ਧਰਮੀ ਹਾਂ, ਅਸੀਂ ਦੋਵੇਂ ਕਵਿਤਾ ਦੀ ਨਿਮਾਜ਼ ਪੜ੍ਹਦੇ ਹਾਂ। ਪੰਜੇ ਵੇਲੇ। ਮੇਰੇ ਨਾਲ ਕਵਿਤਾ ਦੀ ਨਿਮਾਜ਼ ਪੜ੍ਹਦਾ ਪੜ੍ਹਦਾ ਉਹ ਮਸੀਤ ਦੀ ਨਿਮਾਜ਼ ਭੁੱਲ ਜਾਂਦਾ ਹੈ। ਆਪਣੇ ਆਪ ਨੂੰ ਲਾਹਨਤ ਦਿੰਦਾ ਹੈ, “ਫਰੀਦਾ ਬੇ ਨਿਮਾਜ਼ਾ ਕੁੱਤਿਆ ਇਹ ਨਾ ਭਲੀ ਰੀਤ। ਕਬਹੀ ਚੱਲ ਨਾ ਆਇਓ ਪੰਜੇ ਵਖਤ ਮਸੀਤ” ਤੇ ਫੇਰ ਹਸ ਪੈਂਦਾ ਹੈ।



ਝੂਠ ਬੋਲਦਾ ਰਹੇਂ

June7, 10

ਤੂੰ ਜਦੋਂ ਆਖਦੈਂ

ਤੇਰੇ ਵਾਲ਼ ਬਹੁਤ ਲੰਬੇ ਹਨ

ਮੈਂ ਸੋਚਦੀ ਹਾਂ

ਇਹ ਵੀ ਕੋਈ ਕਹਿਣ ਵਾਲੀ ਗੱਲ ਐ

 

ਤੂੰ ਜਦੋਂ ਆਖਦੈਂ

ਤੇਰੇ ਵਾਲ ਏਨੇ ਲੰਬੇ ਹਨ

ਸਿਰੇ ਤਕ ਜਾਂਦੀ ਕੰਘੀ ਦੇ

ਦੰਦੇ ਘਸ ਜਾਂਦੇ ਹਨ

ਓਦੋਂ ਮੇਰਾ ਜੀਅ ਕਰਦੈ

ਤੂੰ ਏਹੋ ਜਿਹਾ ਝੂਠ

ਬੋਲਦਾ ਰਹੇਂ


ਸਰਦਾ ਸਰੀ ਜਾਂਦੈ

April3, 10

ਮੇਰੀ ਸਾਥਣ ਕਹਿੰਦੀ ਹੈ

ਸੱਠ ਵਰ੍ਹੇ ਹੋ ਗਏ

ਸਬਜੀ ਭਾਜੀ ਬਣਾਉਂਦੀ ਨੂੰ

ਅਜੇ ਵੀ ਲੂਣ ਮਿਰਚਾਂ ਕਦੇ ਘੱਟ

ਕਦੇ ਵਧ ਪੈ ਜਾਂਦੀਆਂ ਹਨ

ਤੂੰ ਕਦੇ ਉਜਰ ਨਹੀਂ ਕੀਤਾ


ਤੂੰ ਵੀ ਇਉਂ ਈ ਕਰਦੀ ਐਂ

ਮੈਂ ਕਿਹਾ

ਕਵਿਤਾ ਵਿਚ ਸ਼ਬਦ

ਕੌੜੇ ਕਸੈਲੇ ਜਾਂ ਵਾਧੂ ਘਾਟੂ ਹੋਣ

ਕਦੇ ਨਹੀਂ ਕਿਹਾ

ਭਲਿਆ ਮਾਣਸਾ ਸਾਰੀ ਲੰਘਾ ਲਈ

ਕੋਈ ਸਲੋਕ ਤਾ ਸਹਿਜ ਭਾਅ ਲਿਖ


“ਬਸ ਇਉਂ ਈ ਸਰੀ ਜਾਂਦੈ”

ਤੂੰ ਬੋਲੀ

“ਊਂ ਕਦੇ ਕਦੇ ਮੇਰਾ ਜੀਅ ਕਰਦੈ

ਜਦੋਂ ਤੇਰੀ ਜੀਭ ਸੜੇ

ਤੂੰ ਕੌਲੀ ਵਗਾਹ ਮਾਰੇ”


ਤੇ ਤੂੰ ਮੇਰੀ ਕਵਿਤਾ

ਰੱਦੀ ਵਿਚ ਸੁਟ ਦੇਵੇਂ


ਗੁਡਨਾਈਟ

March19, 10

ਪਾਪਾ
ਮੈਨੂੰ ਨੀਂਦ ਨਹੀਂ ਆਉਂਦੀ
ਪਲਸੇਟੇ ਮਾਰਦਾ ਮੇਰਾ ਬੇਟਾ ਆਖਦਾ ਹੈ

ਕਿਉਂ, ਕੋਈ ਟੈਸਟ ਐ ਕਲ੍ਹ ਨੂੰ?

ਨਹੀਂ ਪਾਪਾ,
ਅਜ ਮੱਮੀ ਨੇ ਗੁਡਨਾਈਟ ਨਹੀਂ ਕੀਤੀ

ਮਾਂ
ਮੈਨੂੰ ਨੀਂਦ ਨਹੀਂ ਆਉਂਦੀ
ਮੈਂ ਵਿਹੜੇ `ਚ ਮੰਜੀ ਤੇ ਪਿਆ ਕਹਿੰਦਾ ਹਾਂ

ਕਿਉਂ ਦੁਖਦੈ ਕੁਛ, ਪੁਤ?
ਮਾਂ ਮੇਰਾ ਸਿਰ ਘੁਟਦੀ ਪੁਛਦੀ ਐ

ਨਹੀਂ ਮਾਂ,
ਅਜ ਦਾਦੀ ਨੇ ਬਾਤ ਨਹੀਂ ਸੁਣਾਈ


ਰੋਕ

March12, 10

ਜਿਵੇਂ ਸੁਭਾਅ ਹੈ ਉਹਦਾ
ਮੇਰਾ ਮਿੱਤਰ ਗੱਲੀਂ ਗੱਲੀਂ ਪੁਛਦੈ
ਅਜ ਕਲ ਕੀ ਲਿਖਦਾ ਹੈਂ?
ਆਸਾਵਰੀ ,
ਕਵਿਤਾ ਦੀ ਪੋਥੀ
ਮੈਂ ਦਸਦਾ ਹਾਂ

ਸੋਹਣਾ ਨਾਂ ਐ, ਉਹ ਕਹਿੰਦਾ ਹੈ
ਜੇ ਨਹੀਂ ਕੀਤੀ ਏਹਦੀ ਰੋਕ ਹੁਣੇ ਈ ਕਰਲੈ
“ਛਪ ਰਹੀ ਪੁਸਤਕ ਆਸਾਵਰੀ `ਚੋਂ” ਲਿਖ ਕੇ
ਕੁਝ ਕਵਿਤਾਵਾਂ ਪਤਰਾਂ ਵਿਚ ਛਪਵਾ ਲੈ

ਮੈਨੂੰ ਗਲੀ ਚ ਰਹਿੰਦਾ ਬਚਨਾ ਚੇਤੇ ਆਉਂਦੈ
ਮੁੰਡੇ ਦੇ ਰਿਸ਼ਤੇ ਦੀ ਗਲ ਚੜ੍ਹਦੀ ਚੜ੍ਹਦੀ ਸਿਰੇ ਚੜ੍ਹੀ ਜਾਂ
ਕਹਿੰਦਾ, ਭਾਈ, ਜਿੰਨੀ ਛੇਤੀ ਹੁੰਦੈ ਜਾ ਕੇ
ਕੁੜੀ ਦੀ ਰੋਕ ਕਰ ਲਵੋ


ਕ੍ਰਿਸ਼ਮੇ

February28, 10

ਜਦੋਂ ਤੋਂ ਮੈ
ਮੌਤ ਵੇਖੀ ਹੈ
ਹਰ ਹਰਕਤ ਮੈਨੂੰ
ਕ੍ਰਿਸ਼ਮਾ ਲਗਦੀ ਹੈ:
ਹੱਸਣਾ
ਰੋਣਾ
ਜੁੱਤੀ ਪਾਉਣਾ
ਡਰਨਾ
ਝੂਠ ਬੋਲਣਾ


ਹਰਿੰਦਰ ਮਹਿਬੂਬ ਦੀ ਯਾਦ ਵਿਚ

February26, 10

ਉਹ ਕੀਹਦੇ ਨਾਲ ਗੱਲਾਂ ਕਰਦਾ ਸੀ

ਮੇਰੇ ਨਾਲ ਗਲਾਂ ਕਰਦਾ ਉਹ
ਕੀਹਦੇ ਨਾਲ ਕਰਦਾ ਸੀ
ਮੈਨੂੰ ਅਜ ਤਕ ਪਤਾ ਨਹੀਂ ਲੱਗਾ

ਬੋਲਦਾ ਬੋਲਦਾ
ਮੈਥੋਂ ਦਸ ਕਦਮ ਅਗੇ ਨਿਕਲ ਜਾਂਦਾ
ਕਦੇ ਪੰਦਰਾਂ ਵੀ
ਓਵੇਂ ਹੁੰਗਾਰੇ ਭਰਦਾ ਇਸ਼ਾਰੇ ਕਰਦਾ
ਹਾਂ ਨਾਂਹ ਵਿਚ ਸਿਰ ਹਿਲਾਉਂਦਾ

ਜਦ ਕਦੇ ਠੇਡਾ ਵਜਦਾ
ਪੈਰ ਟੋਏ ਵਿਚ ਟਿਕਦਾ
ਉਹ ਸਿਰ ਛੰਡਦਾ,
ਪਿੱਛੇ ਮੁੜ ਕੇ ਵੇਂਹਦਾ
ਭੁੱਲੇ ਬੰਦੇ ਵਾਙੂੰ ਮੁਸਕ੍ਰਾਉਂਦਾ
ਮੈਨੂੰ ਨਾਲ ਰਲਾਉਣ ਲਈ
ਖੜ੍ਹ ਜਾਂਦਾ।

ਮੇਰੇ ਨਾਲ ਨਾਲ ਤੁਰਦਾ ਉਹ
ਕੀਹਦੇ ਨਾਲ ਤੁਰਦਾ ਸੀ
ਮੈਨੂੰ ਅਜ ਤਕ ਪਤਾ ਨਹੀਂ ਲੱਗਾ।
ਤੇ ਨਾ ਹੀ ਪਤਾ ਲਗਾ
ਉਹਨੇ ਅਗਲਾ ਕਦਮ
ਕਿਸ ਧਰਤੀ ਤੇ ਰਖਣਾ ਸੀ।
ਪਟਿਆਲੇ ਦੀ ਮਾਲ ਰੋਡ ਤੋ
ਉਠਿਆ ਪੈਰ
ਵਾਲਟ ਵਿਟਮਨ ਦੀ ਖੁੱਲੀ ਸੜਕ ਤੇ ਟਿਕਦਾ
ਦੁਆਬੇ ਦੇ ਬਾਗ ਚੋਂ
ਅੰਬ ਤੋੜਦੇ ਹੱਥ ਵਿਚ
ਅਦਨ ਦੇ ਬਾਗ ਦਾ ਸੇਬ ਹੁੰਦਾ
ਮੈਨੂੰ ਝੂੰਦਾਂ ਦੀ ਰੋਹੀ ਚ ਛਡ
ਉਹ ਮਾਛੀਵਾੜੇ ਦੇ ਜੰਗਲ `ਚ
ਕੰਡੇ ਮਿਧਦਾ ਫਿਰਦਾ

ਐਤਕੀਂ ਜਿੱਥੇ ਵੀ ਗਿਆ ਹੈ
ਮੁੜਿਆ ਨਹੀਂ
ਪਰ ਮੈਨੂੰ ਅਜੇ ਵੀ ਲਗਦੈ
ਉਹ ਦਸ ਪੰਦਰਾਂ ਕਦਮ ਦੀ
ਵਿਥ ਤੇ ਖੜ੍ਹ ਜਾਵੇਗਾ
ਤੇ ਪਿੱਛੇ ਮੁੜ ਕੇ ਵੇਖੇਗਾ

ਸਾਡੇ
ਰਾਹਾਂ ਤੇ ਥਾਂ ਥਾਂ ਟੋਏ
ਖਾਈਆਂ, ਰੋੜੇ ਵੱਟੇ ਹਨ
ਉਹਦਾ ਪੈਰ ਜ਼ਰੂਰ ਕਿਸੇ ਟੋਏ ਵਿਚ ਟਿਕੇਗਾ
ਕਿਸੇ ਰੋੜੇ ਨਾਲ ਠੇਡਾ ਵਜੇਗਾ


ਹਰਿੰਦਰ ਮਹਿਬੂਬ

February17, 10

ਅਮਰਗੜ ਦਾ ਬਸ ਅੱਡਾ

ਬਸ ਖੜਨ ਲਈ ਹੌਲੀ ਹੋਈ ਹੀ ਸੀ
ਉਹ ਹਥ ਹਿਲਾਉਂਦਾ ਉਹਦੇ ਨਾਲ ਨਾਲ
ਦੌੜ ਪਿਆ।

ਮੈਂ ਉਤਰਿਆ, ਉਹਦਾ

ਸਾਹ ਨਾਲ ਸਾਹ ਨਹੀ ਰਲਦਾ ਸੀ
ਮੈ ਝਿੜਕਣ ਵਾਙੂੰ ਕਿਹਾ’
ਇਕ ਮਿੰਟ ‘ਚ ਕੀ ਪਰਲੋ ਆ ਜਾਣੀ ਸੀ
‘ਬਸ ਨੇ ਹੁਣੇ ਖੜ੍ਹ ਜਾਣਾ ਸੀ”

ਉਹ ਹਸ ਪਿਆ

ਉਹਨੂੰ ਪਤਾ ਸੀ ਮੈਂ ਇਉਂ ਹੀ ਕਹਿਣਾ ਸੀ
ਮੈਨੂੰ ਪਤਾ ਸੀ ਉਹਨੇ ਇਉਂ ਹੀ ਹਸਣਾ ਸੀ


ਦੁਖ

February15, 10

“ਮੈ ਜਲੁ ਭਰਿਆ ਰੋਇ”

ਗੁਰੂ ਨਾਨਕ ਦੇਵ


ਸਿਮਰਤੀ

February10, 10

ਕਚੀਆਂ ਪਿੱਲੀਆਂ ਕਵਿਤਾਵਾਂ ਅਗਨਭੇਟ ਕਰਦਿਆਂ
ਕੋਈ ਪੰਕਿਤੀ ਅਧ ਪਚੱਧੀ
ਸ਼ਬਦ ਸੱਜਰਾ, ਅਲੰਕਾਰ ਨਿਆਰਾ
ਸਾਂਭ ਲੈਂਦਾ ਹਾਂ

ਇਹ ਗੁਰ ਮੈਂ ਅਪਣੀ ਮਾਂ ਤੋਂ
ਸਿਖਿਆ ਹੈ
ਉਹ ਹੰਢੇ ਪਾਟੇ ਕੁੜਤੇ ਸਿਟਦੀ
ਉਨ੍ਹਾਂ ਦੇ ਬਟਨ ਸਾਂਭ ਲੈਂਦੀ ਸੀ
ਕਹਿੰਦੀ ਹੁੰਦੀ ਸੀ
ਕੋਈ ਵੀ ਚੀਜ ਸਾਰੀ ਦੀ ਸਾਰੀ
ਸਿਟਣ ਵਾਲੀ ਨਹੀਂ ਹੁੰਦੀ

ਕੁੜਤੇ ਤੋ ਬਟਨ ਗੁਆਚਦਾ
ਅਸੀ ਉਹਦੇ ਅਗੇ ਖੜ੍ਹ ਜਾਂਦੇ
ਉਹ ਸੂਈ ਧਾਗੇ ਵਾਲੇ ਛਿੱਕੂ ਚੋਂ
‘ਗਦਾਮਾਂ’ ਵਾਲੀ ਸ਼ੀਸੀ ਕਢਦੀ
ਥੁਕ ਨਾਲ ਤਿੱਖਾ ਕਰਕੇ ਧਾਗਾ
ਸੂਈ ਦੇ ਨੱਕੇ `ਚ ਪਰੋਂਦੀ ਅਖ ਸੁਕੇੜ ਕੇ
ਬਟਨ ਦੀ ਮੋਰੀ ਚੋ ਸੂਈ ਕਢਦੀ
ਡਰਕੇ ਢਿਡ ਲੱਕੇ ਨਾਲ ਲਗ ਜਾਂਦੇ
ਉਹ ਬਟਨ ਲਾ ਕੇ, ਫਾਲਤੂ ਧਾਗਾ
ਦੰਦਾਂ ਨਾਲ ਟੁਕਦੀ ਕਸੇ ਢਿਡ ਤੇ
ਕੁਤ ਕੁਤੀ ਕਢ ਦਿੰਦੀ ਸੀ।

‘ਮਾਂ ਇਹ ਬਟਨ ਤਾਂ ਨਵਿਆਂ ਨਾਲ ਰਲ਼ਦਾ ਨਹੀਂ’
ਅਸੀਂ ਕਹਿੰਦੇ
‘ਕੋਈ ਨੀ ਪੁਤ, ਨਵਿਆਂ ਦਾ ਵੀ
ਏਹੀ ਰੰਗ ਹੋ ਜਾਣੈ ਦਸ ਦਿਨ ਹੰਢ ਕੇ
ਕੋੲ ਰੰਗ ਸਦਾ ਪੱਕਾ ਨਹੀਂ ਰਹਿੰਦਾ’।

ਮੈਂ ਖਿੰਡੀਆਂ ਕਵਿਤਾਵਾਂ ਚੋਂ
ਸ਼ਬਦ ਚੁਣ ਚੁਣ ਕੇ
ਸ਼ੀਸ਼ੀ ਵਿਚ ਪਾ ਰਿਹਾ ਹਾਂ
ਕਦੇ ਕਦੇ ਕੋਈ ਅਥਰੂ ਵੀ
ਉਨ੍ਹਾਂ ਵਿਚ ਰਲ ਜਾਂਦਾ ਹੈ।


ਉਡਣੇ ਸੱਪ ਦਾ ਡੰਗ

February2, 10

ਹਰ ਵਸਤ

ਉਡਣੇ ਸੱਪ ਵਾਙੂੰ ਮੇਰੇ ਮੱਥੇ

ਡੰਗ ਮਾਰਦੀ ਹੈ

ਮੈਂ ਹੋਰ ਜਿਉਂ ਉਠਦਾ ਹਾਂ


ਸੂਰਜਮੁਖੀ

January30, 10

ਸੂਰਜ ਛਿਪਿਆ

ਸੂਰਜਮੁਖੀ

ਰਿਹਾ ਖਿੜਿਆ


ਵਾਕ ਤੇ ਵਿਚਾਰ

December12, 09

ਚਾਹ ਪੀ ਰਿਹਾ ਹਾਂ। ਸੋਚ ਲਿਖਣ ਬਾਰੇ ਰਿਹਾ ਹਾਂ। ਪਿਆਲਾ ਸਹਿਜ ਭਾਅ ਬੁਲ੍ਹਾਂ ਤਕ ਪਹੁੰਚ ਜਾਂਦਾ ਹੈ। ਵਾਕ ਉੰਗਲਾਂ ਤਕ ਨਹੀਂ ਪਹੁੰਚਦਾ। ਵਿਚਾਲੇ ਸੋਚ ਅੜ ਜਾਂਦੀ ਹੈ। ਜਨਮ ਲੈਣ ਤੋਂ ਪਹਿਲਾਂ ਵਾਕ ਨੂੰ ਵਿਚਾਰ ਦੀ ਪਰਵਾਨਗੀ ਲੈਣੀ ਪੈਂਦੀ ਹੈ। ਬਹੁਤੇ ਵਾਕ ਗਰਭਪਾਤ ਹੋ ਜਾਂਦੇ ਹਨ। ਮੈਨੂੰ ਪਤਾ ਵੀ ਨਹੀਂ ਲਗਦਾ ਮੈਂ ਕਿੰਨਾ ਹਿੰਸਕ ਹਾਂ। ਕਲਮ ਨਾਲ ਨਹੀਂ, ਕੁਹਾੜੇ ਨਾਲ ਲਿਖਦਾ ਹਾਂ।

ਮੈਂ ਧਰਤੀ ਵਾਙੂੰ ਮਿਹਰਬਾਨ ਨਹੀਂ ਜਿਹੜੀ ਹਰ ਘਾਹ ਫੂਸ ਨੂੰ ਉਗਣ ਦਿੰਦੀ ਹੈ। ਕਿਸੇ ਨਾਲ ਦੁਰੈਤ ਨਹੀਂ ਕਰਦੀ। ਖਰਬੂਜੇ ਨਾਲ ਕੌੜਤੁੰਮੇ ਨੂੰ ਵੀ ਥਾਂ ਦਿੰਦੀ ਹੈ। ਅੰਬ ਤੇ ਅੱਕ ਦੋਹਾਂ ਦੀਆਂ ਜੜ੍ਹਾਂ ਨੂੰ ਇਕੋ ਜਿਹਾ ਪਾਲਦੀ ਹੈ।

ਸਹਿਅੰਗੀ ਦੇ ਕਾਲੇ ਰੇਸ਼ਮੀ ਵਾਲਾਂ ਵਿਚ ਉੰਗਲਾ ਫੇਰਨ ਲਗਦਾ ਹਾਂ। ਵਿਚਾਰ ਆਉਂਦਾ ਹੈ ਇਕ ਦਿਨ ਇਹ ਸਣਕੁਕੜਾ ਬਣ ਜਾਣਗੇ। ਉਂਗਲਾਂ ਰੁਕ ਜਾਂਦੀਆਂ ਹਨ। ਵਿਚਾਰ ਜਿਉਣ ਤਾਂ ਦਿੰਦਾ ਹੈ ਪਰ ਜਿਉਣ ਦਾ ਜਸ਼ਨ ਨਹੀਂ ਕਰਨ ਦਿੰਦਾ। ਨਾ ਖੇਡਦੈ ਨਾ ਖੇਡਣ ਦਿੰਦੈ। ਖੁੱਤੀ ਵਿਚ ਮੂਤਦੈ।

ਕਵਿਤਾ ਲਿਖਣ ਵੇਲੇ ਮੈਨੂੰ ਵਿਚਾਰ ਨਾਲ ਯੁੱਧ ਕਰਨਾ ਪੈਂਦਾ ਹੈ। ਯੁੱਧ ਵਿਚ ਹਾਰ ਜਿਤ ਦੋਵੇਂ ਬੇਅਰਥ ਹਨ। ਹਾਰਿਆ ਬੰਦੀਘਰ ਵਿਚ ਰਹਿੰਦਾ ਹੈ ਜੇਤੂ ਯੁੱਧ ਭੂਮੀ ਵਿਚ। ਦੋਵੇ ‘ਭੂਮ ਰੰਗਾਵਲੀ’ ਤੋਂ ਵਿਜੋਗੇ ਜਾਂਦੇ ਹਨ ਜਿੱਥੇ ਫੁੱਲ ਖਿੜਦੇ ਹਨ, ਬੱਚੇ ਹਸਦੇ ਹਨ  ਤੇ ਕਵੀ ਕੱਸੀ ਉਤੇ ਬੈਠ ਕੇ ਕਬਿਤ ਜੋੜਦੇ ਹਨ।


Follow

Get every new post delivered to your Inbox.